ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਅੱਜ ਇੱਕ ਬਿਆਨ ਜਾਰੀ ਕਰਦਿਆਂ ਸਰਦਾਰ ਪਰਵਿੰਦਰ ਸਿੰਘ ਲੱਖੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨਾਲ ਜੁੜਨ ‘ਤੇ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਹਲਕੇ ਵਿੱਚ ਜਦੋਂ ਵੱਡੀ ਗਿਣਤੀ ਵਿੱਚ ਨੌਜਵਾਨ ਇਮਾਨਦਾਰੀ ਅਤੇ ਸਮਰਪਣ ਨਾਲ ਇਕੱਠੇ ਹੋ ਕੇ ਕੰਮ ਕਰਦੇ ਹਨ, ਤਾਂ ਕੋਈ ਵੀ ਵਿਰੋਧੀ ਤਾਕਤ ਉਨ੍ਹਾਂ ਦੇ ਸਾਹਮਣੇ ਟਿਕ ਨਹੀਂ ਸਕਦੀ। ਸਰਦਾਰ ਕਾਲਕਾ ਨੇ ਨੌਜਵਾਨਾਂ ਦੀ ਪੰਥਕ ਸੋਚ ਅਤੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਬਹੁਤ ਸਾਰੇ ਲੋਕ ਸਿਰਫ ਰਾਜਨੀਤਿਕ ਲਾਭਾਂ ਨੂੰ ਤਰਜੀਹ ਦਿੰਦੇ ਹਨ, ਉੱਥੇ ਇਹ ਨੌਜਵਾਨ ਧਾਰਮਿਕ ਅਤੇ ਸਮਾਜਿਕ ਮੁੱਲਾਂ ਨਾਲ ਜੁੜ ਕੇ ਪੰਥ ਦੀ ਸੇਵਾ ਲਈ ਅੱਗੇ ਆ ਰਹੇ ਹਨ, ਜੋ ਬਹੁਤ ਹੀ ਪ੍ਰੇਰਣਾਦਾਇਕ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਸਿਰਫ ਇੱਕ ਰਾਜਨੀਤਿਕ ਪਾਰਟੀ ਨਹੀਂ, ਸਗੋਂ ਗੁਰੂ ਘਰਾਂ ਦੀ ਸੇਵਾ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਸੰਸਥਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਪਾਰਟੀ ਵੱਲੋਂ ਗੁਰੂਘਰਾਂ ਦੀ ਸੰਭਾਲ, ਵਿਦਿਅਕ ਸੰਸਥਾਵਾਂ, ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੀ ਸੇਵਾ ਰਾਹੀਂ ਸਮਾਜ ਦੇ ਹਰੇਕ ਵਰਗ ਤੱਕ ਪਹੁੰਚ ਬਣਾਈ ਜਾ ਰਹੀ ਹੈ। ਸਰਦਾਰ ਕਾਲਕਾ ਨੇ ਕਿਹਾ ਕਿ ਹਰ ਮਜ਼ਬੂਤ ਪਾਰਟੀ ਦੀ ਬੁਨਿਆਦ ਨੌਜਵਾਨ ਪੀੜ੍ਹੀ ਹੁੰਦੀ ਹੈ। ਉਨ੍ਹਾਂ ਨੇ ਖੁਸ਼ੀ ਪ੍ਰਗਟਾਈ ਕਿ ਵਾਰਡ 41 (ਯਮੁਨਾ ਪਾਰ) ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਪਾਰਟੀ ਦੀ ਜੜਾਂ ਹੋਰ ਮਜ਼ਬੂਤ ਹੋ ਰਹੀਆਂ ਹਨ। ਉਨ੍ਹਾਂ ਨੇ ਸਰਦਾਰ ਪਰਵਿੰਦਰ ਸਿੰਘ ਲੱਖੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਇਲਾਕੇ ਦੇ ਸਰਗਰਮ ਅਤੇ ਸਮਰਪਿਤ ਨੌਜਵਾਨਾਂ ਨੂੰ ਅੱਗੇ ਲਿਆ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਪਾਰਟੀ ਅਤੇ ਯੂਥ ਵਿੰਗ ਵਿੱਚ ਵੱਡੀਆਂ ਜਿੰਮੇਵਾਰੀਆਂ ਸੌਂਪਣ, ਤਾਂ ਜੋ ਪੂਰੇ ਦਿੱਲੀ ਪੱਧਰ ‘ਤੇ ਸੰਗਠਨ ਨੂੰ ਨਵਾਂ ਬਲ ਮਿਲ ਸਕੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਲਦ ਹੀ ਇੱਕ ਵਿਸ਼ਾਲ ਕਾਨਫਰੰਸ ਕਰਵਾ ਕੇ , ਜਿਸ ਰਾਹੀਂ ਇਲਾਕੇ ਦੀ ਸੰਗਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਾਲਾਂ ਦੌਰਾਨ ਕੀਤੀਆਂ ਜਾ ਰਹੀਆਂ ਵੱਖ ਵੱਖ ਸੇਵਾਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਨਵੇਂ ਜੁੜੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਪਾਰਟੀ ਦੇ ਨਾਲ-ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੀਆਂ ਸੰਸਥਾਵਾਂ ਵਿੱਚ ਵੀ ਮਹੱਤਵਪੂਰਨ ਜਿੰਮੇਵਾਰੀਆਂ ਦਿਤੀਆਂ ਜਾਣਗੀਆਂ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਾਰੇ ਨੌਜਵਾਨਾਂ ਅਤੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਂਝੇ ਯਤਨਾਂ ਨਾਲ ਪੰਥ ਦੀ ਚੜ੍ਹਦੀ ਕਲਾ ਅਤੇ ਸਮਾਜ ਦੀ ਭਲਾਈ ਲਈ ਨਵੇਂ ਇਤਿਹਾਸ ਰਚੇ ਜਾਣਗੇ।ਇਸ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਬੀਬੀ ਰਣਜੀਤ ਕੌਰ ਸੀਨੀਅਰ ਮੈਂਬਰ ਤੋਂ ਇਲਾਵਾ ਹੋਰ ਅਹੁਦੇਦਾਰ ਵੀ ਹਾਜ਼ਰ ਸਨ।