Saturday, December 13, 2025

Articles

ਪਰਦੇਸ (ਭਾਗ - 9)

September 28, 2023 11:25 AM
Amarjeet Cheema (Writer from USA)

ਪਰਦੇਸ

ਭਾਗ - 9

ਫੋਰਮੈਨ ਪੂਰੇ ਸਾਡੇ ਹੱਕ ਵਿੱਚ ਸਨ। ਮੇਰੀ ਸੱਟ ਲੱਗਣ ਨਾਲ ਲੱਤ ਦੀ ਸੋਜ ਬਹੁਤ ਵੱਧ ਗਈ। ਫੋਰਮੈਨ ਨੇ ਮੈਨੂੰ ਕਾਰ ਵਿਚ ਬਿਠਾਇਆ ਤੇ ਹਸਪਤਾਲ ਲੈ ਗਿਆ। ਉਨ੍ਹਾਂ ਮੈਨੂੰ ਤਿੰਨ ਦਿਨ ਹਸਪਤਾਲ ਵਿਚ ਰੱਖਿਆ ਤੇ ਛੁੱਟੀ ਦੇ ਦਿੱਤੀ ਤੇ ਕਿਹਾ ਕਿ ਦੋ ਹਫ਼ਤੇ ਕੰਮ ਤੋਂ ਛੁੱਟੀ। ਫੋਰਮੈਨ ਹਰ ਰੋਜ਼ ਮੇਰੀ ਖ਼ਬਰ ਲੈਣ ਹਸਪਤਾਲ ਜਾਂਦਾ ਸੀ ਤੇ ਉਹਦੇ ਨਾਲ ਮੇਰੇ ਕਮਰੇ ਵਾਲੇ ਹੋਰ ਦੋਸਤ ਵੀ ਜਾਂਦੇ ਸਨ। ਮੈਂ ਘਰ ਆ ਗਿਆ ਤੇ ਕੁਝ ਰੈਸਟ ਤਾਂ ਮਿਲ ਗਈ ਪਰ ਇਹ ਗੱਲ ਮੈਨੂੰ ਖਾਈ ਜਾਵੇ ਕਿ ਮੈਂ ਦੋ ਹਫ਼ਤੇ ਦੀ ਕਮਾਈ ਦਾ ਘਾਟਾ ਕਿਵੇਂ ਪੂਰਾ ਕਰਾਂਗਾ। ਦੋ ਹਫ਼ਤੇ ਬਾਦ ਫੋਰਮੈਨ ਘਰ ਆਇਆ ਤੇ ਮੈਨੂੰ ਇੱਕ ਲਿਫ਼ਾਫ਼ਾ ਫੜਾ ਕੇ ਕਹਿੰਦਾ ਕਿ ਕਿਸੇ ਨੂੰ ਦੱਸੀਂ ਨਾ ਤੇਰੀ ਦੋ ਹਫਤੇ ਦੀ ਤਨਖ਼ਾਹ ਤੇ ਤੇਰੇ ਇਲਾਜ ਦੇ ਪੈਸੇ ਵੀ ਕੰਪਨੀ ਦੇ ਜੁੰਮੇ ਪਾ ਦਿੱਤੇ ਕਿ ਸੱਟ ਕੰਮ ਤੇ ਲੱਗੀ ਸੀ। ਮੇਰੀ ਖੁਸ਼ੀ ਦਾ ਕੋਈ ਅੰਤ ਨਹੀਂ ਸੀ। ਇਹ ਤਾਂ ਇੱਕ ਕਿਸਮ ਦਾ ਮਿਹਨਤ ਦਾ ਮੁੱਲ ਹੀ ਸੀ। ਇਸੇ ਤਰ੍ਹਾਂ ਟਾਇਮ ਲੰਘਦਾ ਗਿਆ ਤੇ ਸਾਡੇ ਵਿਰੋਧੀਆਂ ਨੇ ਗੁੱਝੀਮਾਰ ਮਾਰ ਦਿੱਤੀ। ਤਲਵੰਡੀ ਕੂਕਿਆਂ ਦਾ ਇੱਕ ਮੁੰਡਾ ਜਾਣੀ ਸਾਡੀ ਵਿਰੋਧੀ ਪਾਰਟੀ ਦੇ ਪਿੰਡ ਦਾ। ਉਹ ਸਾਡੇ ਨਾਲ ਨਹੀਂ ਸੀ ਰਹਿੰਦਾ ਪਰ ਇੱਕ ਦਿਨ ਇਨ੍ਹਾਂ ਨੂੰ ਮਿਲਣ ਆਇਆ ਨਾਂ ਸੀ ਉਹਦਾ ਚੇਤੂ। ਸ਼ਰਾਬੀ ਕਬਾਬੀ ਬੰਦਾ ਸੀ,ਕਦੇ ਕਿਸੇ ਪਿੰਡ ਦੇ ਕੋਲ ਚਲੇ ਗਿਆ, ਕਦੇ ਕਿਸੇ। ਸ਼ਰਾਬ ਪੀ ਛੱਡਣੀ ਤੇ ਰੋਟੀ ਖਾ ਛੱਡਣੀ। ਨਾ ਕੋਈ ਘਰ ਸੀ ਨਾ ਘਾਟ ਸੀ ਤੇ ਨਾ ਕੋਈ ਕੰਮਕਾਰ ਸੀ।

ਉਹਨੇ ਸਾਡੇ ਚਹੁੰ ਜਣਿਆਂ ਦੇ ਪਾਸਪੋਰਟ ਚੋਰੀ ਕਰ ਲਏ। ਅਸੀਂ ਕਦੇ ਕਮਰੇ ਨੂੰ ਜਿੰਦਾ ਨਹੀਂ ਸੀ ਲਾਇਆ। ਸਾਨੂੰ ਪਤਾ ਵੀ ਸ਼ਾਇਦ ਮਹੀਨੇ ਬਾਦ ਲੱਗਾ। ਸਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਅਸੀਂ ਵਿਰੋਧੀਆਂ ਨੂੰ ਬਹੁਤ ਕਿਹਾ ਕਿ ਤੁਹਾਡੇ ਤੋਂ ਬਗੈਰ ਸਾਡੇ ਪਾਸਪੋਰਟ ਹੋਰ ਕੋਈ ਚੋਰੀ ਨਹੀਂ ਕਰ ਸਕਦਾ। ਉਨ੍ਹਾਂ ਵਿੱਚੋਂ ਹੀ ਸਾਨੂੰ ਇੱਕ ਭੇਤੀ ਨੇ ਦੱਸਿਆ ਪਈ ਤੁਹਾਡੇ ਪਾਸਪੋਰਟ ਚੇਤੂ ਨੇ ਚੋਰੀ ਕੀਤੇ ਹਨ। ਉਨ੍ਹਾਂ ਦਿਨਾਂ ਵਿੱਚ ਪਾਸਪੋਰਟ 1500 ਲੀਰੇ ਵਿੱਚ ਵਿਕ ਜਾਂਦਾ ਸੀ। ਹੁਣ ਲਿਬਨਾਨ ਤੇ ਸੀਰੀਆ ਵਿੱਚ ਲੜਾਈ ਲੱਗ ਗਈ। ਉਧਰੋਂ ਇਧਰੋਂ ਕਾਫ਼ੀ ਗੋਲਾਬਾਰੀ ਹੁੰਦੀ ਸੀ। ਹੁਣ ਕੁਤੇਬ ਵਾਲਿਆਂ ਨੂੰ ਰੇਤਾ ਦੇ ਬੋਰੇ ਭਰਨ ਵਾਲਿਆਂ ਦੀ ਬੜੀ ਜ਼ਰੂਰਤ ਸੀ। ਉਹ ਸਾਡੀ ਰਿਹਾਇਸ਼ ਤੇ ਕੰਮ ਤੇ ਮੁੰਡਿਆਂ ਦੀ ਭਾਲ ਕਰਦੇ ਰਹਿੰਦੇ ਸਨ। ਸਾਡਾ ਰਹਿਣਾ ਬੇਹਾਲ ਕਰ ਦਿੱਤਾ। ਕੰਮ ਤਾਂ ਇੱਕ ਪਾਸੇ ਉਹ ਕੁੱਟਦੇ ਵੀ ਬਹੁਤ ਸਨ। ਇੱਕ ਦਿਨ ਮੈਂ ਤੇ ਰਾਣਾ ਕੰਮ ਤੋਂ ਆ ਰਹੇ ਸੀ, ਪਿੱਛੋਂ ਕੁਤੇਬੀਆ ਦਾ ਜੌਘਾ ਆਇਆ ਤੇ ਸਾਨੂੰ ਵਿੱਚ ਸੁੱਟ ਲਿਆ ਨਾਲੇ ਕੁੱਟਿਆ ਮਾਰਿਆ ਤੇ ਰਾਤ ਨੂੰ ਇੱਕ ਟੁਆਇਲਟ ਵਿੱਚ ਬੰਦ ਕਰ ਦਿੱਤਾ, ਅਸੀਂ ਸਾਰੀ ਰਾਤ ਅੰਦਰ ਹੀ ਬਹਿਕੇ ਰਾਤ ਕੱਟੀ। ਅਸੀਂ ਕਿਹੜਾ ਗੁਰੂ ਪੀਰ ਨਹੀਂ ਧਿਆਇਆ ਪਈ ਅੱਜ ਸਾਡੀ ਜਾਨ ਬਚਾ ਲੈ। ਜੋ ਸਵੇਰ ਦੇ ਗਿਆਰਾਂ ਕੁ- ਵਜੇ ਅਸੀਂ ਉਡੀਕ ਰਹੇ ਸੀ ਕਿ ਕੋਈ ਨਾ ਕੋਈ ਤਾਂ ਸਾਡੀ ਖ਼ਬਰ ਲੈਣ ਆਵੇਗਾ ਹੀ ? ਪਰ ਕੋਈ ਨਾ ਆਇਆ। ਗੇਟ ਵਲ ਡਰਦੇ ਅਸੀਂ ਹੱਥ ਵੀ ਨਹੀਂ ਲਾਉਂਦੇ ਸੀ ਕੇ ਕੀ ਪਤਾ ਕਦੋਂ ਆਵੇ ਤੇ ਕਹੇ ਕਿ ਤੁਸੀਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸੀ।

