Wednesday, September 17, 2025

Malwa

ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ. ਜੇਲ੍ਹਾਂ ਵੱਲੋਂ ਕੇਂਦਰੀ ਜੇਲ੍ਹ ਦਾ ਨਿਰੀਖਣ

June 04, 2025 06:57 PM
SehajTimes

ਪਟਿਆਲਾ : ਜੇਲ੍ਹ ਵਿਭਾਗ ਦੇ ਪ੍ਰਮੁੱਖ ਸਕੱਤਰ ਭਾਵਨਾ ਗਰਗ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਅਰੁਣਪਾਲ ਸਿੰਘ ਨੇ ਅੱਜ ਕੇਂਦਰੀ ਜੇਲ੍ਹ ਪਟਿਆਲਾ ਦਾ ਨਿਰੀਖਣ ਕੀਤਾ। ਆਪਣੇ ਇਸ ਦੌਰੇ ਦੌਰਾਨ ਭਾਵਨਾ ਗਰਗ ਤੇ ਅਰੁਣਪਾਲ ਸਿੰਘ ਨੇ ਇਸ ਮੌਕੇ ਜੇਲ੍ਹ ਲਈ ਇੱਕ ਨਵੀਂ ਬੁਲੈਰੋ ਗੱਡੀ ਸਮੇਤ ਜੇਲ੍ਹ ਦੇ ਅੰਦਰ ਗਸ਼ਤ ਕਰਨ ਲਈ ਜੇਲ੍ਹ ਅਮਲੇ ਵਾਸਤੇ ਈ-ਰਿਕਸ਼ਾ, ਇੱਕ ਈ ਬਾਈਕ ਤੇ ਤਿੰਨ ਮੋਟਰਸਾਇਕਲ ਅਤੇ ਬੰਦੀਆਂ ਨੂੰ ਐਮਰਜੈਂਸੀ ਵਿੱਚ ਹਸਪਤਾਲ ਲਿਜਾਣ ਲਈ ਇੱਕ ਐਂਬੂਲੈਂਸ ਵੀ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਵਰੁਣ ਸ਼ਰਮਾ ਨੂੰ ਸਪੁਰਦ ਕੀਤੀ।
ਇਸ ਦੌਰਾਨ ਭਾਵਨਾ ਗਰਗ ਅਤੇ ਅਰੁਣਪਾਲ ਸਿੰਘ ਨੇ ਆਖਿਆ ਕਿ ਜੇਲ੍ਹਾਂ ਨੂੰ ਅਸਲ ਵਿੱਚ ਸੁਧਾਰ ਘਰ ਬਣਾਉਣ ਲਈ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਦੇਖਰੇਖ ਹੇਠ ਜੇਲ੍ਹਾਂ ਦੇ ਨਵੀਨੀਕਰਨ ਤੇ ਸੁਧਾਰ ਹਿਤ ਵਿਆਪਕ ਯੋਜਨਾ ਉਲੀਕੀ ਗਈ ਹੈ। ਦੋਵਾਂ ਅਧਿਕਾਰੀਆਂ ਨੇ ਜੇਲ੍ਹ ਅੰਦਰ ਬੁਨਿਆਦੀ ਢਾਂਚੇ, ਸੁਰੱਖਿਆ ਅਤੇ ਸਮੁੱਚੇ ਕੈਦੀਆਂ ਦੀ ਭਲਾਈ ਵਿੱਚ ਨਿਰੰਤਰ ਸੁਧਾਰ ਨੂੰ ਯਕੀਨੀ ਬਣਾਉਣ ਲਈ ਜੇਲ੍ਹ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਵੀ ਜਾਰੀ ਕੀਤੇ।
