ਪਟਿਆਲਾ (ਦਲਜਿੰਦਰ ਸਿੰਘ) : ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਵਿਤਕਰਾ ਬੰਦ ਕਰਕੇ ਸੂਬੇ ਦੇ ਆਰ.ਡੀ.ਐਫ਼. ਦਾ ਕਰੀਬ 5000 ਕਰੋੜ ਰੁਪਏ ਤੁਰੰਤ ਜਾਰੀ ਕਰੇ। ਵਿੱਤ ਮੰਤਰੀ ਚੀਮਾ ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਰੌਣੀ ਵਿਖੇ ਕਿਸਾਨ ਮੇਲੇ ਦਾ ਉਦਘਾਟਨ ਕਰਨ ਪੁੱਜੇ ਹੋਏ ਸਨ।
ਵਿੱਤ ਮੰਤਰੀ ਨੇ ਦੱਸਿਆ ਕਿ ਆਰ.ਡੀ.ਐਫ. ਜਾਰੀ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਕੇਂਦਰ ਨੂੰ ਸਿੱਧੇ ਪੱਤਰ ਵੀ ਲਿਖੇ ਸਨ ਅਤੇ ਹੁਣ ਰਾਜਪਾਲ ਨੂੰ ਵੀ ਇਸ ਬਾਬਤ ਕਾਰਵਾਈ ਕਰਨ ਲਈ ਲਿਖਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਰ.ਡੀ.ਐਫ. ਦੀ ਵਰਤੋਂ ਕਿਸੇ ਹੋਰ ਪਾਸੇ ਕਰ ਲਈ ਸੀ ਪਰੰਤੂ ਹੁਣ ਪੰਜਾਬ ਸਰਕਾਰ ਨੇ ਐਕਟ ਵਿੱਚ ਸੋਧ ਕਰਕੇ ਕੇਂਦਰ ਸਰਕਾਰ ਨੂੰ ਭੇਜੀ ਹੈ ਕਿ ਇਹ ਪੈਸਾ ਕੇਵਲ ਕਿਸਾਨਾਂ ਤੇ ਮੰਡੀਕਰਨ ਢਾਂਚੇ 'ਤੇ ਹੀ ਖਰਚ ਕੀਤਾ ਜਾਵੇਗਾ, ਇਸ ਲਈ ਆਰ.ਡੀ.ਐਫ਼ ਤੁਰੰਤ ਜਾਰੀ ਕੀਤਾ ਜਾਵੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਸਥਾਪਨਾ ਦੇ ਮੰਤਵ ਨੂੰ ਪੂਰਾ ਕਰ ਰਹੀ ਹੈ।
ਕਿਸਾਨਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਹ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਪਣੇ ਸਥਾਪਨਾ ਦੇ ਮੰਤਵ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੇ ਕਿਸਾਨਾਂ ਦੀ ਉਨਤੀ, ਖੁਸ਼ਹਾਲੀ ਅਤੇ ਖੇਤੀ ਹੋਰ ਵੀ ਚੰਗੇ ਤਰੀਕੇ ਨਾਲ ਕਰਨ ਲਈ ਨਵੀਂ ਖੇਤੀ ਨੀਤੀ ਦਾ ਖਰੜਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਇਸ ਲਈ ਖੇਤੀਬਾੜੀ ਯੂਨੀਵਰਸਿਟੀ ਵਿਖੇ ਮੁੱਖ ਮੰਤਰੀ ਨੇ ਦੋ ਕਿਸਾਨ ਮਿਲਣੀਆਂ ਕੀਤੀਆਂ ਤੇ ਕਿਸਾਨਾਂ ਸਮੇਤ ਹੋਰ ਭਾਈਵਾਲਾਂ ਦੇ ਸੁਝਾਓ ਵੀ ਇਸ ਖੇਤੀ ਨੀਤੀ ਲਈ ਹਾਸਲ ਕੀਤੇ ਗਏ ਹਨ।
ਪੰਜਾਬ ਸਰਕਾਰ ਨੇ ਜਿੱਥੇ ਖੇਤੀ ਬਜਟ ਹਰ ਸਾਲ ਵਧਾਉਣ ਦਾ ਫੈਸਲਾ ਕੀਤਾ
ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਖੇਤੀ ਨੂੰ ਹੋਰ ਵਿਗਿਆਨ ਲੀਹਾਂ 'ਤੇ ਲਿਜਾਣ ਲਈ ਪੰਜਾਬ ਸਰਕਾਰ ਨੇ ਜਿੱਥੇ ਖੇਤੀ ਬਜਟ ਹਰ ਸਾਲ ਵਧਾਉਣ ਦਾ ਫੈਸਲਾ ਕੀਤਾ ਹੈ, ਉਥੇ ਹੀ ਖੇਤੀਬਾੜੀ ਯੂਨੀਵਰਸਿਟੀ ਨੂੰ ਵੀ ਖੇਤੀ ਖੋਜਾਂ ਲਈ ਮੰਗ ਮੁਤਾਬਕ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਵਿੱਤ ਮੰਤਰੀ ਨੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਚਾਵਲਾਂ ਦੇ ਬਾਦਸ਼ਾਹ ਤੇ ਪ੍ਰਸਿੱਧ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੂੰ ਪੰਜਾਬ ਦੇ ਕਿਸਾਨਾਂ ਲਈ ਝੋਨੇ ਦੀਆਂ ਕਿਸਮਾਂ ਦੀ ਖੋਜ ਕਰਨ ਬਦਲੇ ਸਨਮਾਨਤ ਵੀ ਕੀਤਾ। ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਕੈਨੇਡਾ ਨਾਲ ਵਿਗੜੇ ਸਬੰਧਾਂ ਦਾ ਪੰਜਾਬ ਤੇ ਪੰਜਾਬੀਆਂ ਉਪਰ ਬਹੁਤ ਅਸਰ ਪਵੇਗਾ ਇਸ ਲਈ ਮਸਲੇ ਦੇ ਸੰਜੀਦਾ ਹੱਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੈਨੇਡਾ ਦੇ ਆਪਣੇ ਹਮਰੁਤਬਾ ਨਾਲ ਗੱਲ ਕਰਕੇ ਦੁਵੱਲੇ ਸਬੰਧਾਂ ਨੂੰ ਤੁਰੰਤ ਸੁਧਾਰਨਾ ਚਾਹੀਦਾ ਹੈ ਤਾਂ ਕਿ ਇਸ ਦਾ ਪੰਜਾਬੀਆਂ ਉਪਰ ਕੋਈ ਮਾੜਾ ਅਸਰ ਨਾ ਪਵੇ।
ਪੰਜਾਬ ਦਾ ਖ਼ਜਾਨਾ ਲੋਕਾਂ ਦਾ ਖ਼ਜਾਨਾ ਹੈ
ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਖ਼ਜਾਨਾ ਲੋਕਾਂ ਦਾ ਖ਼ਜਾਨਾ ਹੈ ਅਤੇ ਸਰਕਾਰ ਇਸ ਨੂੰ ਲਗਾਤਾਰ ਤੰਦਰੁਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਚੋਰ ਮੋਰੀਆਂ ਬੰਦ ਕਰਕੇ ਖ਼ਜਾਨਾ ਭਰਿਆ ਗਿਆ ਹੈ ਅਤੇ ਹੁਣ ਲੀਡਰਾਂ ਦੇ ਘਰ ਜਾਣ ਦੀ ਥਾਂ ਪੈਸਾ ਲੋਕਾਂ ਦੀ ਭਲਾਈ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਆਬਕਾਰੀ ਨੀਤੀ ਨਾਲ 44 ਫੀਸਦੀ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ ਤੇ ਲਗਪਗ 3000 ਕਰੋੜ ਰੁਪਏ ਸਾਲਾਨਾ ਵੱਧ ਕਮਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿੱਤ ਮੰਤਰੀ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ।
ਇਸ ਮੌਕੇ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ, ਡਾ. ਜਸਵਿੰਦਰ ਸਿੰਘ ਸੋਢੀ, ਐਸ.ਡੀ.ਐਮ. ਡਾ. ਇਸਮਤ ਵਿਜੇ ਸਿੰਘ, ਡਾ. ਗੁਰਉਪਦੇਸ਼ ਕੌਰ, ਡਾ. ਸੋਨਿੰਦਰ ਗੁਪਤਾ, ਅਤੇ ਵੱਡੀ ਗਿਣਤੀ ਕਿਸਾਨ ਵੀ ਮੌਜੂਦ ਸਨ। ਇਸ ਦੌਰਾਨ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਕਣਕ, ਛੋਲਿਆਂ ਤੇ ਹੋਰ ਫ਼ਸਲਾਂ ਦੇ ਬੀਜ ਵੀ ਕਿਸਾਨਾਂ ਨੂੰ ਪ੍ਰਦਾਨ ਕੀਤੇ ਗਏ। ਇਸ ਦੌਰਾਨ ਫ਼ਸਲ ਵਿਗਿਆਨੀਆਂ ਤੇ ਹੋਰ ਮਾਹਰਾਂ ਨੇ ਆਪਣੇ ਸੁਝਾਓ ਕਿਸਾਨਾਂ ਨਾਲ ਸਾਂਝੇ ਕੀਤੇ ਤੇ ਮੇਲੇ ਮੌਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਕਣਕ ਬੀਜਣ ਵਾਲੀ ਮਸ਼ੀਨ ਸਰਫੇਸ ਸੀਡਰ ਕਿਸਾਨਾਂ ਤੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੀ ਜਦਕਿ ਦਰਸ਼ਕਾਂ ਨੇ ਵੱਖ-ਵੱਖ ਪ੍ਰਦਰਸ਼ਨੀਆਂ ਦਾ ਵੀ ਲਾਭ ਲਿਆ।