ਅੱਜ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਪ੍ਰਧਾਨ ਪਰਦੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ 20 ਸਤੰਬਰ ਨੂੰ ਮੀਟਿੰਗ ਸਕੱਤਰੇਤ, ਚੰਡੀਗੜ੍ਹ ਵਿਖੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਨਾਲ ਹੋਈ। ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਟਾਲ- ਮਟੋਲ ਦੀ ਨੀਤੀ ਪਹਿਲੀਆ ਹੋਈਆਂ ਮੀਟਿੰਗਾਂ ਦੀ ਤਰ੍ਹਾਂ ਹੀ ਕੰਪਿਊਟਰ ਅਧਿਆਪਕਾਂ ਪ੍ਰਤੀ ਦਿਖਾਈ ਗਈ ਜਿਸ ਕਾਰਨ ਜੱਥੇਬੰਦੀ ਵਲੋਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਹੱਕ- ਸੱਚ ਦੀ ਅਵਾਜ ਬੁਲੰਦ ਕਰਨ ਖਾਤਰ ਅਤੇ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਉਣ ਲਈ ਖਟਕੜ ਕਲ੍ਹਾਂ, ਨਵਾ ਸ਼ਹਿਰ ਵਿਖੇ ਰੋਸ ਰੈਲੀ ਕਰਨ ਦਾ ਫੈਸਲਾ ਲਿਆ ਗਿਆ। ਬੇਸ਼ੱਕ 15 ਸਤੰਬਰ 2022 ਅਤੇ ਬਾਅਦ ਵਿੱਚ ਅਨੇਕਾਂ ਵਾਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਅਖਬਾਰਾਂ, ਸ਼ੋਸ਼ਲ ਮੀਡੀਆ ਅਤੇ ਆਮ ਆਦਮੀ ਪਾਰਟੀ ਦੇ ਵੱਖ-2 ਮੰਚਾਂ ਤੇ ਕੰਪਿਊਟਰ ਅਧਿਆਪਕਾਂ ਨੁੰ ਦੀਵਾਲੀ ਦੇ ਮੌਕੇ ਤੇ ਬਣਦੇ ਲਾਭ ਦੇਣ ਦਾ ਐਲਾਨ ਕੀਤਾ ਸੀ ਜੋ ਇੱਕ ਸਾਲ ਬੀਤ ਜਾਣ ਉਪਰੰਤ ਵੀ ਪੂਰਾ ਨਹੀਂ ਕੀਤਾ ਗਿਆ। ਜਿਕਰਯੋਗ ਹੈ ਕਿ ਜੁਲਾਈ 2011 ਨੂੰ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਕੰਪਿਊਟਰ ਅਧਿਆਪਕਾਂ ਨੂੰ ਪੰਜਾਬ ਸਿਵਲ ਸਰਵਿਸ ਸੇਵਾਵਾਂ ਤਹਿਤ ਰੈਗੂਲਰ ਕੀਤਾ ਗਿਆ ਪਰ ਅੱਜ ਤੱਕ ਇਹ ਨੋਟੀਫਿਕੇਸ਼ਨ ਪੂਰਨ ਤੌਰ ਤੇ ਕੰਪਿਊਟਰ ਅਧਿਆਪਕਾਂ ਤੇ ਲਾਗੂ ਨਹੀ ਕੀਤਾ ਗਿਆ।
ਕੰਪਿਊਟਰ ਅਧਿਆਪਕਾਂ ਦਾ 6ਵਾਂ ਤਨਖਾਹ ਕਮਿਸ਼ਨ, ਏ.ਸੀ.ਪੀ. ਅਤੇ ਹੋਰ ਵਿੱਤੀ ਲਾਭ ਜਬਰੀ ਰੋਕੇ
ਜੱਥੇਬੰਦੀ ਦੇ ਆਗੂਆ ਨੇ ਜਾਣਕਾਰੀ ਦਿੰਦਿਆ ਕਿਹਾ ਕੰਪਿਊਟਰ ਅਧਿਆਪਕਾਂ ਦਾ 6ਵਾਂ ਤਨਖਾਹ ਕਮਿਸ਼ਨ, ਏ.ਸੀ.ਪੀ. ਅਤੇ ਹੋਰ ਵਿੱਤੀ ਲਾਭ ਜਬਰੀ ਰੋਕੇ ਹਨ ਜਿਨ੍ਹਾਂ ਨੂੰ ਤਰੂੰਤ ਲਾਗੂ ਕੀਤਾ ਜਾਵੇ, 90 ਦੇ ਕਰੀਬ ਮਿ੍ਰਤਕ ਕੰਪਿਊਟਰ ਅਧਿਆਪਕਾਂ ਦੇ ਪਰਿਵਾਰ ਜੋ ਸੜਕਾਂ ਤੇ ਰੁੱਲ ਰਹੇ ਹਨ, ਪੰਜਾਬ ਸਰਕਾਰ ਨੇ ਉਹਨਾਂ ਨੂੰ ਨਾ ਹੀ ਨੌਕਰੀ ਦਿੱਤੀ, ਨਾ ਹੀ ਕੋਈ ਵਿੱਤੀ ਸਹਾਇਤਾ ਕੀਤੀ ਗਈ ਜਿਸ ਕਾਰਨ ਮਿਤੀ 13, 14, 15 ਅਕਤੂਬਰ ਨੂੰ ਸੰਗਰੂਰ ਵਿਖੇ ਚੇਤਾਵਨੀ ਤਹਿਤ ਤਿੰਨ ਦਿਨਾਂ ਦਾ ਸੰਕੇਤਕ ਧਰਨਾ ਲਗਾਇਆ ਜਾਵੇਗਾ ਜਿਸ ਰਾਹੀ ਸੰਗਰੂਰ ਦੇ ਬਜਾਰਾਂ ਵਿੱਚ ਪੈਂਫਲਿਟ ਰਾਹੀਂ ਆਮ ਜਨਤਾ ਨੂੰ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੂੰ ਉਜਾਗਰ ਕੀਤਾ ਜਾਵੇਗਾ। ਜੇਕਰ ਫਿਰ ਵੀ ਕੰਪਿਊਟਰ ਅਧਿਆਪਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ 22 ਅਕਤੂਬਰ ਨੂੰ ਜਿਲ੍ਹਾ ਪੱਧਰੀ ਦੁਸਹਿਰੇ ਦੇ ਨਜਦੀਕ ਪੰਜਾਬ ਸਰਕਾਰ ਦੀ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ। ਜੇਕਰ ਪੰਜਾਬ ਸਰਕਾਰ ਇਸ ਸਮੇਂ ਦੌਰਾਨ ਕੰਪਿਊਟਰ ਅਧਿਆਪਕਾਂ ਦੇ ਮਸਲਿਆਂ ਦਾ ਕੋਈ ਹੱਲ ਨਹੀਂ ਲੈ ਆਉਂਦੀ ਤਾਂ 29 ਅਕਤੂਬਰ ਨੂੰ ਸੰਗਰੂਰ ਵਿਖੇ ਹੱਲਾ-ਬੋਲ ਰੈਲੀ ਕੀਤੀ ਜਾਵੇਗੀ ਜਿਸ ਦੀ ਸਮੁੱਚੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਪਰਦੀਪ ਕੁਮਾਰ ਤੋਂ ਬਿਨਾ ਜਤਿੰਦਰ ਕੁਮਾਰ, ਵੀਨਾ ਰਾਣੀ, ਜਸਵੀਰ ਸਿੰਘ, ਨਿਰਭੈ ਸਿੰਘ, ਗੁਰਬਿੰਦਰ ਸਿੰਘ ਮਹਿਤਾ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਕਿਰਨਦੀਪ ਸਿੰਘ, ਵਿਕਾਸ ਕੁਮਾਰ, ਅਵਤਾਰ ਸਿੰਘ ਕੁਤਬਾ, ਰਾਧੇ ਸ਼ਿਆਮ, ਅਵਤਾਰ ਸਿੰਘ ਸਿੱਧੂ, ਚਰਨਜੀਤ ਸਿੰਘ, ਧਰਮਪਾਲ, ਤਰਸੇਮ ਸਿੰਘ, ਵਿਪੁਲ ਕੁਮਾਰ, ਮੋਨੂੰ ਗੁਪਤਾ, ਹਰਪਾਲ ਕੌਰ, ਸੁਖਜੀਤ ਕੌਰ, ਸੁਮਨਦੀਪ ਕੌਰ ਅਤੇ ਹੋਰ ਕੰਪਿਊਟਰ ਅਧਿਆਪਕ ਹਾਜਰ ਸਨ।