ਪਟਿਆਲਾ : ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ 'ਚ ਜਿਲ੍ਹੇ ਸਰਕਾਰੀ ਅੱਪਰ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਦੋ ਦਿਨਾਂ ਮਾਪੇ ਅਧਿਆਪਕ ਮਿਲਣੀਆਂ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨਾਲ ਉਨ੍ਹਾਂ ਦੇ ਬੱਚਿਆਂ ਦੀ ਪ੍ਰੀ ਬੋਰਡ ਪ੍ਰੀਖਿਆ ਦੀ ਕਾਰਗੁਜ਼ਾਰੀ ਤੇ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫ਼ਲਤਾ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਜਾਣਕਾਰੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਿਲਣੀਆਂ ਦੌਰਾਨ ਮਾਪਿਆਂ ਅਤੇ ਸਮਾਜ ਦੀਆਂ ਹੋਰ ਮੋਹਤਬਰ ਸਖਸੀਅਤਾਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਤੋਂ ਵੀ ਜਾਣੂ ਕਰਵਾਇਆ ਗਿਆ।
ਉਨ੍ਹਾਂ ਕਿਹਾ ਕਿ ਸਮਾਰਟ ਸਕੂਲਾਂ 'ਚ ਤਬਦੀਲ ਹੋਏ ਸਰਕਾਰੀ ਸਕੂਲਾਂ ਵਿੱਚ ਸਰਕਾਰ ਅਤੇ ਸਮਾਜ ਦੇ ਆਪਸੀ ਸਹਿਯੋਗ ਨਾਲ ਹਰ ਕਿਸਮ ਦੀਆਂ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।ਦਿੱਖ ਪੱਖੋਂ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਮੁਕਾਮੀ ਸਕੂਲਾਂ ਦੀਆਂ ਇਮਾਰਤਾਂ ਨੂੰ ਟੱਕਰ ਦੇਣ ਦੇ ਸਮਰੱਥ ਬਣੀਆਂ ਹਨ।ਆਧੁਨਿਕ ਤਕਨੀਕਾਂ ਨਾਲ ਪੜ੍ਹਾਈ ਲਈ ਸਕੂਲਾਂ ਵਿੱਚ ਪ੍ਰਾਜੈਕਟਰ, ਐਲ.ਸੀ.ਡੀਜ ਅਤੇ ਐਜੂਸੈਟ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਹਰਾ ਦੇ ਪ੍ਰਿੰ. ਭਰਪੂਰ ਸਿੰਘ ਲੌਟ ਨੇ ਕਿਹਾ ਕਿ ਬਦਲਦੀਆਂ ਪੜ੍ਹਾਈ ਤਕਨੀਕਾਂ ਅਨੁਸਾਰ ਸਕੂਲਾਂ ਵਿੱਚ ਵਿੱਦਿਅਕ ਪਾਰਕਾਂ ਦੀ ਵਿਵਸਥਾ ਕੀਤੀ ਗਈ ਹੈ। ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਪ੍ਰਤਿਭਾ ਜ਼ਰੂਰ ਹੁੰਦੀ ਹੈ ਬੱਸ ਜ਼ਰੂਰਤ ਉਸ ਨੂੰ ਤਲਾਸ਼ਣ ਅਤੇ ਤਰਾਸ਼ਣ ਦੀ ਹੈ। ਰੋਜ਼ਾਨਾ ਅੱਜ ਦਾ ਸ਼ਬਦ ਗਤੀਵਿਧੀ ਜਰੀਏ ਵਿਦਿਆਰਥੀਆਂ ਦਾ ਪੰਜਾਬੀ ਅਤੇ ਅੰਗਰੇਜ਼ੀ ਸ਼ਬਦ ਭੰਡਾਰ ਅਮੀਰ ਕੀਤਾ ਜਾ ਰਿਹਾ ਹੈ।
ਡਿਸਟ੍ਰਿਕਟ ਮੈਂਟਰ (ਅੰਗਰੇਜ਼ੀ ਤੇ ਸਮਾਜਿਕ ਸਿੱਖਿਆ) ਕੁਲਬੀਰ ਕੌਰ ਕਿਹਾ ਕਿ ਉਕਤ ਮਿਲਣੀਆਂ ਦੌਰਾਨ ਮਾਪਿਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਅੰਗਰੇਜ਼ੀ ਬੋਲਣ ਤੋਂ ਨਹੀਂ ਝਿਜਕਦੇ। ਅੰਗਰੇਜ਼ੀ ਬੂਸਟਰ ਕਲੱਬ ਅਧੀਨ ਬਿਨਾਂ ਝਿਜਕ ਅੰਗਰੇਜ਼ੀ ਬੋਲਦੇ ਵਿਦਿਆਰਥੀਆਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਭ ਦਾ ਧਿਆਨ ਖਿੱਚ ਰਹੀਆਂ ਹਨ। ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੀਆਂ ਦੋ ਵਿਦਿਆਰਥਣਾਂ ਦੇ ਪਿਤਾ ਰੁਪਿੰਦਰ ਸਿੰਘ ਤਾਣਾ ਨੇ ਕਿਹਾ ਕਿ ਵਿਗਿਆਨ, ਗਣਿਤ ਅਤੇ ਸਮਾਜਿਕ ਸਿੱਖਿਆ ਵਿਸ਼ਿਆਂ ਦੇ ਮੇਲਿਆਂ ਰਾਹੀਂ ਵਿਦਿਆਰਥੀ ਇਹਨਾਂ ਵਿਸ਼ਿਆਂ ਨੂੰ ਰੱਟੇ ਦੀ ਬਜਾਏ ਸਮਝ ਕੇ ਪੜ੍ਹਨ ਦੇ ਸਮਰੱਥ ਬਣੇ ਹਨ।
ਪ੍ਰਿੰ. ਮਨਮੋਹਨ ਸਿੰਘ ਮਾੜੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਨਿਪੁੰਨਤਾ ਵਿੱਚ ਆਏ ਨਿਖਾਰ ਨੂੰ ਮਾਪਿਆਂ ਸਾਹਮਣੇ ਪ੍ਰਦਰਸ਼ਿਤ ਕੀਤੀ ਗਈ। ਸਰਕਾਰੀ ਸਕੂਲਾਂ 'ਚ ਉਪਲਬਧ ਸਹੂਲਤਾਂ ਦੀ ਜਾਣਕਾਰੀ ਵੀ ਮਾਪਿਆਂ ਨੂੰ ਦਿੱਤੀ ਗਈ। ਜਿਸ ਨੂੰ ਦੇਖ-ਸੁਣ ਕੇ ਮਾਪਿਆਂ ਵੱਲੋਂ ਮਿਲੀ ਹੱਲਾਸ਼ੇਰੀ, ਅਧਿਆਪਕ ਵਰਗ ਲਈ ਉਤਸ਼ਾਹਿਤ ਕਰਨ ਵਾਲੀ ਹੈ।