Thursday, May 14, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Delhi

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਨੂੰ ਪਿਆ ਬੂਰ ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਓਵਰਬ੍ਰਿਜਾਂ ਅਤੇ ਰਾਜਮਾਰਗਾਂ ਦੇ ਕਾਰਜਾਂ ਨੂੰ ਮੁਕੰਮਲ ਕਰਨ ਦਾ ਰਾਹ ਪੱਧਰਾ ਹੋਇਆ

May 13, 2026 09:35 PM
Rozana Sehaj times
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਇੱਕ ਮਹੱਤਵਪੂਰਨ ਮੀਟਿੰਗ ਉਪਰੰਤ ਕੇਂਦਰ ਨੇ ਪੰਜਾਬ ਵਿੱਚ ਲੰਬੇ ਸਮੇਂ ਤੋਂ ਲਟਕ ਰਹੇ ਹਾਈਵੇਅ ਅਤੇ ਫਲਾਈਓਵਰ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਭਰੋਸਾ ਦਿੱਤਾ, ਜਿਸ ਨਾਲ ਮੱਖੂ, ਆਦਮਪੁਰ ਅਤੇ ਭਵਾਨੀਗੜ੍ਹ ਵਿਖੇ ਰੁਕੇ ਹੋਏ ਬੁਨਿਆਦੀ ਢਾਂਚੇ ਸਬੰਧੀ ਕਾਰਜਾਂ ਵਿੱਚ ਤੇਜ਼ੀ ਆਵੇਗੀ ਅਤੇ ਸੂਬੇ ਭਰ ਦੇ ਮੁੱਖ ਸੜਕੀ ਮਾਰਗਾਂ ਦੇ ਵੱਡੇ ਪੱਧਰ 'ਤੇ ਵਿਸਥਾਰ ਅਤੇ ਚਹੁੰ-ਮਾਰਗੀ ਹੋਣ ਦੀ ਸੰਭਾਵਨਾ ਹੈ। ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਣਨੀਤਕ ਤੌਰ 'ਤੇ ਮਹੱਤਵਪੂਰਨ ਸੜਕਾਂ, ਜਿਨ੍ਹਾਂ ਵਿੱਚ ਕੌਮਾਂਤਰੀ ਸਰਹੱਦ ਨੇੜੇ ਫਿਰੋਜ਼ਪੁਰ-ਫਾਜ਼ਿਲਕਾ ਗਲਿਆਰਾ ਵੀ ਸ਼ਾਮਲ ਹੈ, ਨੂੰ ਕੌਮੀ ਰਾਜਮਾਰਗ ਐਲਾਨਣ ਦੀ ਪੰਜਾਬ ਦੀ ਮੰਗ ਵੀ ਉਠਾਈ। ਉਨ੍ਹਾਂ ਨੇ ਦੇਰੀ ਅਤੇ ਰੁਕਾਵਟਾਂ ਕਾਰਨ ਸਾਲਾਂ ਤੋਂ ਰੁਕੇ ਹੋਏ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਲਾਗੂ ਕਰਨ 'ਤੇ ਜ਼ੋਰ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਸੁਨਾਮ, ਚੀਮਾ ਮੰਡੀ, ਭੀਖੀ, ਮਾਨਸਾ ਅਤੇ ਮੌੜ ਰਾਹੀਂ ਭਵਾਨੀਗੜ੍ਹ-ਕੋਟਸ਼ਮੀਰ ਸੜਕ ਨੂੰ ਚਾਰ-ਮਾਰਗੀ ਕਰਨ ਦਾ ਵੀ ਭਰੋਸਾ ਦਿੱਤਾ ਹੈ। ਇਸ ਤੋਂ ਇਲਾਵਾ ਬਰਨਾਲਾ-ਬਾਜਾਖਾਨਾ ਅਤੇ ਮਲੇਰਕੋਟਲਾ-ਬਰਨਾਲਾ ਗਲਿਆਰਿਆਂ ਦਾ ਵਿਸਥਾਰ ਵੀ ਕੀਤਾ ਗਿਆ ਹੈ, ਜਿਸ ਨੂੰ ਪੰਜਾਬ ਦੇ ਸੜਕੀ ਸੰਪਰਕ, ਆਰਥਿਕ ਆਵਾਜਾਈ ਅਤੇ ਜਨਤਕ ਸੁਰੱਖਿਆ ਲਈ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਸਰਕਾਰ ਦੀ ਸੂਬੇ ਭਰ ਵਿੱਚ ਜਾਨਾਂ ਦੀ ਰਾਖੀ ਅਤੇ ਸੁਰੱਖਿਅਤ ਹਾਈਵੇਅ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ 'ਸੜਕ ਸੁਰਖਿਆ ਫੋਰਸ' ਦੇ ਕੰਮਕਾਜ ਦੀ ਭਰਪੂਰ ਸ਼ਲਾਘਾ ਕੀਤੀ।

ਮੁੱਖ ਮੰਤਰੀ ਨੇ ਸ੍ਰੀ ਨਿਤਿਨ ਗਡਕਰੀ ਨਾਲ ਅੱਜ ਮੀਟਿੰਗ ਕਰਕੇ ਵਡੇਰੇ ਜਨਤਕ ਹਿੱਤ ਵਿੱਚ ਅੰਮ੍ਰਿਤਸਰ ਦੇ ਵੱਲ੍ਹਾ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਐਨ.ਐਚ.ਏ.ਆਈ. ਵੱਲੋਂ ਐਵਾਰਡ ਕੀਤਾ ਗਿਆ ਸੀ ਜੋ 15 ਸਤੰਬਰ, 2023 ਤੱਕ ਮੁਕੰਮਲ ਹੋਣਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਮੁਕੰਮਲ ਹੋਣ ਦੀ ਮਿਆਦ ਵਿੱਚ ਵਾਰ-ਵਾਰ ਵਾਧਾ ਹੋਣ ਦੇ ਬਾਵਜੂਦ ਇਹ ਕੰਮ ਅਜੇ ਵੀ ਅਧੂਰਾ ਹੈ ਅਤੇ ਇਸ ਨੂੰ ਮੁਕੰਮਲ ਕਰਨ ਦੀ ਤਰੀਕ ਵਧਾ ਕੇ 30 ਅਪ੍ਰੈਲ, 2026 ਤੱਕ ਤੈਅ ਕੀਤੀ ਗਈ ਸੀ ਪਰ ਅਜੇ ਤੱਕ 76 ਫੀਸਦੀ ਕੰਮ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਲਾਂਘੇ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਕਿਉਂਕਿ ਇਹ ਲਾਂਘਾ ਅੰਮ੍ਰਿਤਸਰ ਏਅਰਪੋਰਟ ਅਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਜੋੜਦਾ ਹੈ ਅਤੇ ਵੀ.ਆਈ.ਪੀਜ਼ ਦੀ ਨਿਰੰਤਰ ਆਵਾਜਾਈ ਸਮੇਤ ਭਾਰੀ ਟ੍ਰੈਫਿਕ ਨਾਲ ਵੀ ਨਜਿੱਠਦਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਵਿੱਚ ਲਗਾਤਾਰ ਦੇਰੀ ਹੋਣ ਨਾਲ ਭੀੜ-ਭੜੱਕਾ ਵਧਦਾ ਹੈ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਐਨ.ਐਚ.ਏ.ਆਈ. ਨੂੰ ਵੱਲ੍ਹਾ ਫਲਾਈਓਵਰ ਦੇ ਬਾਕੀ ਰਹਿੰਦੇ ਕੰਮ ਨੂੰ ਛੇਤੀ ਮੁਕੰਮਲ ਕਰਨ ਲਈ ਤੁਰੰਤ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਨਿਰਧਾਰਤ ਸਮੇਂ ਵਿੱਚ ਪ੍ਰਾਜੈਕਟ ਪੂਰਾ ਕੀਤਾ ਜਾ ਸਕੇ। ਜਲੰਧਰ-ਹੁਸ਼ਿਆਰਪੁਰ-ਮਨਾਲੀ ਰੋਡ ਐਨ.ਐਚ.-70 ਦੇ ਚਾਰ ਮਾਰਗੀ ਦੇ ਇਕ ਹੋਰ ਮਹੱਤਵਪੂਰਨ ਮੁੱਦੇ ਨੂੰ ਉਠਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ ਰੋਡ ਧਾਰਮਿਕ, ਸੈਰ-ਸਪਾਟਾ, ਆਰਥਿਕ ਅਤੇ ਰਣਨੀਤਿਕ ਨਜ਼ਰੀਏ ਤੋਂ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਰੋਡ ਮਾਤਾ ਚਿੰਤਪੁਰਨੀ ਜੀ ਮੰਦਰ, ਮਾਤਾ ਜਵਾਲਾ ਜੀ ਮੰਦਰ, ਮਾਤਾ ਚਮੁੰਡਾ ਦੇਵੀ ਜੀ ਮੰਦਿਰ, ਧਰਮਸ਼ਾਲਾ, ਮਨਾਲੀ ਅਤੇ ਪਾਲਮਪੁਰ ਸਮੇਤ ਹਿਮਾਚਲ ਪ੍ਰਦੇਸ਼ ਵਿੱਚ ਪ੍ਰਸਿੱਧ ਧਾਰਮਿਕ ਅਸਥਾਨਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਜੋੜਦਾ ਹੈ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰੋਡ ਨਾਲ ਲਗਦੇ ਆਦਮਪੁਰ ਏਅਰਪੋਰਟ ਕਰਕੇ ਰਣਨੀਤਿਕ ਪੱਖ ਤੋਂ ਇਹ ਬਹੁਤ ਮਹੱਤਵਪੂਰਨ ਹੈ ਕਿਉਂ ਜੋ ਇਹ ਏਅਰਪੋਰਟ ਦੋਆਬਾ ਖੇਤਰ ਅਤੇ ਇਸ ਖਿੱਤੇ ਵਿੱਚ ਵੀ.ਵੀ.ਆਈ.ਪੀਜ਼ ਦੇ ਦੌਰਿਆਂ ਲਈ ਵਰਤਿਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ-ਹੁਸ਼ਿਆਰਪੁਰ ਰੋਡ ਨੂੰ ਚਾਰ ਮਾਰਗੀ ਕਰਨ ਦੇ ਪ੍ਰਾਜੈਕਟ ਨੂੰ ਸਾਲ 2016 ਵਿੱਚ ਪ੍ਰਵਾਨਗੀ ਮਿਲੀ ਸੀ ਜਿਸ ਤੋਂ ਬਾਅਦ ਠੇਕੇਦਾਰ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਪ੍ਰਾਜੈਕਟ ਦੇ ਬਾਕੀ ਰਹਿੰਦੇ ਕੰਮ ਦੀ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਸੂਬਾ ਸਰਕਾਰ ਨੇ ਮੰਤਰਾਲੇ ਕੋਲ ਜਮ੍ਹਾਂ ਕਰਵਾਈ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪੰਜਾਬ ਲਈ ਬਹੁਤ ਅਹਿਮੀਅਤ ਰੱਖਦਾ ਹੈ। ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਕਿ ਮੰਤਰਾਲੇ ਪਾਸੋਂ ਪ੍ਰਵਾਨਗੀ ਦੇਣ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਕਿ ਇਸ ਪ੍ਰਾਜੈਕਟ ਦਾ ਕੰਮ ਸ਼ੁਰੂ ਕੀਤਾ ਜਾ ਸਕੇ।