ਪ੍ਰਮੁੱਖ ਸਕੱਤਰ ਭਾਵਨਾ ਗਰਗ ਤੇ ਏ.ਡੀ.ਜੀ.ਪੀ ਅਰੁਣਪਾਲ ਸਿੰਘ ਨੇ ਇਸ ਮੌਕੇ ਬੰਦੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ 'ਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਉਨ੍ਹਾਂ ਨੂੰ ਸਕਾਰਾਤਮਕ ਤਬਦੀਲੀ ਅਤੇ ਪੁਨਰਵਾਸ ਵੱਲ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕੈਦੀਆਂ ਲਈ ਕਾਨੂੰਨੀ ਸਹਾਇਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਨਵੇਂ ਬਣੇ ਕਾਨੂੰਨੀ ਸਹਾਇਤਾ ਦਫ਼ਤਰ ਦਾ ਉਦਘਾਟਨ ਕੀਤਾ।
ਇਸ ਮਗਰੋਂ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ ਨੇ ਨਵੇਂ ਬਣੇ ਵੀਡੀਓ ਕਾਨਫਰੰਸਿੰਗ ਰੂਮਜ, ਨਵੀਨੀਕਰਨ ਕੀਤੇ ਗਏ ਕੰਟਰੋਲ ਰੂਮ ਮਹਿਲਾ ਵਾਰਡ, ਨਸ਼ਾ ਛੁਡਾਊ ਵਾਰਡ, ਫੈਕਟਰੀ, ਜੇਲ੍ਹ ਹਸਪਤਾਲ, ਹੁਨਰ ਵਿਕਾਸ ਕੇਂਦਰ, ਰੇਡੀਓ ਉਜਾਲਾ ਤੇ ਨਵੇਂ ਲਗਾਏ ਪੈਟਰੋਲ ਪੰਪ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸਿਖਲਾਈ ਪ੍ਰਾਪਤ ਕੈਦੀਆਂ ਨੂੰ ਵੱਖ-ਵੱਖ ਜੀਵਨ ਹੁਨਰਾਂ ਦੇ ਸਰਟੀਫਿਕੇਟ ਵੀ ਵੰਡੇ। ਕੈਦੀਆਂ ਨੇ ਕੈਦੀਆਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਦਿਆਂ ਆਪਣੀ ਪ੍ਰਤਿਭਾ ਤੇ ਸੁਧਾਰ ਦੇ ਯਤਨਾਂ ਦਾ ਪ੍ਰਦਰਸ਼ਨ ਕੀਤਾ। ਦੋਵਾਂ ਅਧਿਕਾਰੀਆਂ ਨੇ ਜੇਲ੍ਹ ਅੰਦਰ ਵਾਤਾਵਰਣ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਬੂਟੇ ਲਗਾਉਣ ਦੀ ਮੁਹਿੰਮ ਦਾ ਵੀ ਉਦਘਾਟਨ ਕੀਤਾ।
ਇਸ ਮੌਕੇ ਜੇਲ੍ਹ ਸੁਪਰਡੈਂਟ ਵਰੁਣ ਸ਼ਰਮਾ, ਵਧੀਕ ਸੁਪਰਡੈਂਟ ਅਰਪਨਜੋਤ ਸਿੰਘ, ਡਿਪਟੀ ਸੁਪਰਡੈਂਟ (ਫੈਕਟਰੀ) ਜੈਦੀਪ ਸਿੰਘ, ਡਿਪਟੀ ਸੁਪਰਡੈਂਟ (ਸੁਰੱਖਿਆ) ਗੁਰਜੀਤ ਸਿੰਘ, ਮਨੋਵਿਗਿਆਨੀ ਡਾ. ਅਦਿਤੀ, ਮੈਡੀਕਲ ਅਫ਼ਸਰ ਡਾ. ਜਸਪ੍ਰੀਤ ਸਿੰਘ, ਡਾ. ਅਭਿਸ਼ੇਕ ਤੇ ਡਾ. ਮਨਿੰਦਰ ਸਿੰਘ ਵੀ ਮੌਜੂਦ ਸਨ।

Have something to say? Post your comment