ਬਾਲੀਵੁੱਡ ਮਸ਼ਹੂਰ ਅਦਾਕਾਰਾ ਕਰੀਨਾ ਕਪੂਰ ਦਾ ਜਨਮ 21 ਸਤੰਬਰ 1980 ਨੂੰ ਹੋਇਆ ਸੀ। ਫ਼ਿਲਮ 'ਰਫਿਊਜੀ' 'ਚ ਆਪਣੀ ਅਦਾਕਾਰੀ ਲਈ ਕਰੀਨਾ ਕਪੂਰ ਨੂੰ ਬੈਸਟ 'ਫਿਲਮਫੇਅਰ ਫੀਮੇਲ ਡੈਬਿਊ' ਐਵਾਰਡ ਮਿਲਿਆ। ਸਾਲ 2001 'ਚ ਉਸ ਦੀ ਦੂਜੀ ਫ਼ਿਲਮ 'ਮੁਜੇ ਕੁਛ ਕਹਿਨਾ ਹੈ' ਰਿਲੀਜ਼ ਹੋਈ। ਇਸ ਤੋਂ ਬਾਅਦ ਕਰੀਨਾ ਡਾਇਰੈਕਟਰ ਕਰਨ ਜੌਹਰ ਵਲੋਂ ਨਿਰਦੇਸ਼ਿਤ ਫ਼ਿਲਮ 'ਕਭੀ ਖੁਸ਼ੀ ਕਭੀ ਗਮ' 'ਚ ਨਜ਼ਰ ਆਈ। 2002 ਅਤੇ 2003 'ਚ ਲਗਾਤਾਰ ਕਈ ਫ਼ਿਲਮਾਂ 'ਚ ਕਰੀਨਾ ਨੂੰ ਅਸਫਲਤਾ ਹਾਸਲ ਹੋਈ ਅਤੇ ਫਿਰ ਫ਼ਿਲਮ 'ਚਮੇਲੀ' 'ਚ ਦੇਹ ਵਪਾਰ ਕਰਨ ਵਾਲੀ ਕੁੜੀ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਕਰੀਨਾ ਦੇ ਕਰੀਅਰ ਦੀ ਦਿਸ਼ਾ ਹੀ ਬਦਲ ਗਈ। ਇਸ ਫ਼ਿਲਮ 'ਚ ਆਪਣੀ ਅਦਾਕਾਰੀ ਲਈ ਉਨ੍ਹਾਂ ਨੂੰ ਫਿਲਮਫੇਅਰ 'ਸਪੈਸ਼ਲ ਪਰਫਾਮੈਂਸ' ਐਵਾਰਡ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 2007 'ਚ ਪ੍ਰਦਰਸ਼ਿਤ ਫ਼ਿਲਮ 'ਜਬ ਵੀ ਮੇਟ' 'ਚ ਆਪਣੇ ਪ੍ਰਦਰਸ਼ਨ ਲਈ ਕਰੀਨਾ ਨੂੰ ਫਿਲਮਫੇਅਰ 'ਬੈਸਟ ਅਭਿਨੇਤਰੀ' ਐਵਾਰਡ ਮਿਲਿਆ। ਜਨਮਦਿਨ ਦੇ ਖ਼ਾਸ ਮੌਕੇ ਤੁਹਾਨੂੰ ਕਰੀਨਾ ਕਪੂਰ ਦੀ ਕੁੱਲ ਸੰਪਤੀ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।