ਚੰਡੀਗੜ੍ਹ-ਲਾਂਡਰਾਂ-ਚੁੰਨੀ-ਸਰਹਿੰਦ ਸੜਕ ਨੂੰ ਕੌਮੀ ਰਾਜਮਾਰਗ ਐਲਾਨਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਹ ਸੜਕ ਐਸਏਐਸ ਨਗਰ ਜ਼ਿਲ੍ਹੇ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਨਾਲ ਜੋੜਨ ਵਾਲੀ ਸੂਬੇ ਦੀ ਮਹੱਤਵਪੂਰਨ ਸੜਕ ਹੈ, ਜਿਸਦੀ ਵਧੇਰੇ ਇਤਿਹਾਸਕ ਮਹੱਤਤਾ ਹੈ। "ਇਹ ਸੜਕ ਸੋਹਾਣਾ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਦੇ ਨੇੜੇ ਤੋਂ ਸ਼ੁਰੂ ਹੁੰਦੀ ਹੈ ਅਤੇ ਲਖਨੌਰ, ਲਾਂਡਰਾਂ, ਝੰਝੇੜੀ ਅਤੇ ਚੁੰਨੀ ਵਿੱਚੋਂ ਲੰਘਦਿਆਂ ਫਤਿਹਗੜ੍ਹ ਸਾਹਿਬ ਵਿਖੇ ਖਤਮ ਹੁੰਦੀ ਹੈ। ਮੌਜੂਦਾ ਸਮੇਂ ਇਹ ਮੁੱਖ ਤੌਰ 'ਤੇ 10-ਮੀਟਰ ਕੈਰੇਜਵੇਅ ਚੌੜਾਈ ਦੇ ਨਾਲ ਦੋ-ਮਾਰਗੀ ਹੈ, ਹਾਲਾਂਕਿ ਕੁਝ ਹਿੱਸਿਆਂ ਨੂੰ ਪਹਿਲਾਂ ਹੀ ਚਾਰ ਮਾਰਗੀ ਕਰ ਦਿੱਤਾ ਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ "ਭਾਰਤਮਾਲਾ ਪ੍ਰੋਜੈਕਟ ਅਧੀਨ ਅੰਬਾਲਾ-ਚੰਡੀਗੜ੍ਹ ਗ੍ਰੀਨਫੀਲਡ ਹਾਈਵੇਅ ਪ੍ਰੋਜੈਕਟ ਵੀ ਪਿੰਡ ਝੰਝੇੜੀ ਵਿਖੇ ਇਸ ਸੜਕ ਨੂੰ ਪਾਰ ਕਰਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹਰ ਸਾਲ ਦਸੰਬਰ ਦੇ ਮਹੀਨੇ ਦੌਰਾਨ, ਲੱਖਾਂ ਸ਼ਰਧਾਲੂ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਸ਼ਹੀਦੀ ਸਭਾ ਦੌਰਾਨ ਫਤਿਹਗੜ੍ਹ ਸਾਹਿਬ ਆਉਂਦੇ ਹਨ। ਇਸ ਸਮੇਂ ਦੌਰਾਨ 37.26 ਕਿਲੋਮੀਟਰ ਲੰਬੀ ਇਸ ਸੜਕ ’ਤੇ  ਭਾਰੀ ਆਵਾਜਾਈ ਰਹਿੰਦੀ ਹੈ। ਇਸ ਸੜਕ ਦੀ ਰਣਨੀਤਕ ਅਤੇ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਜ਼ਰੂਰੀ ਹੈ ਕਿ ਇਸਨੂੰ ਕੌਮੀ ਰਾਜਮਾਰਗ ਘੋਸ਼ਿਤ ਕੀਤਾ ਜਾਵੇ। ਇਕ ਹੋਰ ਏਜੰਡੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਨਿਤਿਨ ਗਡਕਰੀ ਕੋਲ ਧਰਮਕੋਟ-ਜ਼ੀਰਾ-ਫਿਰੋਜ਼ਪੁਰ-ਫਾਜ਼ਿਲਕਾ ਰੋਡ ਨੂੰ ਕੌਮੀ ਮਾਰਗ ਐਲਾਨਣ ਲਈ ਜ਼ੋਰ ਪਾਇਆ। ਉਨ੍ਹਾਂ ਕਿਹਾ ਕਿ ਇਹ ਰੋਡ ਸੂਬੇ ਵਿੱਚ ਕੌਮੀ ਮਾਰਗਾਂ ਨਾਲ ਜੁੜਦਾ ਹੈ ਅਤੇ ਇਹ ਰੋਡ ਪਾਕਿਸਤਾਨ ਨਾਲ ਲਗਦੀ ਕੌਮਾਂਤਰੀ ਸਰਹੱਦ ਦੇ ਵੀ ਨੇੜੇ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲਾਂਘਾ ਰੱਖਿਆ ਤੇ ਸੁਰੱਖਿਆ ਦੇ ਲਿਹਾਜ਼ ਤੋਂ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਿਖੇ ਸਥਿਤ ਫੌਜ ਦੀ ਅਥਾਰਟੀ ਵੀ ਇਸ ਰੋਡ ਨੂੰ ਚੌੜਾ ਕਰਕੇ ਚਾਰ ਮਾਰਗੀ ਬਣਾਉਣ ਲਈ ਲਗਾਤਾਰ ਜ਼ੋਰ ਪਾ ਰਹੀ ਹੈ ਤਾਂ ਕਿ ਫੌਜ ਦੇ ਵਾਹਨਾਂ ਦੀ ਤੇਜ਼ੀ ਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨੂੰ ਦੱਸਿਆ ਕਿ ਸੜਕ ਦੀ ਕੁੱਲ ਲੰਬਾਈ 144.555 ਕਿਲੋਮੀਟਰ ਹੈ ਅਤੇ ਇਸ ਸੜਕ 'ਤੇ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਔਸਤ ਗਿਣਤੀ ਰਾਸ਼ਟਰੀ ਰਾਜ ਮਾਰਗਾਂ ਦੇ ਮੁਕਾਬਲੇ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਕੌਰੀਡੋਰ (ਸੜਕੀ ਮਾਰਗ) ਵਿੱਚ ਪਛਾਣ ਕੀਤੇ ਗਏ 11 ਬਲੈਕ ਸਪਾਟ ਹਨ ਅਤੇ ਫਿਰੋਜ਼ਪੁਰ-ਫਾਜ਼ਿਲਕਾ ਸੈਕਸ਼ਨ ਵਿੱਚ 2020 ਤੋਂ 2022 ਦੌਰਾਨ 162 ਹਾਦਸੇ ਹੋਏ, ਜਿਨ੍ਹਾਂ ਵਿੱਚੋਂ 138 ਹਾਦਸੇ ਕਾਫ਼ੀ ਘਾਤਕ ਸਨ, ਜੋ ਇਸ ਦੀ ਸਮਰੱਥਾ ਵਧਾਉਣ ਅਤੇ ਸੁਰੱਖਿਆ ਵਿੱਚ ਸੁਧਾਰ ਦੀ ਫੌਰੀ ਲੋੜ ਨੂੰ ਦਰਸਾਉਂਦਾ ਹੈ।

ਭਗਵੰਤ ਸਿੰਘ ਮਾਨ ਨੇ ਕੇਂਦਰੀ ਮੰਤਰੀ ਨੂੰ ਧਰਮਕੋਟ-ਜ਼ੀਰਾ-ਫਿਰੋਜ਼ਪੁਰ-ਫਾਜ਼ਿਲਕਾ ਸੜਕ ਦੇ ਅੰਤਰ-ਕੌਮੀ ਮਾਰਗ ਸੰਪਰਕ, ਰਣਨੀਤਕ ਤੇ ਸੁਰੱਖਿਆ ਮਹੱਤਤਾ, ਜ਼ਿਆਦਾ ਆਵਾਜਾਈ ਅਤੇ ਸੜਕ ਸੁਰੱਖਿਆ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਰਾਜ ਵਿੱਚ ਇਸ ਸੜਕ ਨੂੰ ਕੌਮੀ ਰਾਜ ਮਾਰਗ ਐਲਾਨਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਸੂਬੇ ਵਿੱਚ 'ਬਲਾਚੌਰ-ਹੁਸ਼ਿਆਰਪੁਰ-ਦਸੂਹਾ' ਸੜਕ ਨੂੰ ਕੌਮੀ ਰਾਜਮਾਰਗ ਐਲਾਨਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਦੀ ਕੁੱਲ ਲੰਬਾਈ 104.96 ਕਿਲੋਮੀਟਰ ਹੈ ਅਤੇ ਇਹ ਫਗਵਾੜਾ-ਰੂਪਨਗਰ ਰਾਸ਼ਟਰੀ ਰਾਜਮਾਰਗ ਨੂੰ ਪਠਾਨਕੋਟ-ਜਲੰਧਰ ਰਾਸ਼ਟਰੀ ਰਾਜਮਾਰਗ ਨਾਲ ਜੋੜਦੀ ਹੈ ਅਤੇ ਚੰਡੀਗੜ੍ਹ/ਮੋਹਾਲੀ ਅਤੇ ਪਠਾਨਕੋਟ/ਜੰਮੂ ਤੇ ਕਸ਼ਮੀਰ ਦਰਮਿਆਨ ਅਹਿਮ ਲਿੰਕ ਵਜੋਂ ਕੰਮ ਕਰਦੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਰਣਨੀਤਕ ਸੰਪਰਕ ਅਤੇ ਖੇਤਰੀ ਮਹੱਤਤਾ ਦੇ ਕਾਰਨ ਇਸ ਸੜਕ ‘ਤੇ ਯਾਤਰੂ ਤੇ ਟਰਾਂਸਪੋਰਟ ਵਾਹਨਾਂ ਅਤੇ ਵਪਾਰਕ ਆਵਾਜਾਈ ਕਾਫ਼ੀ ਰਹਿੰਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸੜਕ ਦਾ ਜ਼ਿਆਦਾਤਰ ਹਿੱਸਾ ਬਿਨਾਂ ਡਿਵਾਇਡਰ ਵਾਲਾ ਹੈ, ਜਿਸ ਦੇ ਨਤੀਜੇ ਵਜੋਂ ਕਈ ਥਾਵਾਂ 'ਤੇ ਟ੍ਰੈਫਿਕ ਜ਼ਿਆਦਾ ਹੋ ਜਾਂਦਾ ਹੈ, ਅਕਸਰ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਰਾਹਗੀਰਾਂ ਨੂੰ ਕਾਫ਼ੀ ਦੇਰੀ ਹੁੰਦੀ ਹੈ, ਜਿਸ ਕਾਰਨ ਇਸ ਨੂੰ ਰਾਸ਼ਟਰੀ ਰਾਜਮਾਰਗ ਐਲਾਨਿਆ ਜਾਣਾ ਚਾਹੀਦਾ ਹੈ।

