ਨਵੀਂ ਦਿੱਲੀ, 19 ਜੂਨ (ਪੰਜਾਬੀ ਸਹਿਜ ਟਾਈਮਜ਼) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਹੈ ਕਿ ਨਿਸ਼ਕਾਮ ਸੇਵਾ, ਤਿਆਗ ਅਤੇ ਸਮਰਪਣ ਦੇ ਪ੍ਰਤੀਕ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਜਥੇਬੰਦੀ ਨੂੰ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੀ ਪਵਿੱਤਰ ਕਾਰ ਸੇਵਾ ਸੌਂਪੇ ਜਾਣ ਦੇ 50 ਸਾਲ ਪੂਰੇ ਹੋਣ ਦੇ ਮੌਕੇ ਨੂੰ ਸਮਰਪਿਤ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਸ਼ਨੀਵਾਰ, 20 ਜੂਨ 2026 ਨੂੰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਨਵੀਂ ਦਿੱਲੀ ਵਿਖੇ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਵਿੱਤਰ ਸਮਾਗਮ ਦੌਰਾਨ ਗੁਰੂ ਘਰ ਦੇ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਦੇ ਇਲਾਹੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਉਨ੍ਹਾਂ ਅੱਗੇ ਦੱਸਿਆ ਕਿ ਸਮਾਗਮ ਵਿੱਚ ਭਾਈ ਚਮਨਜੀਤ ਸਿੰਘ ਜੀ ਦਿੱਲੀ ਵਾਲੇ, ਭਾਈ ਜਗਤਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਅਤੇ ਭਾਈ ਗੁਰਦੇਵ ਸਿੰਘ ਜੀ ਕੋਹਾੜਕਾ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਆਪਣੀ ਹਾਜ਼ਰੀ ਭਰਨਗੇ ਅਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੇ ਅੰਤ ਵਿੱਚ ਅਰਦਾਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਜਾਣਗੇ।