ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ, ਪੀਤਮਪੁਰਾ ਵਿਖੇ ਅਕਾਦਮਿਕ ਸੈਸ਼ਨ 2026–27 ਦੇ ਓਰੀਐਂਟੇਸ਼ਨ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਰਦਾਰ ਕਾਲਕਾ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਦੇਸ਼ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਵਿੱਚੋਂ ਇੱਕ ਹੈ, ਜਿਸ ਨੇ ਆਪਣੀ ਉੱਚ ਪੱਧਰੀ ਸਿੱਖਿਆ, ਅਕਾਦਮਿਕ ਉੱਤਮਤਾ ਅਤੇ ਸ਼ਾਨਦਾਰ ਰੈਂਕਿੰਗ ਦੇ ਆਧਾਰ 'ਤੇ ਰਾਸ਼ਟਰੀ ਪੱਧਰ 'ਤੇ ਵਿਲੱਖਣ ਪਛਾਣ ਬਣਾਈ ਹੈ। ਸਰਦਾਰ ਕਾਲਕਾ ਨੇ ਵਿਸ਼ਵਾਸ ਪ੍ਰਗਟਾਇਆ ਕਿ ਅੱਜ ਦੇ ਇਹ ਨੌਜਵਾਨ ਵਿਦਿਆਰਥੀ ਹੀ ਭਲਕੇ ਦੇ ਭਾਰਤ ਦੀ ਤਰੱਕੀ, ਸਮਾਜਿਕ ਵਿਕਾਸ ਅਤੇ ਰਾਸ਼ਟਰ ਨਿਰਮਾਣ ਦੇ ਅਸਲ ਸਿਰਜਣਹਾਰ ਬਣਨਗੇ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਮਕਸਦ ਕੇਵਲ ਡਿਗਰੀ ਪ੍ਰਾਪਤ ਕਰਨਾ ਨਹੀਂ, ਸਗੋਂ ਇੱਕ ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਚਰਿੱਤਰਵਾਨ ਨਾਗਰਿਕ ਬਣ ਕੇ ਸਮਾਜ ਦੀ ਸੇਵਾ ਕਰਨਾ ਹੈ।