ਇਕ ਹੋਰ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੇ ਬਠਿੰਡਾ-ਮਲੋਟ ਰੋਡ 'ਤੇ ਹੁਸਨਰ ਚੌਕ, ਗਿੱਦੜਬਾਹਾ ਵਿਖੇ ਫਲਾਈਓਵਰ 'ਤੇ ਵਿਊ ਕਟਰ (ਸੁਰੱਖਿਆ ਬੈਰੀਅਰ) ਦੀ ਲੋੜ 'ਤੇ ਜ਼ੋਰ ਦਿੱਤਾ, ਜੋ ਐਨ.ਐਚ.ਏ.ਆਈ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਫਲਾਈਓਵਰ ਦੇ ਦੋਵੇਂ ਪਾਸੇ ਸੰਘਣੀ ਵਸੋਂ ਵਾਲੇ ਰਿਹਾਇਸ਼ੀ ਅਤੇ ਵਪਾਰਕ ਅਦਾਰੇ ਹਨ, ਜਿਸ ਕਾਰਨ ਹੁਸਨਰ ਚੌਕ, ਗਿੱਦੜਬਾਹਾ ਵਿਖੇ ਵਿਊ ਕਟਰ ਲਾਉਣਾ ਜ਼ਰੂਰੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਦੇ ਨਾਲ-ਨਾਲ ਰਾਹਗੀਰਾਂ ਦੀ ਸੁਰੱਖਿਆ ਅਤੇ ਟਰੈਫਿਕ ਦੀ ਨਿਰਵਿਘਨ ਤੇ ਮੁਸ਼ਕਲ ਰਹਿਤ ਆਵਾਜਾਈ ਸਮੇਂ ਦੀ ਮੁੱਖ ਲੋੜ ਹੈ।

ਮੁੱਖ ਮੰਤਰੀ ਨੇ 53.76 ਕਿਲੋਮੀਟਰ ਲੰਬੀ ਭਵਾਨੀਗੜ੍ਹ-ਸੁਨਾਮ-ਭੀਖੀ-ਕੋਟਸ਼ਮੀਰ ਰੋਡ ਨੂੰ ਚਹੁੰ-ਮਾਰਗੀ ਕਰਨ ਅਤੇ ਇਸ ਦੀ ਰਣਨੀਤਕ ਮਹੱਤਤਾ ਦੇ ਮੱਦੇਨਜ਼ਰ ਇਸ ਨੂੰ ਕੌਮੀ ਮਾਰਗ ਐਲਾਨਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਨੂੰ ਬਠਿੰਡਾ, ਮਾਨਸਾ, ਤਲਵੰਡੀ ਸਾਬੋ, ਸਿਰਸਾ ਅਤੇ ਪੰਜਾਬ ਦੇ ਨਾਲ-ਨਾਲ ਹਰਿਆਣਾ ਦੇ ਨਾਲ ਲੱਗਦੇ ਹੋਰ ਪ੍ਰਮੁੱਖ ਸਥਾਨਾਂ ਨਾਲ ਜੋੜਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਸੜਕ 'ਤੇ ਰੋਜ਼ਾਨਾ ਆਵਾਜਾਈ ਕਾਫ਼ੀ ਰਹਿੰਦੀ ਹੈ ਅਤੇ ਇਹ ਯਾਤਰੀਆਂ ਅਤੇ ਮਾਲ, ਦੋਵਾਂ ਦੀ ਆਵਾਜਾਈ ਲਈ ਅਹਿਮ ਕੜੀ ਵਜੋਂ ਕੰਮ ਕਰਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਮਾਰਗ-7 ਦੇ ਪਟਿਆਲਾ-ਭਵਾਨੀਗੜ੍ਹ ਹਿੱਸੇ ਨੂੰ ਪਹਿਲਾਂ ਹੀ ਚਾਰ-ਮਾਰਗੀ ਹਾਈਵੇਅ ਵਜੋਂ ਵਿਕਸਤ ਕੀਤਾ ਗਿਆ ਹੈ, ਜੋ ਭਵਾਨੀਗੜ੍ਹ ਤੱਕ ਨਿਰਵਿਘਨ ਅਤੇ ਉੱਚ-ਸਮਰੱਥਾ ਕੁਨੈਕਟੀਵਿਟੀ ਨੂੰ ਯਕੀਨੀ ਬਣਾਉਂਦਾ ਹੈ। ਭਵਾਨੀਗੜ੍ਹ-ਸੁਨਾਮ-ਭੀਖੀ-ਕੋਟਸ਼ਮੀਰ ਸੜਕ ਕੋਟਸ਼ਮੀਰ ਤੱਕ ਦੋ-ਮਾਰਗੀ ਹੋ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਚਾਰ-ਮਾਰਗੀ ਕੌਮੀ ਰਾਜਮਾਰਗ ਤੋਂ ਦੋ-ਮਾਰਗੀ ਰਾਜਮਾਰਗ ਵਿੱਚ ਇਸ ਅਚਾਨਕ ਤਬਦੀਲੀ ਨਾਲ ਕੇਵਲ ਆਵਾਜਾਈ ਲਈ ਗੰਭੀਰ ਰੁਕਾਵਟਾਂ ਪੈਦਾ ਕਰਦੀ ਹੈ ਸਗੋਂ ਭੀੜ-ਭੜੱਕਾ ਵਧਣ ਨਾਲ ਹਾਦਸਿਆਂ ਦਾ ਜ਼ੋਖਮ ਵੀ ਵਧਦਾ ਹੈ।

ਉਨ੍ਹਾਂ ਕਿਹਾ ਕਿ ਸੜਕ ਦੀ ਕਾਫ਼ੀ ਲੰਬਾਈ ਦੇ ਨਾਲ-ਨਾਲ ਢੁਕਵਾਂ ਰਾਈਟ ਆਫ਼ ਵੇ (ਆਰ.ਓ.ਡਬਲਿਊ.) ਪਹਿਲਾਂ ਹੀ ਉਪਲਬਧ ਹੈ ਅਤੇ ਸੁਨਾਮ, ਚੀਮਾ ਅਤੇ ਭੀਖੀ ਸਮੇਤ ਕੁਝ ਹਿੱਸਿਆਂ ਨੂੰ ਚਾਰ-ਮਾਰਗੀ ਬਣਾਉਣ ਲਈ ਪਹਿਲਾਂ ਹੀ ਚੌੜਾ ਕੀਤਾ ਜਾ ਚੁੱਕਾ ਹੈ। ਇਸ ਸੜਕ ਨੂੰ ਚਾਰ-ਮਾਰਗੀ ਬਣਾਉਣ ਅਤੇ ਰਾਸ਼ਟਰੀ ਰਾਜਮਾਰਗ ਐਲਾਨਣ ਦੀ ਮੰਗ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਨਾ ਸਿਰਫ਼ ਇਕਸਾਰ ਕੌਰੀਡੋਰ ਸਮਰੱਥਾ, ਸੁਚਾਰੂ ਆਵਾਜਾਈ , ਭੀੜ-ਭੜੱਕਾ ਘਟਾਉਣ ਨੂੰ ਯਕੀਨੀ ਬਣਾਏਗਾ ਬਲਕਿ ਸੜਕ ਸੁਰੱਖਿਆ ਨੂੰ ਵਧਾਉਣ ਅਤੇ ਖੇਤਰੀ ਆਰਥਿਕ ਵਿਕਾਸ ਵਿੱਚ ਸਹਿਯੋਗ ਵੀ ਦੇਵੇਗਾ।

ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨੂੰ ਬੰਗਾ-ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਸੜਕ ਨੂੰ ਕੌਮੀ ਰਾਜਮਾਰਗ ਐਲਾਨਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਸਮੇਤ ਪ੍ਰਮੁੱਖ ਧਾਰਮਿਕ ਸਥਾਨਾਂ ਨੂੰ ਜੋੜਦੀ ਹੈ ਅਤੇ ਆਰਥਿਕ, ਸੈਰ-ਸਪਾਟਾ ਅਤੇ ਧਾਰਮਿਕ ਉਦੇਸ਼ਾਂ ਲਈ ਹਿਮਾਚਲ ਪ੍ਰਦੇਸ਼ ਨੂੰ ਹੋਰ ਜੋੜਦੀ ਹੈ। ਘਰੇਲੂ ਅਤੇ ਵਿਦੇਸ਼ੀ ਸੈਲਾਨੀ ਨਿਯਮਿਤ ਤੌਰ 'ਤੇ ਇਨ੍ਹਾਂ ਧਾਰਮਿਕ ਸਥਾਨਾਂ 'ਤੇ ਆਉਂਦੇ ਹਨ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਾਤਾ ਨੈਣਾ ਦੇਵੀ ਜੀ ਮੰਦਰ ਦੀ ਯਾਤਰਾ ਕਰਦੇ ਹਨ ਜਿਸ ਕਾਰਨ ਇਸ ਸੜਕ ਨੂੰ ਕੌਮੀ ਰਾਜਮਾਰਗ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਹੈ।

ਇੱਕ ਹੋਰ ਅਹਿਮ ਮੁੱਦਾ ਉਠਾਉਂਦਿਆਂ ਮੁੱਖ ਮੰਤਰੀ ਨੇ ਬਰਨਾਲਾ-ਬਾਜਾਖਾਨਾ ਸੜਕ ਨੂੰ ਕੌਮੀ ਰਾਜਮਾਰਗ ਐਲਾਨਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸੜਕ ਬਰਨਾਲਾ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਲਈ ਆਵਾਜਾਈ ਦੀ ਸਹੂਲਤ ਲਈ ਮਹੱਤਵਪੂਰਨ ਹੈ ਜੋ ਮਾਲਵਾ ਖੇਤਰ ਅਤੇ ਨਾਲ ਲੱਗਦੇ ਰਾਜਸਥਾਨ ਦੇ ਪ੍ਰਮੁੱਖ ਵਪਾਰਕ, ਖੇਤੀਬਾੜੀ ਅਤੇ ਉਦਯੋਗਿਕ ਕੇਂਦਰਾਂ ਨੂੰ ਸੰਪਰਕ ਪ੍ਰਦਾਨ ਕਰਦੀ ਹੈ। ਮੌਜੂਦਾ ਦੋ-ਮਾਰਗੀ ਸੜਕ ਮੌਜੂਦਾ ਅਤੇ ਭਵਿੱਖੀ ਆਵਾਜਾਈ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਨਾਕਾਫ਼ੀ ਹੈ, ਜਿਸ ਕਾਰਨ ਇਸ ਨੂੰ ਕੌਮੀ ਰਾਜਮਾਰਗ ਐਲਾਨਣਾ ਅਤੇ ਚਾਰ-ਮਾਰਗੀ ਕਰਨਾ ਬੇਹੱਦ ਜ਼ਰੂਰੀ ਹੈ।

ਮੁੱਖ ਮੰਤਰੀ ਨੇ ਬਰਨਾਲਾ-ਮਾਲੇਰਕੋਟਲਾ ਵਾਇਆ ਸ਼ੇਰਪੁਰ ਸੜਕ ਨੂੰ ਚਾਰ-ਮਾਰਗੀ ਕਰਨ ਅਤੇ ਕੌਮੀ ਰਾਜਮਾਰਗ ਐਲਾਨਣ ਦੀ ਮੰਗ ਕੀਤੀ। ਉਨ੍ਹਾਂ ਅੱਗੇ ਕਿਹਾ, "ਇਹ ਸੜਕ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਲਈ ਆਵਾਜਾਈ ਦੀ ਸਹੂਲਤ ਦਿੰਦਾ ਹੈ ਅਤੇ ਮਾਲਵਾ ਖੇਤਰ ਦੇ ਪ੍ਰਮੁੱਖ ਖੇਤੀਬਾੜੀ, ਉਦਯੋਗਿਕ ਅਤੇ ਵਪਾਰਕ ਕੇਂਦਰਾਂ ਨੂੰ ਵੀ ਜੋੜਦਾ ਹੈ। ਇਹ ਪ੍ਰਾਜੈਕਟ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ਦਰਮਿਆਨ ਸੰਪਰਕ ਵਿੱਚ ਅਹਿਮ ਸੁਧਾਰ ਕਰੇਗਾ ਅਤੇ ਭੀੜ-ਭੜੱਕਾ, ਸਮਾਂ, ਵਾਹਨਾਂ ਦੇ ਸੰਚਾਲਨ ਖਰਚੇ ਅਤੇ ਦੁਰਘਟਨਾ ਦੇ ਜੋਖਮਾਂ ਨੂੰ ਘਟਾਏਗਾ।"

ਇੱਕ ਹੋਰ ਮੁੱਦੇ ਚੁੱਕਦਿਆਂ ਮੁੱਖ ਮੰਤਰੀ ਨੇ ਭਵਾਨੀਗੜ੍ਹ ਵਿੱਚ ਭਾਰੀ ਆਵਾਜਾਈ ਅਤੇ ਭੀੜ-ਭੜੱਕੇ ਜਿਹੀਆਂ ਸਮੱਸਿਆਵਾਂ ਕਾਰਨ ਐਲੀਵੇਟਿਡ ਕੋਰੀਡੋਰ/ਫਲਾਈਓਵਰ ਦੇ ਨਿਰਮਾਣ ਦੀ ਵੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ, ਜਿਸ ਦੇ ਰਾਸ਼ਟਰੀ ਰਾਜਮਾਰਗ ਦੇ ਦੋਵੇਂ ਪਾਸੇ ਸਾਰੇ ਵਪਾਰਕ ਅਦਾਰੇ ਅਤੇ ਦੁਕਾਨਾਂ ਮੌਜੂਦ ਹਨ ਅਤੇ ਸ਼ਹਿਰ ਦੇ ਦੋਵੇਂ ਪਾਸੇ ਫਲਾਈਓਵਰ ਹੋਣ ਕਾਰਨ ਇਸ ਵਿੱਚ ਤੇਜ਼ੀ ਨਾਲ ਆਵਾਜਾਈ ਦਾਖਲ ਹੁੰਦੀ ਹੈ, ਜਿਸ ਕਾਰਨ ਹਾਦਸੇ ਵਾਪਰਦੇ ਹਨ।

ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹਨਾਂ ਨੇ ਐਨ.ਐਚ.ਏ.ਆਈ. ਨੂੰ ਲੋਕਾਂ ਦੀ  ਸੁਰੱਖਿਆ, ਭੀੜ-ਭੜੱਕੇ ਨੂੰ ਘਟਾਉਣ ਅਤੇ  ਸੁਚਾਰੂ ਆਵਾਜਾਈ ਦੇ ਹਿੱਤਾਂ ਲਈ ਭਵਾਨੀਗੜ੍ਹ ਸ਼ਹਿਰ ਵਿੱਚੋਂ ਇੱਕ ਐਲੀਵੇਟਿਡ ਕੋਰੀਡੋਰ/ਫਲਾਈਓਵਰ ਦੀ ਉਸਾਰੀ ਦੀ ਜਾਂਚ ਕਰਨ ਅਤੇ ਕੰਮ ਸ਼ੁਰੂ ਕਰਨ ਬੇਨਤੀ ਕੀਤੀ ਹੈ।

