ਘਰ ਮਾਲਕਣ ਔਰਤ ਦੀ ਤੋੜੀ ਬਾਂਹ
ਚੋਰਾਂ ਦੀ ਪੈੜ ਨੱਪਣ ਲਈ ਟੀਮਾਂ ਦਾ ਕੀਤਾ ਗਠਨ : ਐਸ ਐਚ ਓ
ਸੁਨਾਮ : ਲੰਘੀ ਰਾਤ ਸੁਨਾਮ ਸ਼ਹਿਰ ਅੰਦਰ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਭੱਟਾਂ ਵਾਲਾ ਮੁਹੱਲੇ ਵਿੱਚ ਸ਼ਹਿਰ ਦੇ ਨਾਮਵਰ ਪਰਿਵਾਰ ਦੇ ਘਰ ਚੋਰੀ ਕਰਕੇ ਚੋਰ ਸੋਨਾ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ ਲੱਖਾਂ ਰੁਪਏ ਨਕਦੀ ਲੁੱਟ ਕੇ ਲੈ ਗਏ ਹਨ। ਇਸ ਤੋਂ ਇਲਾਵਾ ਇੰਦਰਾ ਬਸਤੀ ਵਿੱਚ ਇੱਕ ਦੁਕਾਨ ਦਾ ਸ਼ਟਰ ਤੋੜਿਆ ਗਿਆ ਹੈ। ਸੁਨਾਮ ਸ਼ਹਿਰ ਦੇ ਨਾਲ-ਨਾਲ ਨੇੜਲੇ ਪਿੰਡਾਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ।ਬੀਤੀ ਰਾਤ ਸ਼ਹਿਰ ਦੇ ਭੱਟਾਂ ਵਾਲੇ ਮੁਹੱਲੇ ਵਿਚ ਚੋਰਾਂ ਵੱਲੋਂ ਇਕ ਘਰ ਚੋਂ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਚਾਰ ਲੱਖ ਰੁਪਏ ਦੀ ਨਕਦੀ ਤੇ ਹੱਥ ਸਾਫ ਕਰਦਿਆਂ ਘਰ ਦੀ ਮਾਲਕਣ ਨੂੰ ਧੱਕਾ ਦੇਕੇ ਜਖਮੀ ਕਰ ਦਿੱਤਾ ਜਿਸ ਕਾਰਨ ਮਹਿਲਾ ਦੀ ਬਾਂਹ ਟੁੱਟ ਗਈ ਹੈ। ਚੋਰੀ ਹੋਣ ਬਾਰੇ ਸੁਨਾਮ ਸ਼ਹਿਰ ਦੀ ਨਾਮਵਰ ਗਰਗ ਸਵੀਟਸ ਦੇ ਮਾਲਕ ਕਮਲ ਗਰਗ ਨੇ ਦੱਸਿਆ ਕਿ ਉਹ ਆਪਣੇ ਕੰਮ-ਕਾਰ ਦੇ ਸਿਲਸਿਲੇ ਵਿਚ ਦਿੱਲੀ ਗਿਆ ਹੋਇਆ ਸੀ।
ਬੀਤੀ ਰਾਤ ਕਰੀਬ ਦੋ ਕੁ ਵਜੇ ਤਿੰਨ ਤੇਜਧਾਰ ਹਥਿਆਰਬੰਦ ਮੋਟਰਸਾਇਕਲ ਸਵਾਰ ਘਰ ਦੇ ਮੇਨ ਗੇਟ ਦਾ ਜਿੰਦਰਾ ਤੋੜਕੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਏ।ਘਰ ਦੇ ਇਕ ਬੈਡ ਰੂਮ ਦੀਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕਰਕੇ ਲਗਭਗ 25 ਤੋਲੇ ਸੋਨੇ ਦੇ ਗਹਿਣੇ 4 ਕਿਲੋ ਚਾਂਦੀ ਤੋਂ ਇਲਾਵਾ 4 ਲੱਖ ਰੁਪਏ ਨਕਦ ਅਤੇ ਫੁਟਕਲ ਸਮਾਨ ਲੈਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੀ ਪਤਨੀ ਸੀਮਾ ਰਾਣੀ ਨੂੰ ਘਰ ਵਿੱਚ ਹਿਲਜੁਲ ਦੀ ਭਿਣਕ ਪੈ ਗਈ। ਉਸ ਦੇ ਰੌਲਾ ਪਾਉਣ ਤੇ ਪਰਿਵਾਰ ਦੇ ਦੂਜੇ ਜੀਅ ਵੀ ਉੱਠ ਖੜ੍ਹੇ।ਜਦੋਂ ਉਨ੍ਹਾਂ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੀ ਪਤਨੀ ਸੀਮਾ ਰਾਣੀ ਨੂੰ ਧੱਕਾ ਦੇਕੇ ਡੇਗ ਗਏ। ਜਿਸ ਕਾਰਨ ਉਸਦੀ ਬਾਂਹ ਟੁੱਟ ਗਈ। ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦੇ ਦਿੱਤੀ ਗਈ ਹੈ।ਇਸ ਦੌਰਾਨ ਸੀ ਆਈ ਏ ਸਟਾਫ ਸੰਗਰੂਰ ਦੀ ਟੀਮ ਵੀ ਮੌਕੇ ਤੇ ਪਹੁੰਚੀ ਹੋਈ ਸੀ।ਜਿਸ ਵਲੋਂ ਸੀ ਸੀ ਟੀ ਵੀ ਕੈਮਰੇ ਖੰਗਾਲੇ ਜਾ ਰਹੇ ਸਨ। ਇਸੇ ਤਰ੍ਹਾਂ ਚੋਰਾਂ ਵੱਲੋਂ ਸਥਾਨਕ ਵਿਸ਼ਵਕਰਮਾ ਮੰਦਿਰ ਨੇੜੇ ਵੀ ਇਕ ਸਟੇਸ਼ਨਰੀ ਦੀ ਦੁਕਾਨ ਕਿੰਡਰ ਜੁਆਇੰਟ ਤੇ ਵੀ ਦੁਕਾਨ ਦੇ ਸਟਰ ਦੇ ਜਿੰਦਰੇ ਤੋੜਕੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ। ਇਸੇ ਦੌਰਾਨ ਪੁਲਿਸ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਬਲਵੰਤ ਸਿੰਘ ਨੇ ਆਖਿਆ ਕਿ ਸ਼ਹਿਰ ਵਿਚ ਹੋਈਆਂ ਚੋਰੀਆਂ ਨੂੰ ਲੈਕੇ ਪੁਲਿਸ ਦੀਆਂ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਚੋਰਾਂ ਦੀ ਪੈੜ ਨੱਪਣ ਲਈ ਪੁਲਿਸ ਸਰਗਰਮੀ ਨਾਲ ਕੰਮ ਕਰ ਰਹੀ ਹੈ।