ਪਰਦੇਸ
ਭਾਗ - 11
ਅਸੀਂ ਖਾਣ ਪੀਣ ਦਾ ਸਾਮਾਨ, ਲੈ ਕੇ ਨਿਕਲੇ ਤਾਂ ਬਾਹਰ ਕੁਤੇਬ ਦਾ ਟਰੱਕ ਆ ਗਿਆ ਤੇ ਸਾਨੂੰ ਧੱਕੇ ਮਾਰ ਕੇ ਵਿੱਚ ਬਿਠਾ ਲਿਆ। ਡਰਦੇ ਕੀ ਨਾ ਕਰਦੇ, ਸਾਰੀ ਰਾਤ ਰੇਤ ਦੇ ਬੋਰੇ ਭਰਦੇ ਰਹੇ ਤੇ ਸਾਡੇ ਸਾਹਮਣੇ ਵਿਚਾਰੀ ਗੰਗਾ ਦਾ ਰੇਪ ਕੀਤਾ ਗਿਆ ਚਾਰ ਭੇੜੀਆਂ ਵੱਲੋਂ। ਅਸੀਂ ਸੋਚਦੇ ਸੀ ਵਾਕਈ ਰੱਬ ਹੈ ? ਅਸੀਂ ਹੁਣੇ ਹੀ ਰੱਬ ਦੇ ਘਰੋਂ ਆਏ ਸੀ ਅਰਦਾਸਾਂ ਕਰਕੇ। ਗੰਗਾ ਦੀਆਂ ਚੀਕਾਂ ਸੁਣਕੇ ਬਹੁਤ ਹੀ ਦਿਲ ਦੁਖੀ ਹੋ ਰਿਹਾ ਸੀ। ਮੇਰਾ ਖ਼ਿਆਲ ਲੋਕਾਂ ਦਾ ਵਿਸ਼ਵਾਸ ਹੈ ਕਿ ਰੱਬ ਹੈ ਪਰ ਮੇਰਾ ਫਿਰ ਵੀ ਰੱਬ ਤੋਂ ਵਿਸ਼ਵਾਸ ਉੱਠ ਗਿਆ। ਫਿਰ ਸੋਚਿਆ, ਮਨਾਂ ਹੌਸਲਾ ਰੱਖ, ਜੇ ਭਗਵਾਨ ਹੈ ਤਾਂ ਉੱਥੇ ਸ਼ੈਤਾਨ ਵੀ ਹੈ। ਇੰਜ ਤਾਂ ਸੀਤਾ ਨੂੰ ਵੀ ਰਾਵਣ ਚੁੱਕ ਕੇ ਲੈ ਗਿਆ ਸੀ। ਉਸ ਨਾਲ ਕੀ ਬੀਤੀ, ਇਹ ਤਾਂ ਰਮਾਇਣ ਵਿੱਚ ਨਹੀਂ ਲਿਖਿਆ ਗਿਆ। ਜੇ ਸੋਚੀਏ ਤਾਂ ਰਾਵਣ ਚੁੱਕ ਕੇ ਲੈ ਗਿਆ ਸੀ ਤਾਂ ਉਸਦਾ ਕੋਈ ਤਾਂ ਮਕਸਦ ਹੋਵੇਗਾ ? ਹੋਰ ਉਹ ਸੀਤਾ ਕੋਲੋਂ ਰੱਖੜੀ ਬੰਨ੍ਹਾਉਣ ਤਾਂ ਨਹੀਂ ਲੈ ਗਿਆ ਸੀ ? ਸਵੇਰ ਵੇਲੇ ਸਾਨੂੰ ਉਨ੍ਹਾਂ ਟਰੱਕ ਵਿੱਚ ਬਿਠਾਇਆ ਤੇ ਜਿਥੋਂ ਚੁੱਕਿਆ ਸੀ, ਉੱਥੇ ਹੀ ਛੱਡ ਦਿੱਤਾ। ਹੁਣ ਇੱਥੇ ਰਹਿਣ ਦਾ ਕੋਈ ਹਾਲ ਨਹੀਂ ਸੀ। ਪਰ ਕਰ ਵੀ ਕੀ ਸਕਦੇ ਸੀ। ਇਸੇ ਤਰ੍ਹਾਂ ਲੁਕਦੇ ਛਿਪਦੇ ਕੰਮ ਕਰਦੇ ਗਏ ਦੋ ਕੁ ਹਫ਼ਤੇ ਸੁੱਖ ਦੇ ਲੰਘੇ ਸੀਰੀਆ ਨੇ ਸੀਸ ਫ਼ਾਇਰ ਦਿੱਤਾ। ਅਮਰੀਕਾ ਨੇ ਵਿੱਚ ਵਿਚੋਲਾ ਬਣ ਕੇ ਸੁਲਾਹ ਕਰਾਉਣੀ ਸੀ। ਜਦੋਂ ਰੇਡੀਓ ਤੋਂ ਖ਼ਬਰ ਸੁਣੀ ਤਾਂ ਮਨ ਨੂੰ ਕੁਝ ਤਸੱਲੀ ਜਿਹੀ ਹੋ ਗਈ।
ਕੰਮ ਫਿਰ ਆਪਣੀ ਲੀਹੇ ਤੁਰ ਪਿਆ। ਮਹੀਨੇ ਕੁ ਬਾਦ ਦੀ ਗੱਲ ਆ ਕਿ ਇੰਦਰਾ ਗਾਂਧੀ ਦਾ ਕਤਲ ਹੋ ਗਿਆ। ਖ਼ਬਰ ਚਾਰੇ ਪਾਸੇ ਫੈਲ ਗਈ। ਸਾਡਾ ਫੋਰਮੈਨ ਆਇਆ ਤੇ ਕਹਿੰਦਾ ਸਿੱਖਾਂ ਨੇ ਇੰਦਰਾ ਗਾਂਧੀ ਮਾਰ ਦਿੱਤੀ ਹੈ ਲਉ ਇਸੇ ਖੁਸ਼ੀ ਵਿੱਚ ਖੁਸ਼ੀਆਂ ਮਨਾਉ ਤੇ ਉਹ ਸਾਨੂੰ ਚਾਰ ਬੋਤਲਾਂ ਸ਼ਰਾਬ ਦੀਆਂ ਦੇ ਗਿਆ ਤੇ ਕਹਿੰਦਾ ਕੰਮ ਤੋਂ ਬਾਦ ਘਰ ਜਾ ਕੇ ਪੀਓ ਪਰ ਲੜਾਈ ਨਾ ਕਰਿਓ। ਪਰ ਪੰਜਾਬੀ ਮੁਫ਼ਤ ਦੀ ਪੀ ਕੇ ਕਿੱਥੇ ਟਿਕਦੇ ਹਨ। ਇੱਕ ਮੁੰਡਾ ਸਾਡੇ ਨਾਲ ਇੰਦਰਾ ਗਾਂਧੀ ਦੇ ਬਾਰੇ ਬਹਿਸ ਵਿੱਚ ਪੈ ਗਿਆ। ਕਰਦੇ ਕਰਾਉਂਦੇ ਨੇ ਭਿੰਡਰਾਂ ਵਾਲਿਆਂ ਵਿਰੁੱਧ ਕੁਝ ਅਪਸ਼ਬਦ ਬੋਲ ਦਿੱਤੇ। ਅਸੀਂ ਢਾਹ ਲਿਆ ਅਤੇ ਦੇਹ ਤੇਰੇ ਦੀ ਛਿੱਤਰ ਤੇ ਛਿੱਤਰ। ਉਹਨੂੰ ਪਤਾ ਸੀ ਪਈ ਅੱਜ ਸਾਰੀ ਰਾਤ ਉਹਦੀ ਖ਼ੈਰ ਨਹੀਂ। ਉਹ ਭੱਜਕੇ ਬਾਹਰ ਚਲੇ ਗਿਆ ਤੇ ਟੈਕਸੀ ਨੂੰ ਹੱਥ ਦੇ ਕੇ ਫੋਰਮੈਨ ਦੇ ਘਰੇ ਪਹੁੰਚ ਗਿਆ। ਰਾਤ ਉੱਥੇ ਹੀ ਰਿਹਾ ਤੇ ਦੂਸਰੇ ਦਿਨ ਫੋਰਮੈਨ ਦੇ ਨਾਲ ਹੀ ਆਇਆ ਤੇ ਉਹਦੇ ਤਰਲੇ ਕੱਢੇ ਪਈ ਮੈਨੂੰ ਇਨ੍ਹਾਂ ਤੋਂ ਬਚਾਓ। ਫੋਰਮੈਨ ਨੇ ਸਾਡੇ ਨਾਲ ਗੱਲਬਾਤ ਕੀਤੀ ਤੇ ਸਾਡੀ ਸੁਲਹ ਕਰਾਈ ਤੇ ਕਹਿੰਦਾ ਤੁਸੀਂ ਸਾਰੇ ਮਿਲਕੇ ਇਹਦੀ ਟੈਕਸੀ ਦਾ ਕਿਰਾਇਆ ਦਿਉ। ਅਜੇ ਵਾਅਦਾ ਕਰਕੇ ਹਟੇ ਸੀ। ਸਾਡੇ ਵਿੱਚੋਂ ਸ਼ੇਰ ਬੋਲ ਪਿਆ, ਕਹਿੰਦਾ ਹੋਣ ਤਾਂ ਟੈਕਸੀ ਦਾ ਕਿਰਾਇਆ ਦੇ ਦਿੰਦੇ ਹਾਂ ਪਰ ਅਗਲੀ ਵਾਰ ਇਹਨੂੰ ਕਹੋ ਕਿ ਟੈਕਸੀ ਤੇ ਨਹੀਂ, ਬੱਸ ਫੜਕੇ ਤੇਰੇ ਕੋਲ ਜਾਵੇ। ਫੋਰਮੈਨ ਖਚਰੀ ਜਿਹੀ ਹਾਸੀ ਹੱਸਦਾ ਪਰੇ ਨੂੰ ਖਿਸਕ ਗਿਆ, ਕਹਿੰਦਾ ਤੁਸੀਂ ਬਾਜ਼ ਨਹੀਂ ਆਉਂਦੇ।
ਸਾਡਾ ਕੰਮ ਬਹੁਤ ਵਧੀਆ ਚੱਲ ਰਿਹਾ ਸੀ। ਇੱਕ ਦਿਨ ਅਸੀਂ ਕੰਮ ਤੋਂ ਵਿਹਲੇ ਹੋ ਕੇ, ਐਤਵਾਰ ਦਾ ਦਿਨ ਸੀ, ਸੋਚਿਆ ਚਲੋ ਕਿਸੇ ਦੁਕਾਨ ਤੇ ਜਾ ਕੇ ਬੀਅਰ ਵਗੈਰਾ ਪੀਂਦੇ ਹਾਂ। ਅਸੀਂ ਅਜੇ ਡੱਟ ਖੋਲ੍ਹੇ ਹੀ ਕਿ ਕੁਤੇਬੀਏ ਆ ਗਏ। ਸਾਨੂੰ ਪੰਜ ਜਣਿਆਂ ਨੂੰ ਟਰੱਕ ਵਿੱਚ ਸੁੱਟ ਲਿਆ। ਉਸ ਦੁਕਾਨਦਾਰ ਦਾ ਨਾਂ ਸੀ ਜੋਰਜ ਆਸਿਫ, ਉਸਨੇ ਵੀ ਬੜੇ ਤਰਲੇ ਪਾਏ ਕਿ ਇਹ ਮੇਰੇ ਰੋਜ਼ਾਨਾ ਦੇ ਗਾਹਕ ਨੇ ਤੇ ਚੰਗੇ ਮੁੰਡੇ ਨੇ, ਇਨ੍ਹਾਂ ਨੂੰ ਛੱਡ ਦੇ ਦੇਵੋ ਪਰ ਉਨ੍ਹਾਂ ਇੱਕ ਨਾ ਮੰਨੀ। ਟਰੱਕ ਵਿੱਚ ਪਹਿਲਾਂ ਵੀ ਹੋਰ ਵੀ ਦਸ ਕੁ ਮੁੰਡੇ ਉਨ੍ਹਾਂ ਫੜੇ ਹੋਏ ਸਨ। ਸਾਨੂੰ ਕਹਿੰਦੇ ਭਰਾਵੋ ਤੁਸੀਂ ਕਿੱਥੇ ਫਸ ਗਏ। ਅਸੀਂ ਕਿਹਾ ਚਲੋ ਦੇਖੀ ਜਾਊ ਪਰ ਆਪਾਂ ਸਾਰੇ ਰਲ ਮਿਲਕੇ ਕੰਮ ਕਰਾਂਗੇ। ਕੁਤੇਬੀਏ ਸਾਨੂੰ ਆਪਸ ਵਿੱਚ ਗੱਲ ਨਹੀਂ ਸੀ ਕਰਨ ਦਿੰਦੇ। ਇਹ ਉਨ੍ਹਾਂ ਸਾਰਿਆਂ ਦੀ ਪਾਲਿਸੀ ਸੀ ਕਿ ਆਪਣੀ ਭਾਸ਼ਾ ਵਿੱਚ ਪਤਾ ਨਹੀਂ ਸਾਨੂੰ ਕੀ ਕਹਿ ਰਹੇ ਹੋਣ ? ਸਾਨੂੰ ਸਮੁੰਦਰ ਦੇ ਕਿਨਾਰੇ ਤੇ ਲੈ ਗਏ ਜੌਨੀ ਸ਼ਹਿਰ ਵਿੱਚ। ਉੱਥੇ ਕੋਈ ਇਕ ਬੇੜੀ ਡੁੱਬੀ ਹੋਈ ਸੀ, ਜਿਹਦਾ ਮਲਬਾ ਕੱਢ ਕੇ ਕੁਆੜ ਵਿੱਚ ਵੇਚਣਾ ਚਾਹੁੰਦੇ ਸਨ ਕੁਤੇਬੀਏ। ਸਾਨੂੰ ਸਮੁੰਦਰ ਵਿੱਚ ਵਾੜ ਦਿੱਤਾ। ਜਿਹੜਾ ਵੀ ਨਾਂਹ ਨੁੱਕਰ ਕਰਦਾ ਸੀ, ਉਹਦੀ ਸਟੇਨ ਗਨ ਦਿਆਂ ਬੱਟਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇੱਕ ਵੱਡੀ ਸਾਰੀ ਲੋਹੇ ਦੀ ਚਾਦਰ ਸੀ, ਜੀਹਨੂੰ ਬਾਹਰ ਕੱਢ ਕੇ ਟਰੱਕ ਵਿੱਚ ਲੱਦਣਾ ਸੀ ।
ਸਾਨੂੰ ਹੁਕਮ ਹੋਇਆ ਕਿ ਇਹ ਚਾਦਰ ਤੇ ਬਾਕੀ ਦਾ ਮਲਬਾ ਟਰੱਕ ਵਿੱਚ ਲੱਦਣਾ ਹੈ । ਇਹ ਕੰਮ ਚਾਹੇ ਤੁਸੀਂ ਚਾਰ ਘੰਟਿਆਂ ਵਿੱਚ ਕਰ ਦੇਵੋ ਜਾਂ ਪੂਰੇ ਦਿਨ ਵਿੱਚ। ਤੁਹਾਨੂੰ ਉਦੋਂ ਹੀ ਘਰ ਜਾਣ ਦਿੱਤਾ ਜਾਵੇਗਾ ਜਦੋਂ ਤੁਸੀਂ ਕੰਮ ਪੂਰਾ ਕਰ ਦੇਵੋ। ਮੈਂ ਸਾਰਿਆਂ ਨੂੰ ਬੇਨਤੀ ਕੀਤੀ ਪਈ ਆਪਾਂ ਸਾਰਿਆਂ ਨੇ ਮਿਲਕੇ ਇਮਾਨਦਾਰੀ ਨਾਲ ਕੰਮ ਕਰਨਾ ਹੈ, ਨਹੀਂ ਤਾਂ ਇੱਥੇ ਫਸੇ ਰਹਾਂਗੇ। ਮੈਨੂੰ ਸਮੁੰਦਰ ਵਿਚ ਤਰਨਾ ਨਹੀਂ ਆਉਂਦਾ ਪਰ ਕੁਤੇਬੀਏ ਨੇ ਹੁਕਮ ਦਿੱਤਾ ਕਿ ਤੂੰ ਤਾਕਤਵਰ ਹੈਂ ਤੇ ਤੂੰ ਜਾ ਸਮੁੰਦਰ ਵਿੱਚ। ਬਾਕੀ ਦੇ ਵੀ ਨਾਲ ਸੀ ਤੇ ਅਸੀਂ ਪੰਜ ਜਾਣੇ ਵੀ। ਮੈਂ ਗਿਆ ਤਾਂ ਪਾਣੀ ਬੜੀ ਡੂੰਘਾਈ ਵਿੱਚ ਸੀ ਤੇ ਮੈਂ ਪੈਰੋਂ ਉੱਖੜ ਗਿਆ। ਮੈਨੂੰ ਤਿੰਨ ਚਾਰ ਗੋਤੇ ਆਏ ਤੇ ਤਕਰੀਬਨ ਡੁੱਬਣ ਵਾਲਾ ਹੀ ਸੀ ਤੇ ਮੇਰੇ ਨਾਲ ਦੇ ਮੁੰਡੇ ਬਿੰਦਰ ਨੇ ਜੋ ਚੰਗੀ ਤਰ੍ਹਾਂ ਤਰਨ ਜਾਣਦਾ ਸੀ, ਉਹਨੇ ਮੈਨੂੰ ਬਾਹੋਂ ਫੜਕੇ ਇੱਕ ਧੱਕਾ ਜਿਹਾ ਦਿੱਤਾ ਤੇ ਮੇਰੇ ਪੈਰ ਜ਼ਮੀਨ ਤੇ ਲੱਗ ਗਏ ਤੇ ਮੈਂ ਮਰਨੋਂ ਬਚ ਗਿਆ। ਉਸ ਕੁਤੇਬੀਏ ਨੇ ਕੋਈ ਤਰਸ ਨਹੀਂ ਕੀਤਾ। ਬੜੇ ਪੱਥਰ ਦਿਲ ਹੁੰਦੇ ਸੀ ਕੁਤੇਬੀਏ, ਕੋਈ ਮਰੇ ਕੋਈ ਜੀਵੇ, ਉਨ੍ਹਾਂ ਨੂੰ ਕੋਈ ਤਰਸ ਨਹੀਂ ਸੀ ਆਉਂਦਾ ਸਾਡੇ ਤੇ। ਵੈਸੇ ਵੀ ਉਹ ਸਾਡੇ ਪੰਜਾਬੀਆਂ ਨੂੰ ਹਮਾਰ (ਖੋਤੇ) ਕਹਿਕੇ ਹੀ ਬੁਲਾਉਂਦੇ ਸਨ। ਲੋਹੇ ਦੀ ਚਾਦਰ ਕਾਫ਼ੀ ਲੰਮੀ ਸੀ, ਅਸੀਂ ਖਿੱਚਕੇ ਬਾਹਰ ਕੱਢੀ। ਫਿਰ ਸਾਨੂੰ ਕਹਿੰਦੇ ਕਿ ਇਹਨੂੰ ਟਰੱਕ ਵਿੱਚ ਲੱਦ ਦਿਉ। ਕੋਈ ਦਸ ਕੁ ਫੁੱਟ ਲੰਮੀ ਤੇ ਅੱਠ ਕੁ ਫੁੱਟ ਚੌੜੀ ਸੀ, ਕਾਫੀ ਭਾਰੀ ਸੀ ।
ਲੇਖਕ - ਅਮਰਜੀਤ ਚੀਮਾਂ
+1(716)908-3631