ਮੇਲੇ ਵਿੱਚ ਬਿਜਲੀ ਦਾ ਕਰੰਟ ਲੱਗਣ ਨਾਲ ਦੋ ਪਰਿਵਾਰ ਉੱਜੜੇ; ਕਈ ਜ਼ਖ਼ਮੀ
ਸੁਨਾਮ : 'ਪੀਰ ਬਾਬਾ ਜੁੜਵਾ ਸ਼ਾਹ' ਦੇ ਸੁਨਾਮ ਵਿਖੇ ਹਰ ਵਰ੍ਹੇ ਲੱਗਣ ਵਾਲੇ ਮੇਲੇ ਦੌਰਾਨ ਵਾਪਰੇ ਇੱਕ ਵੱਡੇ ਹਾਦਸੇ (ਬਿਜਲੀ ਦਾ ਕਰੰਟ ਲੱਗਣ) ਕਾਰਨ ਖੁਸ਼ੀ ਦਾ ਮਾਹੌਲ ਸੋਗ ਵਿੱਚ ਬਦਲ ਗਿਆ। ਇਸ ਦੁਖਦਾਈ ਘਟਨਾ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਿਸ ਨਾਲ ਦੋ ਘਰਾਂ ਦੇ ਚਿਰਾਗ ਹਮੇਸ਼ਾ ਲਈ ਬੁੱਝ ਗਏ। ਚਾਰ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਏ। ਮ੍ਰਿਤਕਾਂ ਵਿੱਚ ਟੋਹਾਣਾ (ਹਰਿਆਣਾ) ਦਾ ਰਹਿਣ ਵਾਲਾ ਨੌਜਵਾਨ ਅਨਮੋਲ (ਜੋ ਵੇਟਰ ਵਜੋਂ ਕੰਮ ਕਰਨ ਆਇਆ ਸੀ) ਅਤੇ ਪਿੰਡ ਕੁਲਾਰਾਂ ਦਾ ਗੁਰਤੇਜ ਸਿੰਘ ਸ਼ਾਮਲ ਹਨ। ਜ਼ਖ਼ਮੀਆਂ ਵਿਚ ਹੈਪੀ ਮੂਨਕ, ਬਿੱਟੂ ਮੂਨਕ ਅਤੇ ਅਨਿਲ ਟੋਹਾਣਾ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ, ਜਦਕਿ ਲਖਵਿੰਦਰ ਸਿੰਘ ਦਾ ਇਲਾਜ ਸੁਨਾਮ ਵਿਖੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।
ਬਿਜਲੀ ਦੇ ਖੰਭੇ ਨੇੜੇ ਲੱਗੀ ਸਟਾਲ ਹੋਈ ਜਾਨਲੇਵਾ ਸਾਬਤ
ਚਸ਼ਮਦੀਦਾਂ ਅਨੁਸਾਰ, ਮੇਲੇ ਵਿੱਚ ਸੁਰੱਖਿਆ ਮਾਪਦੰਡਾਂ ਦੀ ਸ਼ਰੇਆਮ ਅਣਦੇਖੀ ਕੀਤੀ ਗਈ ਸੀ। ਮੁੱਖ ਬਿਜਲੀ ਦੇ ਖੰਭੇ ਦੇ ਬਿਲਕੁਲ ਨਾਲ ਕਈ ਦੁਕਾਨਾਂ ਅਤੇ ਖਾਣ-ਪੀਣ ਦੇ ਸਟਾਲ ਲਗਾਏ ਗਏ ਸਨ। ਅਚਾਨਕ, ਗੋਲ-ਗੱਪਿਆਂ ਦੇ ਇੱਕ ਸਟਾਲ ਵਿੱਚ ਬਿਜਲੀ ਦਾ ਤੇਜ਼ ਕਰੰਟ ਆ ਗਿਆ ਗਿਆ, ਜਿਸ ਨਾਲ ਕਈ ਲੋਕ ਕਰੰਟ ਦੀ ਲਪੇਟ ਵਿੱਚ ਆ ਗਏ। ਇਸ ਘਟਨਾ ਨਾਲ ਮੇਲੇ ਵਿੱਚ ਹਫੜਾ-ਦਫੜੀ ਮੱਚ ਗਈ, ਚੀਕ-ਚਿਹਾੜਾ ਪੈ ਗਿਆ ਅਤੇ ਭਗਦੜ ਵਰਗੇ ਹਾਲਾਤ ਬਣ ਗਏ।
ਹਾਦਸੇ ਦੀ ਖਬਰ ਮਿਲਦਿਆਂ ਹੀ ਕੈਬਨਿਟ ਮੰਤਰੀ ਅਤੇ ਸਥਾਨਕ ਵਿਧਾਇਕ ਅਮਨ ਅਰੋੜਾ ਨੇ ਤੁਰੰਤ ਘਟਨਾ ਸਥਾਨ ਅਤੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜ਼ਖ਼ਮੀਆਂ ਦੀ ਹਾਲਤ ਬਾਰੇ ਪੁੱਛ-ਗਿੱਛ ਕੀਤੀ ਅਤੇ ਉਨ੍ਹਾਂ ਨੂੰ ਵਧੀਆ ਤੋਂ ਵਧੀਆ ਡਾਕਟਰੀ ਸਹੂਲਤਾਂ ਮੁਹਈਆ ਕਰਵਾਉਣ ਦੇ ਸਖ਼ਤੀ ਨਾਲ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਾਪਰੀ ਇਸ ਦੁਖਦਾਈ ਘਟਨਾ ਬਾਰੇ ਕਿਹਾ ਕਿ ਉਕਤ ਘਟਨਾ ਦੀ ਉੱਚ-ਪੱਧਰੀ ਜਾਂਚ ਕੀਤੀ ਜਾਵੇਗੀ ਤਾਂ ਜੋ ਲਾਪਰਵਾਹੀ ਲਈ ਜ਼ਿੰਮੇਵਾਰੀ ਤੈਅ ਕੀਤੀ ਜਾ ਸਕੇ। ਪੰਜਾਬ ਸਰਕਾਰ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਵਿੱਤੀ ਅਤੇ ਸਮਾਜਿਕ ਸਹਾਇਤਾ ਪ੍ਰਦਾਨ ਕਰੇਗੀ।
ਇਸ ਦੁਖਦਾਈ ਘਟਨਾ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕ ਸਿੱਧਾ ਸਵਾਲ ਪੁੱਛ ਰਹੇ ਹਨ: ਬਿਜਲੀ ਸਪਲਾਈ ਦੇ ਇੰਨੇ ਨੇੜੇ ਸਟਾਲ ਲਗਾਉਣ ਦੀ ਇਜਾਜ਼ਤ ਕਿਸਨੇ ਅਤੇ ਕਿਵੇਂ ਦਿੱਤੀ? ਕੀ ਮੇਲਾ ਪ੍ਰਬੰਧਕਾਂ ਅਤੇ ਪ੍ਰਸ਼ਾਸਨ ਨੇ ਸੁਰੱਖਿਆ ਮਾਪਦੰਡਾਂ ਦੀ ਜਾਂਚ ਨਹੀਂ ਕੀਤੀ ਸੀ?
ਫਿਲਹਾਲ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇੱਕ ਟੀਮ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।