ਪੰਜਾਬ ਦੇ ਹਾਕੀ ਖਿਡਾਰੀਆਂ ਦਾ ਆਪਣੀ ਧਰਤੀ 'ਤੇ ਖੇਡਣ ਦਾ ਵਰ੍ਹਿਆਂ ਪੁਰਾਣਾ ਸੁਪਨਾ ਸਾਕਾਰ ਹੋਇਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਲੀਗ ਦੇ ਸਾਰੇ ਮੈਚ ਜਲੰਧਰ ਵਿਚ ਹੋਣਗੇ, ਜਦਕਿ ਸੈਮੀਫਾਈਨਲ ਅਤੇ ਫਾਈਨਲ ਮੋਹਾਲੀ ਵਿਚ ਖੇਡੇ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਹਾਕੀ ਵਿਸ਼ਵ ਕੱਪ-2030 ਦੀ ਮੇਜ਼ਬਾਨੀ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ 6 ਟੀਮਾਂ ਦੇ ਕਪਤਾਨਾਂ ਨੂੰ ਕੀਤਾ ਸਨਮਾਨਿਤ
ਜਲੰਧਰ : ਪੰਜਾਬ ਨੇ ਅੱਜ ਪਹਿਲੀ ਵਾਰ 'ਏਸ਼ੀਅਨ ਹਾਕੀ ਚੈਂਪੀਅਨਸ਼ਿਪ' ਦੀ ਮੇਜ਼ਬਾਨੀ ਕਰਦਿਆਂ ਆਪਣੀ ਮਹਾਨ ਖੇਡ ਵਿਰਾਸਤ ਵਿੱਚ ਇਕ ਹੋਰ ਇਤਿਹਾਸਕ ਅਧਿਆਇ ਜੋੜ ਦਿੱਤਾ ਹੈ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਕੀਤਾ। ਇਸ ਮੇਜ਼ਬਾਨੀ ਨਾਲ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਆਪਣੀ ਧਰਤੀ 'ਤੇ ਖੇਡਣ ਦਾ ਵਰ੍ਹਿਆਂ ਪੁਰਾਣਾ ਸੁਪਨਾ ਸਾਕਾਰ ਹੋ ਗਿਆ ਹੈ। ਛੇ ਦੇਸ਼ਾਂ ਦੀਆਂ ਟੀਮਾਂ ਦਾ ਸਵਾਗਤ ਅਤੇ ਉਨ੍ਹਾਂ ਦੇ ਕਪਤਾਨਾਂ ਨੂੰ ਸਨਮਾਨਿਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਵਿਸ਼ਵ ਹਾਕੀ ਮੰਚ 'ਤੇ ਆਪਣਾ ਪੁਰਾਣਾ ਰੁਤਬਾ ਮੁੜ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਟੂਰਨਾਮੈਂਟ ਦੌਰਾਨ ਸਾਰੇ ਲੀਗ ਮੈਚ ਜਲੰਧਰ ਵਿੱਚ ਖੇਡੇ ਜਾਣਗੇ, ਜਦਕਿ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮੋਹਾਲੀ ਵਿੱਚ ਹੋਣਗੇ। ਇਸ ਦੇ ਨਾਲ ਹੀ, ਪੰਜਾਬ ਸਾਲ 2030 ਦੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਵੀ ਤਿਆਰੀਆਂ ਕਰ ਰਿਹਾ ਹੈ। ਮੁੱਖ ਮੰਤਰੀ ਨੇ ਬੰਗਲਾਦੇਸ਼, ਚੀਨ, ਜਾਪਾਨ, ਕੋਰੀਆ ਅਤੇ ਮਲੇਸ਼ੀਆ ਤੋਂ ਆਈਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ ਮੁੱਖ ਮੰਤਰੀ ਨੇ ਕਿਹਾ, "ਪੰਜਾਬ ਅਤੇ ਹਾਕੀ ਦਾ ਇੱਕ ਅਟੁੱਟ ਰਿਸ਼ਤਾ ਹੈ। ਭਾਰਤੀ ਹਾਕੀ ਵਿੱਚ ਸੂਬੇ ਦਾ ਯੋਗਦਾਨ ਸਿਰਫ਼ ਖੇਡਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਇੱਕ ਅਜਿਹੀ ਵਿਰਾਸਤ ਹੈ ਜੋ ਜਜ਼ਬੇ, ਕੁਰਬਾਨੀ, ਅਨੁਸ਼ਾਸਨ ਅਤੇ ਦ੍ਰਿੜ ਖੇਡ ਭਾਵਨਾ 'ਤੇ ਉਸਾਰੀ ਗਈ ਹੈ।" ਉਨ੍ਹਾਂ ਕਿਹਾ, “ਪੰਜਾਬੀ ਖਿਡਾਰੀਆਂ ਦੇ ਵੱਡਮੁੱਲੇ ਯੋਗਦਾਨ ਤੋਂ ਬਿਨਾਂ ਭਾਰਤੀ ਹਾਕੀ ਦੇ ਇਤਿਹਾਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਪੰਜਾਬ ਨੂੰ ਆਪਣੀ ਉਪਜਾਊ ਧਰਤੀ, ਮਿਹਨਤਕਸ਼ ਕਿਸਾਨਾਂ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਪਾਏ ਯੋਗਦਾਨ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇਸ ਯੋਗਦਾਨ ਦੇ ਨਾਲ-ਨਾਲ ਪੰਜਾਬ ਦੀ ਧਰਤੀ ਨੇ ਅਜਿਹੇ ਓਲੰਪੀਅਨ, ਵਿਸ਼ਵ ਚੈਂਪੀਅਨ ਅਤੇ ਖੇਡ ਨਾਇਕ ਪੈਦਾ ਕੀਤੇ ਹਨ, ਜਿਨ੍ਹਾਂ ਨੇ ਦੁਨੀਆ ਭਰ ਵਿੱਚ ਤਿਰੰਗੇ ਦਾ ਮਾਣ ਵਧਾਇਆ ਹੈ।” ਉਨ੍ਹਾਂ ਅੱਗੇ ਕਿਹਾ,“ਹਾਕੀ ਪੰਜਾਬ ਦੇ ਖ਼ੂਨ ਵਿੱਚ ਸਮੋਈ ਹੋਈ ਹੈ ਅਤੇ ਸਾਡੀ ਹਰ ਪੀੜ੍ਹੀ ਦੇ ਖਿਡਾਰੀਆਂ ਨੇ ਇਸ ਵਿਰਾਸਤ ਨੂੰ ਪੂਰੇ ਮਾਣ ਨਾਲ ਅੱਗੇ ਵਧਾਇਆ ਹੈ।” ਭਾਰਤੀ ਹਾਕੀ ਵਿੱਚ ਪੰਜਾਬ ਦੇ ਸ਼ਾਨਦਾਰ ਯੋਗਦਾਨ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ, “ਪੰਜਾਬ ਨੇ 1928 ਦੀਆਂ ਐਮਸਟਰਡਮ ਓਲੰਪਿਕ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕ ਤੱਕ, 77 ਹਾਕੀ ਓਲੰਪੀਅਨ ਦੇਸ਼ ਨੂੰ ਦਿੱਤੇ ਹਨ, ਜਿਨ੍ਹਾਂ ਵਿੱਚੋਂ ਸੂਬੇ ਦੇ 48 ਖਿਡਾਰੀਆਂ ਨੇ ਓਲੰਪਿਕ ਤਗ਼ਮੇ ਜਿੱਤੇ ਹਨ। ਪੰਜਾਬੀ ਖਿਡਾਰੀਆਂ ਨੇ 10 ਮੌਕਿਆਂ 'ਤੇ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ ਹੈ, ਜੋ ਖੇਡ ਖੇਤਰ ਵਿੱਚ ਪੰਜਾਬ ਦੀ ਨਿਰੰਤਰ ਅਗਵਾਈ ਨੂੰ ਦਰਸਾਉਂਦੀ ਹੈ।” ਮਹਾਨ ਹਾਕੀ ਖਿਡਾਰੀਆਂ ਪ੍ਰਤੀ ਸਤਿਕਾਰ ਭੇਟ ਕਰਦਿਆਂ ਮਾਨ ਨੇ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤ ਪਾਲ ਸਿੰਘ, ਸੁਰਜੀਤ ਸਿੰਘ ਅਤੇ ਪਰਗਟ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਨੌਜਵਾਨ ਖਿਡਾਰੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਮੁੱਖ ਮੰਤਰੀ ਨੇ ਕਿਹਾ ਕਿ ਸਾਲ 2023 ਵਿੱਚ ਲਾਗੂ ਕੀਤੀ ਗਈ ਨਵੀਂ ਖੇਡ ਨੀਤੀ ਅਤੇ ਖਾਸ ਤੌਰ 'ਤੇ ਖੇਡਾਂ ਲਈ 1,744 ਕਰੋੜ ਰੁਪਏ ਦਾ ਰੱਖਿਆ ਗਿਆ ਬਜਟ, ਮਜ਼ਬੂਤ ਖੇਡ ਢਾਂਚਾ ਤਿਆਰ ਕਰਨ ਅਤੇ ਮੁੱਖ ਮੁਕਾਬਲਿਆਂ ਦੀ ਤਿਆਰੀ ਕਰ ਰਹੇ ਖਿਡਾਰੀਆਂ ਦੀ ਮਦਦ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਅਤੇ ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ ਨੇ ਮੁੱਖ ਮੰਤਰੀ ਅਤੇ ਹੋਰ ਸ਼ਖਸੀਅਤਾਂ ਦਾ ਸਵਾਗਤ ਕੀਤਾ। ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਬਲਕਾਰ ਸਿੰਘ ਅਤੇ ਈਸ਼ਾਨ ਚੱਬੇਵਾਲ, ਪ੍ਰਮੁੱਖ ਸਕੱਤਰ (ਖੇਡਾਂ) ਵਰੁਣ ਰੂਜ਼ਮ, ਡਾਇਰੈਕਟਰ (ਖੇਡਾਂ) ਅਭਿਜੀਤ ਕਪਲਿਸ਼, ਮੇਅਰ ਜਲੰਧਰ ਵਿਨੀਤ ਧੀਰ, ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ, ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾ ਨਾਥ, ਸੈਰ-ਸਪਾਟਾ ਸਲਾਹਕਾਰ ਦੀਪਕ ਬਾਲੀ ਅਤੇ ਹੋਰ ਵੀ ਹਾਜ਼ਰ ਸਨ।