ਫਿਰ ਮੈਂ ਰੱਬ ਦਾ ਨਾਂ ਲੈ ਕੇ ਗੇਟ ਵੱਲ ਆਇਆ ਤਾਂ ਦੇਖਿਆ ਕਿ ਗੇਟ ਖੁੱਲਾ ਸੀ ਉਹ ਲਾੱਕ ਲਾਉਣਾ ਭੁੱਲ ਗਿਆ ਸੀ। ਅਸੀਂ ਸੋਚਿਆ ਦੇਖੀ ਜਾਊ, ਗੋਲੀ ਹੀ ਮਾਰ ਦੇਣਗੇ, ਇਸ ਤੋਂ ਵੱਧ ਕੀ ਹੋਊ। ਵੈਸੇ ਵੀ ਤਾਂ ਅੰਦਰ ਭੁੱਖਿਆਂ ਮਰ ਹੀ ਜਾਣਾ ਸੀ। ਮੈਂ ਗੇਟ ਖੋਲ ਕੇ ਬਾਹਰ ਦੇਖਿਆ ਸੜਕ ਵਾਲੇ ਪਾਸੇ ਸ਼ੱਟਰ ਲੱਗਿਆ ਹੋਇਆ ਸੀ। ਅਸੀਂ ਸ਼ੱਟਰ ਨੂੰ ਦੋਨਾਂ ਪਾਸਿਉਂ ਹੌਲੀ ਹੌਲੀ ਚੱਕ ਕੇ ਦੇਖਿਆ ਤਾਂ ਸ਼ੱਟਰ ਵੀ ਬਾਹਰੋਂ ਖੁੱਲਾ ਸੀ, ਕੁੰਡੀ ਨਹੀਂ ਲੱਗੀ ਹੋਈ ਸੀ। ਕੋਈ ਰੱਬ ਦਾ ਕ੍ਰਿਸ਼ਮਾ ਜੋ ਸਾਨੂੰ ਬਚਾਉਣ ਲਈ ਸੀ। ਅਸੀਂ ਰੱਬ ਦਾ ਨਾਂ ਲੈ ਕੇ ਸ਼ੱਟਰ ਚੁੱਕਿਆ ਤਾਂ ਉਹ ਸਾਡੇ ਗੋਡਿਆਂ ਬਰਾਬਰ ਉੱਪਰ ਚੁੱਕਿਆ ਗਿਆ। ਅਸੀਂ ਲੰਮੇ ਪੈ ਕੇ ਬਾਹਰ ਨਿੱਕਲੇ ਤਾਂ ਚੌਕ ਵੱਲ ਨੂੰ ਹੋ ਤੁਰੇ। ਅਸੀਂ ਇੱਕ ਪਲ ਵੀ ਇੱਥੇ ਰੁਕਣਾ ਨਹੀਂ ਸੀ ਚਾਹੁੰਦੇ। ਚੌਂਕ ਵਿੱਚ ਹੀ ਕੁਤੇਬੀਆਂ ਦਾ ਦਫ਼ਤਰ ਸੀ ਤੇ ਚੌਂਕ ਵਿੱਚੋਂ ਹੀ ਸਾਨੂੰ ਟੈਕਸੀ ਮਿਲਣੀ ਸੀ। ਅਸੀਂ ਟੈਕਸੀ ਫੜੀ ਘਰੇ ਆ ਕੇ ਆਪਣੇ ਕੱਪੜੇ ਚੇਂਜ ਕੀਤੇ ਤੇ ਦੂਰ ਸਾਡਾ ਇੱਕ ਮਿੱਤਰ ਕੰਮ ਕਰਦਾ ਸੀ, ਉਸ ਕੋਲ ਪਹੁੰਚ ਗਏ। ਕੋਈ 4-5 ਦਿਨ ਬਾਦ ਅਸੀਂ ਵਾਪਸ ਆਏ। ਕਈ ਲੋਕ ਉੱਥੇ ਚੰਗੇ ਵੀ ਨੇ ਤੇ ਬਾਹਲੇ ਨਫ਼ਰਤ ਵੀ ਕਰਦੇ ਸਨ ਕਿ ਇਨ੍ਹਾਂ ਨੇ ਸਾਡੀਆਂ ਜੌਬਾਂ ਸਾਥੋਂ ਖੋਹ ਲਈਆਂ। ਅਸੀਂ ਪੈਸੇ ਉਨ੍ਹਾਂ ਤੋਂ ਘੱਟ ਲੈਂਦੇ ਸਾਂ ਤੇ ਕੰਮ ਵੀ ਜ਼ਿਆਦਾ ਕਰਦੇ ਹਾਂ। ਕਹਿੰਦੇ ਨੇ ਸਭ ਨੂੰ ਕੰਮ ਪਿਆਰਾ ਹੁੰਦਾ ਹੈ ਚੰਮ ਨਹੀਂ।

ਹੁਣ ਲੜਾਈ ਦਿਨੋ ਦਿਨ ਵਧਦੀ ਜਾ ਰਹੀ ਸੀ, ਬੰਬ ਡਿੱਗਦੇ ਹੀ ਰਹਿੰਦੇ ਸਨ। ਸਾਡੀ ਬਦਕਿਸਮਤੀ ਇਹ ਸੀ ਕਿ ਸਾਡੀ ਰਿਹਾਇਸ਼ ਪਰੈਸੀਡੈਂਟ ਦੇ ਕੋਲ ਸੀ। ਸੀਰੀਆ ਵਾਲੇ ਬੰਬ ਸੁੱਟਦੇ ਸਨ, ਸ਼ੇਖ ਦੀ ਕੋਠੀ ਤੇ ਪਰ ਡਿੱਗ ਪੈਂਦੇ ਸਨ ਆਲੇ ਦੁਆਲੇ ਦੇ ਮਕਾਨਾਂ ਤੇ ਇੱਕ ਦਿਨ ਸ਼ਾਮ ਨੂੰ ਅਸੀਂ ਕੰਮ ਤੋਂ ਆ ਕੇ ਨਹਾ ਕੇ ਰੋਟੀ ਦੀ ਤਿਆਰੀ ਕਰ ਰਹੇ ਸੀ ਕਿ ਤਿੰਨ ਬੰਬ ਫਟਣ ਦੀ ਆਵਾਜ਼ ਆਈ। ਅਸੀਂ ਸਾਰੇ ਜਣੇ ਫਟਾ ਫਟ ਥੱਲੇ ਲੰਮੇ ਪੈ ਗਏ। ਨਾਲ ਇੱਕ ਖੁਰਲੀ ਜਿਹੀ ਬਣੀ ਹੋਈ ਸੀ ਜੋ ਸ਼ਾਇਦ ਭੇਡਾਂ ਨੂੰ ਪਾਣੀ ਪਿਲਾਉਣ ਵਾਸਤੇ ਸੀ। ਉਸ ਦੇ ਸਹਾਰੇ ਸਾਡੀ ਜਾਨ ਬੱਚ ਗਈ ਤੇ ਬੰਬ ਦੀਆਂ ਕਿੰਕਰਾਂ ਸਾਡੇ ਉੱਤੇ ਦੀ ਖਿੱਲਰ ਰਹੀਆਂ ਸਨ। ਜੇ ਕਿਤੇ ਉਹੀ ਬੰਬ 30 ਮੀਟਰ ਦੀ ਦੂਰੀ ਤੇ ਸਾਡੇ ਵਾਲੇ ਪਾਸੇ ਨੂੰ ਡਿੱਗਿਆ ਹੁੰਦਾ ਤਾਂ ਸਾਡਾ ਨਾਮੋ ਨਿਸ਼ਾਨ ਨਹੀਂ ਸੀ ਲੱਭਣਾ। ਸਾਡੇ ਕੋਲ ਇਕ ਰੇਡੀਓ ਹੁੰਦਾ ਸੀ, ਉਸ ਤੇ ਸ਼ਾਮ ਨੂੰ ਪੰਜਾਬੀ ਖ਼ਬਰਾਂ ਆਉਂਦੀਆਂ ਸਨ । /1M610 ਤੇ। ਅਸੀਂ ਲੜਾਈ ਬਾਰੇ ਸੁਣਦੇ ਰਹਿੰਦੇ ਸੀ ਕਿ ਕਦੋਂ ਇਹ ਆਫਤ ਖ਼ਤਮ ਹੋਵੇ। ਜਾਨ ਮੁੱਠੀ ਵਿੱਚ ਆਈ ਰਹਿੰਦੀ ਸੀ, ਪਤਾ ਨਹੀਂ ਕਦੋਂ ਮੌਤ ਦੇ ਮੂੰਹ ਵਿੱਚ ਜਾ ਪਈਏ। ਦਿਨੇ ਅਸੀਂ ਕੰਮ ਕਰਨਾ ਤੇ ਰਾਤ ਨੂੰ ਕੁਤੇਬ ਵਾਲਿਆਂ ਆ ਧਮਕਣਾ ਕਿ ਚਲੋ ਭਰੋ ਰੇਤਾ ਦੇ ਬੋਰੇ। ਅਸੀਂ ਲਹਿੰਦੇ ਵੱਲ ਨੂੰ ਨਿਗਾ ਮਾਰਨੀ ਤਾਂ ਸਮੁੰਦਰ ਵਿੱਚ ਅਮਰੀਕੀ ਬੇੜਾ ਖੜ੍ਹਾ ਕੀਤਾ ਸੀ। ਸਾਨੂੰ ਉਸ ਤੇ ਉਮੀਦਾਂ ਸਨ ਕਿ ਕਦੇ ਨਾ ਕਦੇ ਇਨ੍ਹਾਂ ਮੁਲਕਾਂ ਦਾ ਸਮਝੌਤਾ ਕਰਾ ਦੇਊ ਪਰ ਅਮਰੀਕਾ ਦੀ ਹਮੇਸ਼ਾ ਇਹ ਨੀਤੀ ਰਹੀ ਹੈ ਕਿ ਦੋਹਾਂ ਮੁਲਕਾਂ ਨੂੰ ਲੜਾਓ ਤੇ ਆਪਣੇ ਹਥਿਆਰ ਵੇਚੋ  

                                                                                                                                                                                                                 ਲੇਖਕ - ਅਮਰਜੀਤ ਚੀਮਾਂ
                                                                                                                                                                                                                   +1(716)908-3631

Have something to say? Post your comment