ਸੁਨਾਮ : ਥਾਣਾ ਛਾਜਲੀ ਅਧੀਨ ਆਉਂਦੇ ਪਿੰਡ ਚੱਠਾ ਨਨਹੇੜਾ ਦੇ ਵਸਨੀਕ ਨੌਜਵਾਨ ਦਿਲਪ੍ਰੀਤ ਸਿੰਘ ਦੀ ਬਾਈਕ ਪਿੰਡ ਖਡਿਆਲ ਕੋਲ ਖੰਬੇ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਮ੍ਰਿਤਕ ਨੌਜਵਾਨ ਕਿਸੇ ਫਾਈਨਾਂਸ ਕੰਪਨੀ ਵਿੱਚ ਨੌਕਰੀ ਕਰਦਾ ਸੀ। ਇਸ ਸਬੰਧੀ ਮਹਿਲਾਂ ਚੌਂਕ ਪੁਲਿਸ ਚੌਂਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਕਰਮ ਸਿੰਘ ਅਤੇ ਸਹਾਇਕ ਥਾਣੇਦਾਰ ਦੇਸ ਰਾਜ ਨੇ ਦੱਸਿਆ ਕਿ ਇੱਕ ਅਤੇ ਦੋ ਜੁਲਾਈ ਦੀ ਰਾਤ ਨੂੰ ਕਰੀਬ 12 ਕੁ ਵਜੇ ਇੱਕ ਫਾਈਨਾਂਸ ਕੰਪਨੀ 'ਚ ਨੌਕਰੀ ਕਰਦਾ ਨੌਜਵਾਨ ਦਿਲਪ੍ਰੀਤ ਸਿੰਘ ਬੁੱਲੇਟ ਮੋਟਰਸਾਇਕਲ ਤੇ ਇਕੱਲਾ ਹੀ ਭਵਾਨੀਗੜ੍ਹ ਤੋਂ ਮੀਟਿੰਗ ਉਪਰੰਤ ਪਿੰਡ ਚੱਠਾ ਨਨਹੇੜਾ ਆਪਣੇ ਘਰ ਪਰਤ ਰਿਹਾ ਸੀ। ਜਿਉਂ ਹੀ ਉਹ ਸੂਲਰ ਘਰਾਟ ਤੋਂ ਹੁੰਦਾ ਹੋਇਆ ਖਡਿਆਲ ਪਿੰਡ ਪਹੁੰਚਿਆ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਉਸ ਦਾ ਮੋਟਰਸਾਇਕਲ ਸੜਕ ਕਿਨਾਰੇ ਲੱਗੇ ਖੰਬੇ 'ਚ ਜਾ ਵੱਜਾ। ਜਿਸ ਕਾਰਨ ਦਿਲਪ੍ਰੀਤ ਸਿੰਘ (25) ਵਾਸੀ ਚੱਠਾ ਨਨਹੇੜਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਬੀ ਐਨ ਐਸ ਐਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।