ਨਵੀਂ ਦਿੱਲੀ : ਸੀਨੀਅਰ ਵਕੀਲ ਅਤੇ ਭਾਜਪਾ ਨੇਤਾ ਐਚ.ਐਸ. ਫ਼ੂਲਕਾ ਨੇ ਐਤਵਾਰ ਨੂੰ ਆਮ ਆਦਮੀ ਪਾਰਟੀ (ਆਪ) ’ਤੇ ਦਿੱਲੀ ਦੇ ਗੁਰਦਵਾਰਾ ਬੰਗਲਾ ਸਾਹਿਬ ਨੂੰ ਵਿਰੋਧ ਪ੍ਰਦਰਸ਼ਨਾਂ ਦੇ ਕੇਂਦਰ ਵਜੋਂ ਵਰਤਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਕੁੱਝ ਪਾਰਟੀ ਮੈਂਬਰਾਂ ਨੇ ਗੁਰਦਵਾਰਾ ਸਾਹਿਬ ਅੰਦਰ ਨਾਅਰੇਬਾਜ਼ੀ ਕੀਤੀ। ਫ਼ੂਲਕਾ ਨੇ ਕਿਹਾ ਕਿ ਜੰਤਰ-ਮੰਤਰ ਆਉਣ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਕਈ ਦਹਾਕਿਆਂ ਤੋਂ ਰਵਾਇਤੀ ਤੌਰ ’ਤੇ ਗੁਰਦਵਾਰਾ ਬੰਗਲਾ ਸਾਹਿਬ ਵਿੱਚ ਭੋਜਨ ਅਤੇ ਪਨਾਹ ਮਿਲਦੀ ਰਹੀ ਹੈ। ਹਾਲਾਂਕਿ ਉਨ੍ਹਾਂ ਦੋਸ਼ ਲਗਾਇਆ ਕਿ ਹਾਲ ਹੀ ਦੀ ਘਟਨਾ ਵੱਖਰੀ ਸੀ ਕਿਉਂਕਿ ਕੁਝ ਲੋਕ ਕਥਿਤ ਤੌਰ ’ਤੇ ਬੈਨਰ ਲੈ ਕੇ ਕੰਪਲੈਕਸ ਵਿੱਚ ਦਾਖ਼ਲ ਹੋਏ ਅਤੇ ਭਾਸ਼ਣ ਅਤੇ ਨਾਹਰੇਬਾਜ਼ੀ ਕੀਤੀ।
ਫ਼ੂਲਕਾ ਨੇ ਦਾਅਵਾ ਕੀਤਾ ਕਿ ਗੁਰਦਵਾਰੇ ਦੇ ਸੇਵਾਦਾਰਾਂ ਅਤੇ ਸੰਗਤ ਦੇ ਮੈਂਬਰਾਂ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਉਨ੍ਹਾਂ ਦੋਸ਼ ਲਾਇਆ ਕਿ ਇਹ ਘਟਨਾ ਧਾਰਮਿਕ ਸਥਾਨ ਨੂੰ ਸੈਲਾਨਿਆਂ ਨੂੰ ਭੋਜਣ ਅਤੇ ਆਸਰਾ ਪ੍ਰਦਾਨ ਕਰਨ ਦੀ ਰਵਾਇਤੀ ਭੂਮਿਕਾ ਦੀ ਬਜਾਏ ਰਾਜਨੀਤਿਕ ਵਿਰੋਧ ਪ੍ਰਦਰਸ਼ਨ ਲਈ ਵਰਤਣ ਦੀ ਕੋਸ਼ਿਸ਼ ਦੇ ਬਰਾਬਰ ਹੈ।
ਗੁਰਦਵਾਰੇ ਵਿੱਚ ਦਿੱਲੀ ਪੁਲਿਸ ਦੇ ਮੁਲਾਜ਼ਮਾਂ ਦੀ ਮੌਜੂਦਗੀ ਸਬੰਧੀ ਦੋਸ਼ਾਂ ਨੂੰ ਸੰਬੋਧਿਤ ਕਰਦੇ ਹੋਏ ਫ਼ੂਲਕਾ ਨੇ ਦਿੱਲੀ ਸਿੱਖ ਗੁਰਦਵਾਰੇ ਕਮੇਟੀ ਦੇ ਪ੍ਰਧਾਨ ਦੁਆਰਾ ਦਿੱਤੇ ਗਏ ਇਕ ਬਿਆਨ ਦਾ ਹਵਾਲਾ ਦਿੱਤਾ। ਫ਼ੂਲਕਾ ਨੇ ਦਾਅਵਾ ਕੀਤਾ ਕਿ ਪੁਲਿਸ ਦੀ ਹਰਕਤ ਬੈਨਰਾਂ ਅਤੇ ਭਾਸ਼ਣਾਂ ਵਾਲੇ ਕਥਿਤ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਹੋਈ ਸੀ ਜੋਕਿ ਉਨ੍ਹਾਂ ਕਿਹਾ ਕਿ ਦੁਪਹਿਰ 1 ਵਜੇ ਤੋਂ ਬਾਅਦ ਹੋਇਆ ਸੀ। ਉਨ੍ਹਾਂ ਅੱਗੇ ਕਿਹਾ ਕਿ ਬਾਅਦ ਦੀ ਘਟਨਾ ਦੌਰਾਨ ਪੁਲਿਸ ਗੁਰਦਵਾਰੇ ਦੇ ਗੇਟ ਦੇ ਬਾਹਰ ਰਹੀ। ਸੀਨੀਅਰ ਵਕੀਲ ਨੇ ਪੁਲਿਸ ਮੁਲਾਜ਼ਮਾਂ ਦੇ ਪੈਰਾਂ ਵਿੱਚ ਜੁੱਤੀਆਂ ਪਾ ਕੇ ਅਤੇ ਸਿਰ ਢੱਕੇ ਬਿਨਾਂ ਦਾਖ਼ਲ ਹੋਣ ਦੇ ਦੋਸ਼ਾਂ ਨੂੰ ਵੀ ਰੱਦ ਕੀਤਾ। ਡੀ.ਐਸ.ਜੀ.ਐਮ.ਸੀ. ਪ੍ਰਧਾਨ ਦੇ ਸਪਸ਼ਟੀਕਰਨ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਜਿਸ ਖੇਤਰ ਵਿਚੋਂ ਕਰਮਚਾਰੀ ਲੰਘੇ ਉਥੇ ਜੁੱਤੀਆਂ ਪਾਉਣ ਦੀ ਇਜਾਜ਼ਤ ਸੀ ਅਤੇ ਸੈਲਾਨੀਆਂ ਨੂੰ ਸਿਰ ਢੱਕਣ ਦੀ ਲੋੜ ਨਹੀਂ ਸੀ। ਉਨ੍ਹਾਂ ਨੇ ਇਹ ਵੀ ਦੋਸ਼ ਰੱਦ ਕਰ ਦਿੱਤੇ ਕਿ ਪੁਲਿਸ ਮੁਲਾਜ਼ਮਾਂ ਜਾਂ ਗੁਰਦਵਾਰੇ ਦੇ ਸੇਵਾਦਾਰਾਂ ਵਲੋਂ ਔਰਤਾਂ ਨਾਲ ਦੁਰਵਿਵਹਾਰ ਕੀਤਾ ਗਿਆ ਸੀ।
ਫ਼ੂਲਕਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਦੀ ਹੋਰ ਆਲੌਚਨਾ ਕਰਦਿਆਂ ਦੋਸ਼ ਲਗਾਇਆ ਕਿ ਉਨ੍ਹਾਂ ਨੇ ਘਟਨਾ ਬਾਰੇ ਗੁੰਮਰਾਹਕੁੰਨ ਬਿਰਤਾਂਤ ਦਾ ਸਮਰਥਨ ਕੀਤਾ ਹੈ।