ਇਸ ਦੌਰਾਨ ਇੱਕ ਹੋਰ ਅਹਿਮ ਮੁੱਦੇ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਨਿਤਿਨ ਗਡਕਰੀ ਨੂੰ ਸੈਂਟਰਲ ਰੋਡ ਐਂਡ ਇਨਫਰਾਸਟ੍ਰਕਚਰ ਫੰਡ (ਸੀ.ਆਰ.ਆਈ.ਐਫ.) ਸਕੀਮ ਦੇ ਸੇਤੂ ਬੰਧਨ ਪ੍ਰੋਗਰਾਮ ਤਹਿਤ ਬਕਾਇਆ ਭੁਗਤਾਨ ਜਾਰੀ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਚੱਲ ਰਹੇ ਕੰਮਾਂ ਲਈ ਬਕਾਇਆ ਦੇਣਦਾਰੀਆਂ/ਠੇਕੇਦਾਰ ਦੇ ਭੁਗਤਾਨਾਂ ਨੂੰ ਪੂਰਾ ਕਰਨ ਲਈ ਫੰਡਾਂ ਦੀ ਲੋੜ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੰਤਰਾਲੇ ਵੱਲੋਂ ਫੰਡ ਜਾਰੀ ਨਾ ਕੀਤੇ ਜਾਣ ਕਾਰਨ ਵੱਖ-ਵੱਖ ਨਿਰਮਾਣ ਕਾਰਜਾਂ ਦੀ ਪ੍ਰਗਤੀ ਪ੍ਰਭਾਵਿਤ ਹੋ ਰਹੀ ਹੈ ਜਿਸ ਕਾਰਨ ਫੰਡ ਤੁਰੰਤ ਜਾਰੀ ਕਰਨਾ ਸਮੇਂ ਦੀ ਲੋੜ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਨਐਚ-54 'ਤੇ ਮੱਖੂ ਕਸਬੇ ਵਿਖੇ ਰੇਲਵੇ ਓਵਰ ਬ੍ਰਿਜ ਨੂੰ ਜਲਦ ਮੁਕੰਮਲ ਕਰਨ ਦੀ ਮੰਗ ਵੀ ਕੀਤੀ।

ਆਪਣੇ ਐਕਸ ਹੈਂਡਲ 'ਤੇ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਅੱਜ ਦਿੱਲੀ ਵਿੱਚ ਮੈਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਜੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ, ਅਸੀਂ ਐਨਐਚਏਆਈ ਨਾਲ ਸਬੰਧਤ ਕਈ ਅਹਿਮ ਪ੍ਰਾਜੈਕਟਾਂ ਅਤੇ ਪੰਜਾਬ ਨਾਲ ਸਬੰਧਤ ਮੁੱਦਿਆਂ 'ਤੇ ਵਿਸਥਾਰ ਨਾਲ ਚਰਚਾ ਕੀਤੀ। ਖਾਸ ਤੌਰ 'ਤੇ, 'ਸੜਕ ਸੁਰਖਿਆ ਫੋਰਸ (ਐਸਐਸਐਫ)' ਬਾਰੇ ਗੱਲਬਾਤ ਕੀਤੀ ਗਈ। ਗਡਕਰੀ ਜੀ ਨੇ ਸਾਡੀ ਸਰਕਾਰ ਵੱਲੋਂ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਸ਼ੁਰੂ ਕੀਤੇ ਗਏ ਇਸ ਵਿਲੱਖਣ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।"
 
 

Have something to say? Post your comment

 

More in Delhi

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਨੀਟ ਪੇਪਰ ਲੀਕ ਨਾਲ ਲੱਖਾਂ ਵਿਦਿਆਰਥੀਆਂ ਦੇ ਸੁਪਨੇ ਟੁੱਟੇ ਕੇਂਦਰ ਦੀ ਨਾਕਾਮੀ ਅਤੇ ਵਿਦਿਆਰਥੀਆਂ ਨਾਲ ਧੋਖਾਧੜੀ : ਮੁੱਖ ਮੰਤਰੀ

ਪਾਠੀ ਸਿੰਘਾਂ ਦੀ ਭਲਾਈ ਲਈ ਦਿੱਲੀ ਗੁਰਦੁਆਰਾ ਕਮੇਟੀ ਵਚਨਬੱਧ: ਹਰਮੀਤ ਸਿੰਘ ਕਾਲਕਾ*

ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਤਿਹਾਸਕ ਲਾਇਬ੍ਰੇਰੀ ਦਾ ਨਵੀਨੀਕਰਨ: ਹਰਮੀਤ ਸਿੰਘ ਕਾਲਕਾ

ਡੀਐਸਜੀਐਮਸੀ ਵੱਲੋਂ ਸਿੱਖਿਆ ਸੇਵਾ ਕਾਊਂਟਰ ਸਥਾਪਿਤ: ਹਰਮੀਤ ਸਿੰਘ ਕਾਲਕਾ

ਨੌਜਵਾਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਹੋਰ ਮਜ਼ਬੂਤ ਹੋਵੇਗਾ : ਹਰਮੀਤ ਸਿੰਘ ਕਾਲਕਾ

ਜਾਇਦਾਦ ਮਾਮਲੇ ‘ਚ ਸੱਚ ਸਾਹਮਣੇ ਲਿਆਓ ਹਰਮੀਤ ਸਿੰਘ ਕਾਲਕਾ ਵੱਲੋਂ ਮਨਜੀਤ ਸਿੰਘ ਜੀਕੇ ਨੂੰ ਸਿੱਧਾ ਚੈਲੈਂਜ*

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ ‘ਪੰਜਾਬ ਦੇ ਗੱਦਾਰ’ ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਕੀਤੀ ਮੰਗ

ਸਰਨਾ ਦੀ ਵੀਡੀਓ ‘ਚ ਨਿਰਾਸ਼ਾ ਬੇਨਕਾਬ, ਦਿੱਲੀ ਗੁਰਦੁਆਰਾ ਕਮੇਟੀ ਦਾ ਵਿਕਾਸ ਮਾਡਲ ਮਜ਼ਬੂਤ: ਹਰਮੀਤ ਸਿੰਘ ਕਾਲਕਾ*

ਮਹਾਨ ਜਰਨੈਲ ਸ੍ਰੀ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ‘ਤੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਸੰਗਤ ਨੂੰ ਲੱਖ-ਲੱਖ ਵਧਾਈਆਂ