Wednesday, July 02, 2025

Malwa

ਬਲਾਕ ਪੱਧਰੀ ਖੇਡਾਂ 'ਚ ਭੁਨਰਹੇੜੀ ਬਲਾਕ ਦੇ ਖਿਡਾਰੀਆਂ ਨੇ ਦਿਖਾਏ ਆਪਣੀ ਖੇਡ ਪ੍ਰਤਿਭਾ ਦੇ ਜੌਹਰ

September 05, 2023 04:58 PM
SehajTimes

ਬਲਾਕ ਭੁਨਰਹੇੜੀ 'ਚ 1500 ਦੇ ਕਰੀਬ ਖਿਡਾਰੀਆਂ ਨੇ ਲਿਆ ਹਿੱਸਾ

ਪਟਿਆਲਾ : 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੱਲ ਰਹੇ ਬਲਾਕ ਪੱਧਰੀ ਮੁਕਾਬਲਿਆਂ ਦਾ ਅੱਜ ਦੂਜਾ ਪੜਾਅ ਸ਼ੁਰੂ ਹੋਇਆ ਜਿਸ 'ਚ ਬਲਾਕ ਭੁਨਰਹੇੜੀ ਦੇ ਸ਼ਹੀਦ ਊਧਮ ਸਿੰਘ ਸਟੇਡੀਅਮ ਵਿਖੇ 1500 ਦੇ ਕਰੀਬ ਖਿਡਾਰੀਆਂ ਨੇ ਆਪਣੇ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ। ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਸਿਮਰਨਜੀਤ ਕੌਰ ਪਠਾਣਮਾਜਰਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਨੈਸ਼ਨਲ ਸਟਾਈਲ ਕਬੱਡੀ ਵਿੱਚ ਅੰਡਰ 14 ਲੜਕਿਆਂ ਦੇ ਸੈਮੀ ਫਾਈਨਲ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਡਾਣਾ ਨੇ ਸਰਕਾਰੀ ਹਾਈ ਸਕੂਲ ਭਸਮੜਾ ਦੀ ਟੀਮ ਨੂੰ 27-20 ਦੇ ਫ਼ਰਕ ਨਾਲ ਹਰਾਇਆ। ਫਾਈਨਲ ਮੈਚ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਡਾਣਾ ਦੀ ਟੀਮ ਨੇ ਜੱਜ ਮਾਡਰਨ ਸਕੂਲ ਦੀ ਟੀਮ ਨੂੰ 32-23 ਦੇ ਫ਼ਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
ਇਸੇ ਤਰ੍ਹਾਂ ਖੋ-ਖੋ ਅੰਡਰ 14 ਲੜਕਿਆਂ ਵਿੱਚ ਸਰਕਾਰੀ ਮਿਡਲ ਸਕੂਲ ਜੂਲਕਾ ਨੇ ਪਹਿਲਾ ਸਥਾਨ ਅਤੇ ਸਰਕਾਰੀ ਮਿਡਲ ਸਕੂਲ ਕਰਤਾਰਪੁਰ ਚਰਾਸੋਂ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 14 ਲੜਕੀਆਂ ਵਿੱਚ ਸਰਕਾਰੀ ਹਾਈ ਸਕੂਲ ਦੁਧਨਸਾਧਾਂ ਨੇ ਪਹਿਲਾ ਸਥਾਨ ਅਤੇ ਸਰਕਾਰੀ ਮਿਡਲ ਸਕੂਲ ਕਰਤਾਰਪੁਰ ਚਰਾਸੋਂ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।
ਜ਼ਿਲ੍ਹਾ ਖੇਡ ਅਫ਼ਸਰ ਨੇ ਗੁਰਵਿੰਦਰ ਸਿੰਘ ਕਨਵੀਨਰ, ਨਵਿੰਦਰ ਸਿੰਘ ਕੋ-ਕਨਵੀਨਰ, ਨਵਜੋਤਪਾਲ ਸਿੰਘ, ਮੁਹੰਮਦ ਲਤੀਫ, ਸ਼ਹਿਨਾਜ ਖਾਨ ਅਤੇ ਸਿੱਖਿਆ ਵਿਭਾਗ ਦਾ ਇਹਨਾਂ ਟੂਰਨਾਮੈਂਟਾਂ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਜ਼ੋਨ ਕਨਵੀਨਰ ਤਰਸੇਮ ਸਿੰਘ, ਸਟੇਟ ਅਵਾਰਡੀ ਲੈਕ. ਨਿਰੰਜਣ ਸਿੰਘ ਨੇ ਸਟੇਜ ਕੰਪੇਅਰ ਕੀਤਾ। ਮੈਚ ਖਿਡਾਉਣ ਲਈ ਜ਼ਿੰਮੇਵਾਰੀ ਇਸ ਬਲਾਕ ਦੇ ਵੱਖ-ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਲਗਾਈ ਗਈ ਜਿਨ੍ਹਾਂ ਨੇ ਸੁਚੱਜੇ ਢੰਗ ਨਾਲ ਸਾਰੀਆਂ ਖੇਡਾਂ ਦੇ ਮੈਚ ਕਰਵਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ।

Have something to say? Post your comment