ਖ਼ਬਰਾਂ ਅਨੁਸਾਰ, ਕਰੀਨਾ ਕਪੂਰ ਦੀ ਕੁੱਲ ਜਾਇਦਾਦ ਲਗਭਗ 60 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਰੁਪਏ ਦੇ ਹਿਸਾਬ ਨਾਲ ਲਗਭਗ 485-490 ਕਰੋੜ ਰੁਪਏ ਹੈ। ਕਰੀਨਾ ਦੀ ਸਾਲਾਨਾ ਕਮਾਈ ਲਗਭਗ 10-12 ਕਰੋੜ ਰੁਪਏ ਹੈ, ਜਦੋਂ ਕਿ ਮਹੀਨਾਵਾਰ ਆਧਾਰ 'ਤੇ ਇਹ ਅੰਕੜਾ 1 ਕਰੋੜ ਰੁਪਏ ਤੋਂ ਵੱਧ ਹੈ।
ਜੇਕਰ ਕਰੀਨਾ ਕਪੂਰ ਦੀ ਕਮਾਈ ਦੇ ਸਰੋਤ 'ਤੇ ਨਜ਼ਰ ਮਾਰੀਏ ਤਾਂ ਅਦਾਕਾਰਾ ਦੀ ਕਮਾਈ ਦਾ ਮੁੱਖ ਸਰੋਤ ਉਸ ਦੀਆਂ ਫ਼ਿਲਮਾਂ ਹਨ। ਇਸ ਤੋਂ ਇਲਾਵਾ ਕਰੀਨਾ ਕਈ ਮਸ਼ਹੂਰ ਕੰਪਨੀਆਂ ਦੀ ਬ੍ਰਾਂਡ ਅੰਬੈਸਡਰ ਬਣ ਕੇ ਕਰੋੜਾਂ ਰੁਪਏ ਚਾਰਜ ਕਰਦੀ ਹੈ। ਇੰਨਾ ਹੀ ਨਹੀਂ ਕਰੀਨਾ ਕਈ ਤਰ੍ਹਾਂ ਦੇ ਟੀ. ਵੀ. ਵਿਗਿਆਪਨਾਂ ਰਾਹੀਂ ਵੀ ਮੋਟੀ ਕਮਾਈ ਕਰਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਕਰੀਨਾ ਇੱਕ ਫ਼ਿਲਮ ਕਰਨ ਲਈ ਲਗਭਗ 10 ਕਰੋੜ ਰੁਪਏ ਦੀ ਮੋਟੀ ਫੀਸ ਲੈਂਦੀ ਹੈ।
ਕਰੀਨਾ ਕਪੂਰ ਨੇ ਜਮਨਾਬਾਈ ਨਰਸੀ ਸਕੂਲ ਮੁੰਬਈ ਤੋਂ ਸ਼ੁਰੂਆਤੀ ਪੜ੍ਹਾਈ ਤੋਂ ਬਾਅਦ ਦੇਹਰਾਦੂਨ ਦੇ ਵੇਹਲਮ ਗਰਲਸ ਸਕੂਲ ਤੋਂ 12ਵੀਂ ਦੀ ਪੜ੍ਹਾਈ ਕੀਤੀ। ਕਰੀਨਾ ਨੇ ਇਕ ਇੰਟਰਵਿਊ 'ਚ ਖੁਦ ਕਬੂਲਿਆ ਸੀ ਕਿ ਸਕੂਲੀ ਦਿਨਾਂ 'ਚ ਉਸ ਨੂੰ ਜਿਵੇਂ ਹੀ ਛੁੱਟੀ ਮਿਲਦੀ ਤਾਂ ਉਹ ਮੁੰਬਈ ਆ ਕੇ ਆਪਣੀ ਭੈਣ ਕਰਿਸ਼ਮਾ ਨਾਲ ਫ਼ਿਲਮਾਂ ਦੇ ਸੈੱਟ 'ਤੇ ਚਲੀ ਜਾਂਦੀ ਸੀ। ਹੋਲੀ-ਹੋਲੀ ਫ਼ਿਲਮਾਂ 'ਚ ਕਰੀਨਾ ਦੀ ਦਿਲਚਸਪੀ ਦਾ ਅਸਰ ਉਸ ਦੀ ਪੜ੍ਹਾਈ 'ਤੇ ਵੀ ਪੈਣ ਲੱਗਾ।