ਕਿਹਾ ਆਪ 'ਤੇ ਬੀਜੇਪੀ ਦੀਆਂ ਵਧੀਕੀਆਂ ਦਾ ਮੰਗਿਆ ਜਾਵੇਗਾ ਜਵਾਬ
ਸੁਨਾਮ : ਆਮ ਆਦਮੀ ਪਾਰਟੀ ਅਤੇ ਭਾਜਪਾ ਦੀਆਂ ਵਧੀਕੀਆਂ ਦਾ ਜਵਾਬ ਮੰਗਣ ਲਈ ਕਾਂਗਰਸ ਪਾਰਟੀ ਵੱਲੋਂ ਚਾਰ ਨਵੰਬਰ ਨੂੰ ਸੰਗਰੂਰ ਹਲਕੇ ਦੇ ਪਿੰਡ ਫੱਗੂਵਾਲਾ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਨੂੰ ਲੈਕੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਕੱਤਰ ਮੈਡਮ ਹੇਨਾ ਕਾਮਰੇ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਦੇ ਘਰ ਪੁੱਜੇ। ਕਾਂਗਰਸ ਵੱਲੋਂ ਕੀਤੀ ਜਾ ਰਹੀ ਇਨਸਾਫ਼ ਰੈਲੀ ਵਿੱਚ ਨੇਤਾ ਵਿਰੋਧੀ ਧਿਰ ਰਾਹੁਲ ਗਾਂਧੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਇਸ ਮੌਕੇ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਆਖਿਆ ਕਿ ਚਾਰ ਨਵੰਬਰ ਦੀ ਫੱਗੂਵਾਲਾ ਵਿਖੇ ਹੋਣ ਵਾਲੀ 'ਇਨਸਾਫ਼ ਰੈਲੀ' ਲਈ ਪਾਰਟੀ ਵਰਕਰਾਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਮੈਡਮ ਹੇਨਾ ਕਾਮਰੇ ਨੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਰੈਲੀ ਦੀ ਸਫਲਤਾ ਲਈ ਤਿਆਰੀਆਂ ਵਿੱਚ ਜੁਟਣ ਦਾ ਸੱਦਾ ਦਿੰਦਿਆਂ ਆਖਿਆ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਲੋਕ ਪੱਖੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਹੈ ਜਦਕਿ ਭਾਰਤੀ ਜਨਤਾ ਪਾਰਟੀ ਧਰਮ ਦੀ ਰਾਜਨੀਤੀ ਕਰਕੇ ਫਿਰਕਿਆਂ ਵਿੱਚ ਵੰਡੀਆਂ ਪਾਉਂਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਦੌਰਾਨ ਪੰਜਾਬ ਵਿੱਚ ਨਸਿਆਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ, ਸਰਕਾਰ ਦੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਕੋਰਾ ਡਰਾਮਾ ਹੈ। ਨਸਿਆਂ ਦੇ ਚੱਲ ਰਹੇ ਕਾਲੇ ਕਾਰੋਬਾਰ ਨੂੰ ਠੱਲ੍ਹ ਪਾਉਣ ਦੀ ਮੰਗ ਕਰਨ ਵਾਲਿਆਂ ਨੂੰ ਮਾਰਿਆ ਜਾ ਰਿਹਾ ਹੈ। ਮੈਡਮ ਹੇਨਾ ਕਾਮਰੇ ਨੇ ਆਖਿਆ ਕਿ ਕਾਂਗਰਸ ਪਾਰਟੀ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈਕੇ ਜਾਵੇਗੀ। ਕਾਂਗਰਸ ਆਗੂ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਮੈਡਮ ਹੇਨਾ ਕਾਮਰੇ ਨੂੰ ਭਰੋਸਾ ਦਿਵਾਇਆ ਕਿ ਚਾਰ ਨਵੰਬਰ ਦੀ ਇਨਸਾਫ਼ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਸਾਬਕਾ ਸਰਪੰਚ ਬਲਜਿੰਦਰ ਕੌਰ ਚਹਿਲ, ਮਲਕੀਤ ਸਿੰਘ ਗੁਰਾਇਆ, ਬਲਜੀਤ ਸਿੰਘ ਤਿਰੰਜੀਖੇੜਾ, ਅਵਤਾਰ ਸਿੰਘ ਤਾਰੀ,ਕਰਮਜੀਤ ਕੌਰ ਮਾਡਲ ਟਾਊਨ, ਵਿਨੋਦ ਕੁਮਾਰ ਸਮੇਤ ਹੋਰ ਆਗੂ ਹਾਜ਼ਰ ਸਨ।