ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜੂਨ 1984 ਦੇ ਘੱਲੂਘਾਰੇ ਦੌਰਾਨ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ ਅਤੇ ਨਿਰਦੋਸ਼ ਸ਼ਰਧਾਲੂਆਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਸਿੱਖ ਕੌਮ ਦੀ ਅਣਖ, ਆਤਮ-ਸਨਮਾਨ ਅਤੇ ਧਾਰਮਿਕ ਹੋਂਦ ਦੀ ਰੱਖਿਆ ਲਈ ਦਿੱਤੀਆਂ ਗਈਆਂ ਅਮਰ ਕੁਰਬਾਨੀਆਂ ਹਨ, ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਵਿਚਾਰ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਮੌਕੇ ਸੰਬੋਧਨ ਕਰਦਿਆਂ ਰੱਖੇ। ਉਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਨੇ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਸੀ। ਸਰਦਾਰ ਕਾਲਕਾ ਨੇ ਕਿਹਾ ਕਿ ਜੂਨ 1984 ਦੇ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ-ਨਾਲ ਉਨ੍ਹਾਂ ਸਿੰਘਾਂ ਨੂੰ ਵੀ ਯਾਦ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ, ਜੋ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਈ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦਾ ਮਾਮਲਾ ਸਿਰਫ਼ ਇੱਕ ਕਾਨੂੰਨੀ ਨਹੀਂ, ਸਗੋਂ ਮਨੁੱਖੀ ਅਤੇ ਨੈਤਿਕ ਪੱਖ ਨਾਲ ਵੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਜਦੋਂ ਕੌਮ ਇਕਜੁੱਟ ਹੋ ਕੇ ਆਪਣੇ ਇਤਿਹਾਸ, ਅਸੂਲਾਂ ਅਤੇ ਅਧਿਕਾਰਾਂ ਦੀ ਰੱਖਿਆ ਲਈ ਯਤਨਸ਼ੀਲ ਰਹੇਗੀ। ਸਰਦਾਰ ਕਾਲਕਾ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਸਮੁੱਚੀ ਸਿੱਖ ਕੌਮ ਨੂੰ ਚੜ੍ਹਦੀ ਕਲਾ, ਏਕਤਾ ਅਤੇ ਪੰਥਕ ਸੇਵਾ ਦੀ ਤਾਕਤ ਬਖ਼ਸ਼ੀ ਜਾਵੇ।