ਏਸ਼ੀਅਨ ਚੈਂਪੀਅਨਜ਼ ਟਰਾਫੀ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ 25.40 ਕਰੋੜ ਰੁਪਏ ਖ਼ਰਚੇ ਜਾਣਗੇ: ਭਗਵੰਤ ਸਿੰਘ ਮਾਨ
1,743 ਕਰੋੜ ਰੁਪਏ ਦੇ ਇਤਿਹਾਸਕ ਖੇਡ ਬਜਟ ਸਦਕਾ ਪੰਜਾਬ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਯੋਗ ਬਣਿਆ ਹੈ: ਭਗਵੰਤ ਸਿੰਘ ਮਾਨ
ਏਸ਼ੀਅਨ ਚੈਂਪੀਅਨਜ਼ ਟਰਾਫੀ 27 ਅਕਤੂਬਰ ਨੂੰ ਜਲੰਧਰ ਵਿਖੇ ਸ਼ੁਰੂ ਹੋਵੇਗੀ ਅਤੇ 5 ਨਵੰਬਰ ਨੂੰ ਮੋਹਾਲੀ ਵਿੱਚ ਸਮਾਪਤ ਹੋਵੇਗੀ: ਭਗਵੰਤ ਸਿੰਘ ਮਾਨ
ਭਾਰਤ ਅਤੇ ਪਾਕਿਸਤਾਨ ਦਰਮਿਆਨ ਇਤਿਹਾਸਕ ਮੁਕਾਬਲਾ ਪਹਿਲੀ ਨਵੰਬਰ (ਪੰਜਾਬ ਦਿਵਸ) ਨੂੰ ਹੋਵੇਗਾ: ਭਗਵੰਤ ਸਿੰਘ ਮਾਨ
ਕਿਸੇ ਵੀ ਮੈਚ ਲਈ ਟਿਕਟ ਦੀ ਕੋਈ ਜ਼ਰੂਰਤ ਨਹੀਂ ਹੈ; ਹਰ ਕੋਈ ਮੁਫ਼ਤ ਵਿੱਚ ਟੂਰਨਾਮੈਂਟ ਦੇਖ ਸਕਦਾ ਹੈ: ਭਗਵੰਤ ਸਿੰਘ ਮਾਨ
ਭਗਵੰਤ ਸਿੰਘ ਮਾਨ ਨੇ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਨਾਲ ਮਿਲ ਕੇ 'ਏਸ਼ੀਅਨ ਚੈਂਪੀਅਨਜ਼ ਟਰਾਫੀ' ਦਾ ਲੋਗੋ ਜਾਰੀ ਕੀਤਾ
ਚੰਡੀਗੜ੍ਹ : ਪੰਜਾਬ ਪਹਿਲੀ ਵਾਰ 'ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026' ਦੀ ਮੇਜ਼ਬਾਨੀ ਕਰ ਇਤਿਹਾਸ ਰਚਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਸਬੰਧ ਵਿੱਚ ਭਗਵੰਤ ਸਿੰਘ ਮਾਨ ਨੇ ਅੱਜ ਏਸ਼ੀਅਨ ਹਾਕੀ ਫੈਡਰੇਸ਼ਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਟੂਰਨਾਮੈਂਟ ਦਾ ਲੋਗੋ ਜਾਰੀ ਕੀਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 'ਐਕਸ' ਅਕਾਊਂਟ 'ਤੇ ਜਾਣਕਾਰੀ ਦਿੰਦਿਆਂ ਕਿਹਾ, "ਸਾਡੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਪੰਜਾਬ ਪਹਿਲੀ ਵਾਰ ਇੱਕ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ, 'ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026' ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਪਹਿਲੀ ਨਵੰਬਰ ਨੂੰ 'ਪੰਜਾਬ ਦਿਵਸ' ਮੌਕੇ ਸ਼ਾਮ 7 ਵਜੇ ਜਲੰਧਰ ਵਿਖੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਇਤਿਹਾਸਕ ਮੁਕਾਬਲਾ ਹੋਵੇਗਾ। ਨੌਜਵਾਨਾਂ ਨੂੰ ਖੇਡਾਂ ਅਤੇ ਖੇਡ ਮੈਦਾਨਾਂ ਨਾਲ ਜੋੜਨ ਲਈ ਸਾਡੀ ਸਰਕਾਰ ਵੱਲੋਂ ਸਾਰੇ ਮੈਚਾਂ ਲਈ ਐਂਟਰੀ ਬਿਲਕੁਲ ਮੁਫ਼ਤ ਰੱਖੀ ਗਈ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ, "ਇਤਿਹਾਸਕ 'ਮੈਨਜ਼ ਏਸ਼ੀਅਨ ਚੈਂਪੀਅਨਜ਼ ਟਰਾਫੀ 2026' ਪੰਜਾਬ ਲਈ ਸਿਰਫ਼ ਇੱਕ ਹਾਕੀ ਟੂਰਨਾਮੈਂਟ ਨਹੀਂ ਹੈ। ਪੰਜਾਬ ਪਹਿਲੀ ਵਾਰ ਆਪਣੀ ਧਰਤੀ 'ਤੇ ਇੰਨੇ ਵੱਡੇ ਪੱਧਰ ਦੇ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ।" ਮੁੱਖ ਮੰਤਰੀ ਨੇ ਕਿਹਾ, "ਪੰਜਾਬ ਸਰਕਾਰ ਇਸ ਨੂੰ ਸਮੁੱਚੇ ਭਾਰਤ ਅਤੇ ਦੁਨੀਆ ਭਰ ਦੇ ਖਿਡਾਰੀਆਂ, ਦਰਸ਼ਕਾਂ ਅਤੇ ਹਾਕੀ ਪ੍ਰੇਮੀਆਂ ਲਈ ਇੱਕ ਅਭੁੱਲ ਖੇਡ ਸਮਾਗਮ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।" ਉਨ੍ਹਾਂ ਕਿਹਾ ਕਿ ਹਾਕੀ ਦੀ ਖੇਡ ਪੰਜਾਬ ਦੇ ਕਣ-ਕਣ ਵਿੱਚ ਸਮੋਈ ਹੋਈ ਹੈ ਅਤੇ "ਇਹ ਖੇਡ ਤੇ ਪੰਜਾਬੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ।" ਉਨ੍ਹਾਂ ਕਿਹਾ, "ਸੰਸਾਰਪੁਰ, ਖੁਸਰੋਪੁਰ ਅਤੇ ਮਿੱਠਾਪੁਰ ਤੋਂ ਲੈ ਕੇ ਸੂਬੇ ਭਰ ਦੇ ਸੈਂਕੜੇ ਪਿੰਡਾਂ ਤੱਕ ਪੰਜਾਬ ਦੀ ਧਰਤੀ ਨੇ ਕਈ ਓਲੰਪੀਅਨ, ਕੌਮੀ ਚੈਂਪੀਅਨ ਅਤੇ ਕਪਤਾਨ ਪੈਦਾ ਕੀਤੇ ਹਨ।" ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਇਨ੍ਹਾਂ ਮਹਾਨ ਖਿਡਾਰੀਆਂ ਨੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੰਚਾਂ 'ਤੇ ਭਾਰਤੀ ਤਿਰੰਗੇ ਨੂੰ ਮਾਣ ਨਾਲ ਲਹਿਰਾਇਆ ਹੈ। ਭਾਰਤੀ ਹਾਕੀ ਵਿੱਚ ਪੰਜਾਬ ਦਾ ਯੋਗਦਾਨ ਸਿਰਫ਼ ਅੰਕੜਿਆਂ ਤੱਕ ਸੀਮਤ ਨਹੀਂ ਹੈ; ਇਹ ਸਾਡੀ ਪਛਾਣ ਦਾ ਅਨਿੱਖੜਵਾਂ ਅੰਗ ਹੈ।" ਉਨ੍ਹਾਂ ਕਿਹਾ ਕਿ ਪੰਜਾਬ ਨੇ 50 ਤੋਂ ਵੱਧ ਓਲੰਪਿਕ ਤਗਮਾ ਜੇਤੂ ਅਤੇ 10 ਕੌਮੀ ਕਪਤਾਨ ਪੈਦਾ ਕੀਤੇ ਹਨ, ਜਿਨ੍ਹਾਂ ਵਿੱਚ ਓਲੰਪੀਅਨ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ ਅਤੇ ਅਜੀਤ ਪਾਲ ਸਿੰਘ ਵਰਗੇ ਮਹਾਨ ਖਿਡਾਰੀ ਸ਼ਾਮਲ ਹਨ, ਜਿਨ੍ਹਾਂ ਨੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ, "ਅੱਜ ਵੀ ਇਹ ਪਰੰਪਰਾ ਜਾਰੀ ਹੈ। ਪੈਰਿਸ 2024 ਓਲੰਪਿਕ ਦੌਰਾਨ ਪੰਜਾਬ ਦੇ 10 ਖਿਡਾਰੀਆਂ ਨੇ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਹਰਮਨਪ੍ਰੀਤ ਸਿੰਘ ਨੇ ਕੌਮੀ ਟੀਮ ਦੀ ਅਗਵਾਈ ਕੀਤੀ।" ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਟੂਰਨਾਮੈਂਟ ਲਈ ਕੁੱਲ 25.40 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਹੈ, ਜਿਸ ਵਿੱਚੋਂ 22.96 ਕਰੋੜ ਰੁਪਏ ਚੈਂਪੀਅਨਸ਼ਿਪ ਨਾਲ ਸਬੰਧਤ ਦੋ ਮੁੱਖ ਸਥਾਨਾਂ ਨੂੰ ਅਪਗ੍ਰੇਡ ਕਰਨ 'ਤੇ ਖ਼ਰਚੇ ਜਾ ਰਹੇ ਹਨ। ਮੁੱਖ ਮੰਤਰੀ ਨੇ ਦੱਸਿਆ, "ਜਲੰਧਰ ਸਥਿਤ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਲਈ 14 ਕਰੋੜ ਰੁਪਏ ਅਤੇ ਮੋਹਾਲੀ ਸਥਿਤ ਓਲੰਪੀਅਨ ਬਲਬੀਰ ਸਿੰਘ (ਸੀਨੀਅਰ) ਅੰਤਰਰਾਸ਼ਟਰੀ ਹਾਕੀ ਸਟੇਡੀਅਮ ਲਈ 8.96 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ।" ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਲਈ 1,743 ਕਰੋੜ ਰੁਪਏ ਦਾ ਇਤਿਹਾਸਕ ਖੇਡ ਬਜਟ ਰੱਖਿਆ ਹੈ ਅਤੇ 3,148 ਪੇਂਡੂ ਖੇਡ ਮੈਦਾਨ ਵਿਕਸਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 750 ਦਾ ਉਦਘਾਟਨ ਹੋ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਦੇ ਨਾਲ ਹੀ 6,000 ਆਧੁਨਿਕ ਜਿੰਮ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ 500 ਪਹਿਲਾਂ ਹੀ ਕਾਰਜਸ਼ੀਲ ਹੋ ਚੁੱਕੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ, “ਓਲੰਪਿਕ ਦੀ ਤਿਆਰੀ ਕਰ ਰਹੇ ਖਿਡਾਰੀਆਂ ਨੂੰ 15 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਹੈ, ਜਦਕਿ ਏਸ਼ੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਕਰ ਰਹੇ ਅਥਲੀਟਾਂ ਨੂੰ 8 ਲੱਖ ਰੁਪਏ ਮਿਲਦੇ ਹਨ।” ਮੁੱਖ ਮੰਤਰੀ ਨੇ ਜ਼ਿਕਰ ਕੀਤਾ ਕਿ 2022 ਤੋਂ ਹੁਣ ਤੱਕ 40,000 ਤੋਂ ਵੱਧ ਖਿਡਾਰੀਆਂ ਨੂੰ 135 ਕਰੋੜ ਰੁਪਏ ਦੇ ਨਕਦ ਇਨਾਮ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ, “ਓਲੰਪਿਕ ਤਮਗਾ ਜੇਤੂਆਂ ਲਈ ਸਾਡੀ ਸਰਕਾਰ ਦੀ ਨੀਤੀ ਬਿਲਕੁਲ ਸਪੱਸ਼ਟ ਹੈ। ਸੋਨ ਤਮਗਾ ਜੇਤੂ ਨੂੰ 3 ਕਰੋੜ ਰੁਪਏ, ਚਾਂਦੀ ਦਾ ਤਮਗਾ ਜੇਤੂ ਨੂੰ 2 ਕਰੋੜ ਰੁਪਏ ਅਤੇ ਕਾਂਸੀ ਦਾ ਤਮਗਾ ਜੇਤੂ ਨੂੰ ਇੱਕ ਕਰੋੜ ਰੁਪਏ ਦਿੱਤੇ ਜਾਂਦੇ ਹਨ।” ਇਸ ਮੌਕੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਸਿੰਘ, ਡਾਇਰੈਕਟਰ ਜਨਰਲ ਕਮਾਂਡਰ ਆਰ.ਕੇ. ਸ਼੍ਰੀਵਾਸਤਵ, ਕਾਰਜਕਾਰੀ ਬੋਰਡ ਮੈਂਬਰ ਆਰ.ਪੀ. ਸਿੰਘ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਹੋਰ ਹਾਜ਼ਰ ਸਨ।