ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਖ਼ਜ਼ਾਨੇ ਦੇ ਸ਼ੈਡੋ ਐਕਸਚੈਕਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਆਪਣੇ ਲੀਡਰ ਕੀਰ ਸਟਾਰਮਰ ਦਾ ਧੰਨਵਾਦ ਕੀਤਾ ਹੈ। ਢੇਸੀ ਨੇ ਕਿਹਾ ਹੈ ਕਿ ਕੀਰ ਸਟਾਰਮਰ ਨੇ ਮੈਨੂੰ ਆਪਣੇ ਫਰੰਟਬੈਂਚ ਵਿਚ ਜਾਰੀ ਰੱਖਣ ਦਾ ਫ਼ੈਸਲਾ ਲੈਂਦਿਆਂ ਸਾਡੀ ਅਗਲੀ ਚਾਂਸਲ ਰੇਚਲ ਰੀਵਜ਼ ਨਾਲ ਖਜ਼ਾਨੇ ਦੇ ਸ਼ੈਡੋ ਐਕਸਚੈਕਰ ਸੈਕਟਰੀ ਵਜੋਂ ਜੁੜਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਅਰਥ ਸ਼ਾਸਤਰ ਏ-ਪੱਧਰ, ਗਣਿਤ ਦੀ ਡਿਗਰੀ, ਅਪਲਾਈਡ ਸਟੈਟਿਸਟਿਕਸ ਵਿਚ ਮਾਸਟਰਸ, ਅਤੇ ਆਪਣਾ ਕਾਰੋਬਾਰ ਸ਼ੁਰੂ ਕਰਨ ਅਤੇ ਚਲਾਉਣ ਦੇ ਨਾਲ, ਮੈਂ ਉਸ ਸਬੰਧਿਤ ਗਿਆਨ ਅਤੇ ਜੀਵਨ ਦੇ ਅਨੁਭਵ ਨੂੰ ਆਪਣੀ ਨਵੀਂ ਭੂਮਿਕਾ ਵਿਚ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ। ਇਕ ਚੋਟੀ ਦੀ ਪ੍ਰਤਿਭਾਸ਼ਾਲੀ ਖਜ਼ਾਨਾ ਟੀਮ ਵਿਚ ਕੰਮ ਕਰਨ ਲਈ ਉਤਸ਼ਾਹਤ ਹਾਂ।
ਤਨਮਜੀਤ ਸਿੰਘ ਢੇਸੀ ਨੇ ਅੱਗੇ ਲਿਖਿਆ ਕਿ 3 ਸਾਲਾਂ ਤੋਂ ਵੱਧ ਸਮੇਂ ਤੋਂ ਸ਼ੈਡੋ ਰੇਲਵੇ ਮੰਤਰੀ ਵਜੋਂ ਸੇਵਾ ਨਿਭਾਉਣਾ, ਐੱਮ.ਪੀ. ਲੁਈਸ ਹੇਗ ਅਤੇ ਨੰਬਰ ਇਕ ਟ੍ਰਾਂਸਪੋਰਟ ਟੀਮ ਦੇ ਨਾਲ ਕੰਮ ਕਰਨਾ ਇਕ ਬਹੁਤ ਵੱਡਾ ਸਨਮਾਨ ਹੈ। ਮੈਂ ਇਸ ਸਰਕਾਰ ਵੱਲੋਂ ਸਹਾਇਤਾ ਅਤੇ ਦੇਖਭਾਲ ਦੀ ਘਾਟ ਦੇ ਬਾਵਜੂਦ, ਰੇਲ ਸਟਾਫ ਦੇ ਸ਼ਾਨਦਾਰ ਕੰਮ ਅਤੇ ਜਨੂੰਨ ਨੂੰ ਨੇੜੇ ਤੋਂ ਦੇਖਿਆ ਹੈ। ਲੇਬਰ ਪਾਰਟੀ ਦੀ ਸਰਕਾਰ ਵਿਚ ਅਸੀਂ ਆਪਣੀ ਰੇਲਵੇ ਨੂੰ ਮੁੜ ਲੀਹ 'ਤੇ ਲਿਆਵਾਂਗੇ - ਉਚਿਤ ਨਿਵੇਸ਼ ਪ੍ਰਦਾਨ ਕਰਨਾ, ਇੱਕ ਜਨਤਕ ਮਲਕੀਅਤ ਵਾਲਾ ਨੈਟਵਰਕ, ਬਿਜਲੀਕਰਨ ਦਾ ਰੋਲਿੰਗ ਪ੍ਰੋਗਰਾਮ, ਯਾਤਰੀ ਫੋਕਸ ਵਿਚ ਸੁਧਾਰ ਕਰਨਾ ਅਤੇ ਹੋਰ ਬਹੁਤ ਕੁਝ। ਮੈਂ ਜਾਣਦਾ ਹਾਂ ਕਿ ਲੂ, ਟੀਮ ਅਤੇ ਮੇਰੇ ਉੱਤਰਾਧਿਕਾਰੀ ਐੱਮ.ਪੀ. ਸਟੀਫਨ ਮੋਰਗਨ ਸਾਡੇ ਦੇਸ਼ ਲਈ ਚੰਗੀਆਂ ਸੇਵਾਵਾਂ ਪ੍ਰਦਾਨ ਕਰਨਗੇ।