ਸਰਪੰਚੀ ਹਥਿਆਉਣ ਲਈ ਲੋਕਾਂ ਨਾਲ ਕੀਤਾ ਧੋਖਾ
ਸੁਨਾਮ : ਸੁਨਾਮ ਸ਼ਹਿਰ ਦੀ ਹੱਦ ਨਾਲ ਲੱਗਦੀ ਸ਼ਹੀਦ ਊਧਮ ਸਿੰਘ ਨਗਰ ਦੀ ਪੰਚਾਇਤ ਅਧੀਨ ਆਉਂਦੀ ਬਸਤੀ ਜਗਤਪੁਰਾ ਦੀ ਗੰਦੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਦਾ ਕਬਜ਼ਾ ਵਾਪਿਸ ਲੈਣ ਦੇ ਮਾਮਲੇ ਵਿੱਚ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਗਰੀਬਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਉਨ੍ਹਾਂ ਆਖਿਆ ਕਿ ਸਰਕਾਰ ਦੀ ਸ਼ਹਿ ਤੇ ਪੰਚਾਇਤ ਵੱਲੋਂ ਗ਼ਰੀਬ ਲੋਕਾਂ ਨਾਲ ਕੀਤੇ ਜਾਣ ਵਾਲੇ ਧੱਕੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਐਤਵਾਰ ਨੂੰ ਪਿੰਡ ਦੀ ਜਗਤਪੁਰਾ ਬਸਤੀ 'ਚ ਪੁੱਜੇ ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਪਿੰਡ ਦੇ ਲੋਕਾਂ ਦੇ ਦੱਸਣ ਮੁਤਾਬਿਕ ਪੰਚਾਇਤ ਚੋਣਾਂ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਨਗਰ ਦੀ ਪੰਚਾਇਤ ਦਾ ਸਰਪੰਚ ਬਣਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਜ਼ਦੀਕੀ ਰਿਸ਼ਤੇਦਾਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜ਼ੇਕਰ ਉਸਨੂੰ ਸਰਪੰਚ ਬਣਾ ਦਿੱਤਾ ਜਾਵੇ ਤਾਂ ਉਹ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਆਪਣੇ ਕਬਜ਼ੇ ਵਾਲ਼ੀ ਜ਼ਮੀਨ ਤੇ ਖ਼ੂਹ ਬਣਾਕੇ ਨਿਕਾਸੀ ਦਾ ਹੱਲ ਕਰਵਾ ਦੇਣਗੇ। ਉਨ੍ਹਾਂ ਆਖਿਆ ਕਿ ਪਿੰਡ ਦੇ ਲੋਕਾਂ ਨੇ ਸਰਪੰਚੀ ਤੇ ਸਰਬਸੰਮਤੀ ਪ੍ਰਗਟਾ ਦਿੱਤੀ ਇਸ ਤੋਂ ਬਾਅਦ ਪਿੰਡ ਦੇ ਸਰਪੰਚ ਬਣੇ ਵਿਅਕਤੀ ਨੇ ਆਪਣੇ ਕਬਜ਼ੇ ਵਾਲ਼ੀ ਵਕਫ਼ ਬੋਰਡ ਦੀ ਜ਼ਮੀਨ ਤੇ ਪੰਚਾਇਤੀ ਫੰਡਾਂ ਨਾਲ ਗੰਦੇ ਪਾਣੀ ਦੀ ਨਿਕਾਸੀ ਲਈ ਬਕਾਇਦਾ ਖੂਹ ਬਣਾ ਦਿੱਤੇ। ਕਾਂਗਰਸੀ ਆਗੂ ਰਾਜਿੰਦਰ ਦੀਪਾ ਨੇ ਕਿਹਾ ਕਿ ਹੁਣ ਸਰਪੰਚ ਦੇ ਪੁੱਤਰ ਵੱਲੋਂ ਮਾਣਯੋਗ ਅਦਾਲਤ ਵਿੱਚ ਚਾਰਾਜੋਈ ਕਰਕੇ ਪੰਚਾਇਤ ਦੇ ਫੰਡ ਵਿੱਚੋਂ ਵਕਫ਼ ਬੋਰਡ ਦੀ ਜ਼ਮੀਨ ਤੇ ਗੰਦੇ ਪਾਣੀ ਦੀ ਨਿਕਾਸੀ ਲਈ ਬਣਾਏ ਖੂਹ ਵਾਲ਼ੀ ਜਗਾ ਦਾ ਕਬਜ਼ਾ ਵਾਪਿਸ ਲੈਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ, ਇਸ ਸਬੰਧੀ ਬਕਾਇਦਾ ਨੋਟਿਸ ਜਾਰੀ ਹੋ ਚੁੱਕਾ ਹੈ। ਜਿਹੜਾ ਪਿੰਡ ਦੇ ਗ਼ਰੀਬ ਲੋਕਾਂ ਨਾਲ ਸਰਾਸਰ ਧੱਕਾ ਅਤੇ ਧੋਖਾ ਹੈ ਅਜਿਹਾ ਕਿਸੇ ਵੀ ਕੀਮਤ ਤੇ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਰਾਜ ਦੇ ਲੋਕਾਂ ਨਾਲ ਹਰ ਥਾਂ ਧੱਕਾ ਕਰ ਰਹੀ ਹੈ ਜਿਸ ਦਾ ਜਵਾਬ ਲੋਕ ਆਉਣ ਵਾਲੇ ਸਮੇਂ ਵਿੱਚ ਮੂੰਹ ਤੋੜਵਾਂ ਜਵਾਬ ਦੇਣਗੇ। ਇਸ ਮੌਕੇ ਬਾਬੂ ਸਿੰਘ, ਵਜੀਰ ਚੰਦ, ਟੇਕ ਸਿੰਘ ਮੈਂਬਰ, ਸੁਰਜੀਤ ਕੌਰ, ਸੁੱਖੀ ਕੌਰ, ਵਿੱਕੀ, ਬਿੱਟੂ ਰਾਮ, ਭੂਰਾ ਸਿੰਘ, ਕਿੰਦਰ ਕੌਰ, ਸੋਧਾਂ ਦੇਵੀ, ਕੁਸ਼ੱਲਿਆ ਦੇਵੀ, ਬਲਵੀਰ ਕੌਰ ਸਮੇਤ ਪਿੰਡ ਦੇ ਹੋਰ ਮੈਂਬਰ ਹਾਜ਼ਰ ਸਨ।