Tuesday, September 16, 2025

Malwa

ਸਰਪੰਚੀ ਤੋਂ ਕੇਂਦਰੀ ਮੰਤਰੀ ਤੱਕ ਦੇ ਸ਼ਾਹ ਅਸਵਾਰ ਰਹੇ ਸੁਖਦੇਵ ਸਿੰਘ ਢੀਂਡਸਾ ਦਾ ਵਿਛੋੜਾ 

May 28, 2025 10:04 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੰਗਰੂਰ ਜ਼ਿਲ੍ਹੇ ਦੇ ਪਿੰਡ ਉਭਾਵਾਲ ਵਿਖੇ ਸਧਾਰਨ ਕਿਸਾਨ ਪਰਿਵਾਰ ਵਿੱਚ 9 ਅਪ੍ਰੈਲ 1936 ਨੂੰ ਪੈਦਾ ਹੋਏ ਪਿੰਡ ਦੀ ਸਰਪੰਚੀ ਤੋਂ ਲੈਕੇ ਪੰਜਾਬ ਅਤੇ ਕੇਂਦਰ ਸਰਕਾਰ ਵਿੱਚ ਮੰਤਰੀ ਰਹੇ ਸੁਖਦੇਵ ਸਿੰਘ ਢੀਂਡਸਾ ਦੇ ਦੇਹਾਂਤ ਨਾਲ ਸਿੱਖ ਸਿਆਸਤ ਵਿੱਚ ਖਲਾਅ ਪੈਦਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਤੋਂ ਬਾਅਦ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਸਵਰਗੀ ਪਰਕਾਸ਼ ਸਿੰਘ ਬਾਦਲ ਦੇ ਅਤੀ ਕਰੀਬੀ ਰਹੇ ਕੱਦਾਵਰ ਅਕਾਲੀ ਆਗੂ ਦਾ ਅੱਜ ਸ਼ਾਮ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਆਖ਼ਰੀ ਸਾਹ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਿਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਅਕਾਲੀ ਦਲ ਵੱਲੋਂ ਲਾਏ ਧਰਮ ਯੁੱਧ ਮੋਰਚਿਆਂ ਵਿੱਚ ਅਹਿਮ ਭੂਮਿਕਾ ਨਿਭਾਈ, ਉਥੇ ਹੀ ਉਹ ਪੰਜਾਬ ਦੀ ਰਾਜਨੀਤੀ ਖਾਸ ਕਰਕੇ ਅਕਾਲੀ ਸਿਆਸਤ ਵਿੱਚ ਲਗਾਤਾਰ ਪੰਜ ਦਹਾਕਿਆਂ ਤੋਂ ਮੋਹਰੀ ਕਤਾਰ ਦੇ ਨੇਤਾ ਰਹੇ ਹਨ। ਉਹ ਚਾਰ ਵਾਰ ਵਿਧਾਇਕ, ਇੱਕ ਵਾਰ ਲੋਕ ਸਭਾ ਮੈਂਬਰ ਅਤੇ ਦੋ ਵਾਰ ਰਾਜ ਸਭਾ ਦੇ ਮੈਂਬਰ ਬਣੇ। ਉਨ੍ਹਾ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਵਿਦਿਆਰਥੀ ਵਿੰਗ ਦੀ ਪ੍ਰਧਾਨਗੀ, ਪਿੰਡ ਉਭਾਵਾਲ ਦੀ ਸਰਪੰਚੀ, ਦੀ ਸੰਗਰੂਰ ਸੈਂਟਰਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਤੋਂ ਬਾਅਦ ਵਿਧਾਨ ਸਭਾ ਦੀ ਪਹਿਲੀ ਚੋਣ 1972 ਵਿੱਚ ਆਜ਼ਾਦ ਉਮੀਦਵਾਰ ਵਜੋਂ ਧਨੌਲਾ ਹਲਕੇ ਤੋਂ ਲੜੀ, ਕਾਂਗਰਸ ਦੀ ਉਮੀਦਵਾਰ ਬੀਬੀ ਰਾਜਿੰਦਰ ਕੌਰ ਭੱਠਲ ਅਤੇ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਨੂੰ ਹਰਾਕੇ ਪਹਿਲੀ ਵਾਰ ਵਿਧਾਇਕ ਬਣੇ। ਵਿਧਾਇਕ ਬਣਨ ਉਪਰੰਤ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਇਸ ਤੋਂ ਬਾਅਦ 1977 ਵਿੱਚ ਸੁਨਾਮ , 1979 ਵਿੱਚ ਸੰਗਰੂਰ ਅਤੇ 1985 ਵਿੱਚ ਸੁਨਾਮ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਵਿਧਾਇਕ ਚੁਣੇ ਗਏ। ਉਨ੍ਹਾਂ ਬਾਈਕਾਟ ਕਾਰਨ 1992 ਦੀ ਵਿਧਾਨ ਸਭਾ ਚੋਣ ਨਹੀਂ ਲੜੀ, 1997 ਵਿੱਚ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜੀ ਲੇਕਿਨ ਅਕਾਲੀ ਦਲ ਦੇ ਬਾਗ਼ੀ ਉਮੀਦਵਾਰ ਸਨਮੁੱਖ ਸਿੰਘ ਮੋਖਾ ਵੱਲੋਂ ਕਰੀਬ ਵੀਹ ਹਜ਼ਾਰ ਵੋਟ ਲੈ ਜਾਣ ਕਾਰਨ ਕਾਂਗਰਸ ਦੇ ਭਗਵਾਨ ਦਾਸ ਅਰੋੜਾ ਤੋਂ ਮਹਿਜ 26 ਕੁ ਸੌ ਵੋਟ ਦੇ ਫ਼ਰਕ ਨਾਲ ਹਾਰ ਗਏ। ਇਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੂੰ ਅਕਾਲੀ ਦਲ ਨੇ ਰਾਜ ਸਭਾ ਮੈਂਬਰ ਬਣਾਇਆ ਅਤੇ ਕੇਂਦਰ ਵਿਚਲੀ ਅਟੱਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਕੌਮੀ ਜਮਹੂਰੀ ਗਠਜੋੜ ਦੀ ਸਰਕਾਰ ਵਿੱਚ ਪਹਿਲੀ ਵਾਰ ਖੇਡਾਂ ਅਤੇ ਦੂਜੀ ਵਾਰ 1999 ਤੋਂ 2003 ਤੱਕ ਵਾਲੀ ਸਰਕਾਰ ਵਿਚ ਕੇਂਦਰੀ ਖਾਦਾਂ ਅਤੇ ਰਸਾਇਣਾਂ ਬਾਰੇ ਮੰਤਰੀ ਰਹੇ। ਉਨ੍ਹਾਂ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਗਰੂਰ ਹਲਕੇ ਤੋਂ ਸਿਟਿੰਗ ਐਮ ਪੀ ਸਿਮਰਨਜੀਤ ਸਿੰਘ ਮਾਨ ਅਤੇ ਕਾਂਗਰਸ ਦੇ ਅਰਵਿੰਦ ਖੰਨਾ ਨੂੰ ਹਰਾਇਆ। ਸ੍ਰ ਢੀਂਡਸਾ ਨੂੰ 26 ਜਨਵਰੀ 2019 ਨੂੰ ਪਦਮ ਵਿਭੂਸ਼ਣ ਐਵਾਰਡ ਨਾਲ ਨਿਵਾਜਿਆ ਗਿਆ। ਬੈਸਟ ਸਾਂਸਦ ਦਾ ਐਵਾਰਡ ਇਹ ਕਹਿਕੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਇਸ ਲਈ ਮਰਿਆਦਾ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਪੰਜਾਬ ਅੰਦਰ ਅਕਾਲੀ ਭਾਜਪਾ ਸਰਕਾਰ ਦੇ ਰਾਜ ਦੌਰਾਨ ਪਾਰਟੀ ਅੰਦਰ ਆਈ ਗਿਰਾਵਟ ਦਾ ਮੁੱਦਾ ਪਾਰਟੀ ਦੇ ਸਰਪ੍ਰਸਤ ਰਹੇ ਪ੍ਰਕਾਸ਼ ਸਿੰਘ ਬਾਦਲ ਕੋਲ ਉਠਾਉਣ ਤੋਂ ਬਾਅਦ ਜਦੋਂ ਕੋਈ ਠੋਸ ਹੱਲ ਨਾ ਨਿਕਲਿਆ ਤਾਂ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਅਹੁਦਿਆਂ ਤੋਂ ਅਸਤੀਫਾ ਦੇ ਕੇ ਅਕਾਲੀ ਸਿਆਸਤ ਵਿੱਚ ਖਲਬਲੀ ਮਚਾ ਦਿੱਤੀ ਅਤੇ ਫਿਰ ਅਕਾਲੀ ਦਲ ਸੰਯੁਕਤ ਦਾ ਗਠਨ ਕੀਤਾ, ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਖੁਦ ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਰਿਹਾਇਸ਼ ਤੇ ਜਾਕੇ ਰਲੇਵਾਂ ਕਰ ਆਏ ਲੇਕਿਨ ਮਾਮਲਾ ਜਿਉਂ ਦੀ ਤਿਉਂ ਬਰਕਰਾਰ ਰਿਹਾ। ਮੌਜੂਦਾ ਸਮੇਂ ਪੰਥਕ ਸਿਆਸਤ ਮੁੜ ਗਰਮਾਈ ਅਤੇ ਸੁਖਦੇਵ ਸਿੰਘ ਢੀਂਡਸਾ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਦੇ ਸਨਮੁੱਖ ਪੇਸ਼ ਹੋਏ, ਸਿੰਘ ਸਾਹਿਬਾਨ ਵੱਲੋਂ ਧਾਰਮਿਕ ਅਤੇ ਸਿਆਸੀ ਸਜ਼ਾ ਸੁਣਾਈ ਗਈ, ਸੁਖਦੇਵ ਸਿੰਘ ਢੀਂਡਸਾ ਨੇ 90 ਵਿਆਂ ਵਿਚ ਪੂਰੀ ਕਰਕੇ ਸੁਰਖੁਰੂ ਹੋਕੇ ਬਕਾਇਦਾ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕਰਵਾਈ। 
 
 
 
 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