ਗੁਰਹਰਮਨਦੀਪ ਸਿੰਘ ਤੇ ਮਨਪ੍ਰੀਤ ਕੌਰ ਸਰਵੋਤਮ ਖਿਡਾਰੀ ਐਲਾਨੇ
ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਵਿਖੇ ਪ੍ਰਿੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਹੇਠ 46ਵਾਂ ਸਾਲਾਨਾ ਖੇਡ ਸਮਾਗਮ ਕਰਵਾਇਆ ਗਿਆ, ਮੁੱਖ ਮਹਿਮਾਨ ਵਜੋਂ ਡਾਕਟਰ. ਸ਼ਵਿੰਦਰ ਸਿੰਘ ਰੇਖੀ (ਪ੍ਰਿੰਸੀਪਲ ਸਰਕਾਰੀ ਕਾਲਜ ਲੜਕੀਆਂ,ਪਟਿਆਲਾ)ਨੇ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨਾਂ ਵਿੱਚ ਪਰਮਿੰਦਰ ਸਿੰਘ ਸਾਬਕਾ (ਡਿਪਟੀ ਡੀ ਪੀ ਆਈ) ਅਤੇ ਇਲਾਕੇ ਦੀਆਂ ਕਈ ਹੋਰਨਾਂ ਹਸਤੀਆਂ ਨੇ ਵੀ ਸ਼ਮੂਲੀਅਤ ਕੀਤੀ। ਖੇਡ ਸਮਾਗਮ ਦੀ ਸ਼ੁਰੂਆਤ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ, ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਭਾਗ ਲਿਆ। ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਇਆ ਗਿਆ ਅਤੇ ਮਾਰਚ ਪਾਸਟ ਦੀ ਸਲਾਮੀ ਲਈ ਗਈ। ਇਸ ਤੋਂ ਬਾਅਦ ਕਾਲਜ ਦੇ ਖਿਡਾਰੀਆਂ ਵੱਲੋਂ ਮਸ਼ਾਲ ਦੀ ਰਸਮ ਅਦਾ ਕੀਤੀ ਗਈ, ਜਿਸ ਨੇ ਖੇਡਾਂ ਦੀ ਜੋਤ ਨੂੰ ਖਿਡਾਰੀਆਂ ਅੰਦਰ ਜਗਾਉਂਦੇ ਹੋਏ ਉਤਸ਼ਾਹ ਦਾ ਮਾਹੌਲ ਬਣਾਇਆ। ਮੁੱਖ ਮਹਿਮਾਨ ਡਾਕਟਰ ਸ਼ਵਿੰਦਰ ਸਿੰਘ ਰੇਖੀ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਅੰਗ ਹਨ। ਖੇਡਾਂ ਨਾਲ ਮਨੁੱਖ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹਮੇਸ਼ਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਖੇਡ ਸਮਾਰੋਹ ਵਿੱਚ 100 ਮੀਟਰ ਦੌੜ ,200 ਮੀਟਰ ਦੌੜ ,400 ਮੀਟਰ ਦੌੜ, ਰਿਲੇਅ ਰੇਸ, ਲੰਮੀ ਛਾਲ , ਸ਼ਾਟ-ਪੁਟ ਅਤੇ ਰੱਸਾਕਸ਼ੀ ਸਮੇਤ ਕਈ ਖੇਡ ਮੁਕਾਬਲਿਆਂ ਦਾ ਆਯੋਜਨ ਕਰਵਾਇਆ ਗਿਆ।ਕਾਲਜ ਦੀ ਜਿਮਨਾਸਟਿਕ ਟੀਮ ਵੱਲੋਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਬੇਮਿਸਾਲ ਜੋਸ਼, ਦ੍ਰਿੜਤਾ ਅਤੇ ਸੱਚੀ ਖੇਡ ਭਾਵਨਾ ਨਾਲ ਭਾਗ ਲਿਆ।ਅਲੱਗ-ਅਲੱਗ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਵਿਚੋਂ ‘ਸਰਵੋਤਮ ਖਿਡਾਰੀ’ ਦੀ ਚੋਣ ਕੀਤੀ ਗਈ,ਲੜਕਿਆਂ ਵਿੱਚੋਂ ਗੁਰਹਰਮਨਦੀਪ ਸਿੰਘ ਅਤੇ ਲੜਕੀਆਂ ਵਿੱਚੋਂ ਮਨਪ੍ਰੀਤ ਕੌਰ ਨੂੰ ‘ਸਰਵੋਤਮ ਖਿਡਾਰੀ’ ਐਲਾਨਿਆ ਗਿਆ। ਜੇਤੂ ਖਿਡਾਰੀਆਂ ਨੂੰ ਮਹਿਮਾਨਾਂ ਵੱਲੋਂ ਇਨਾਮ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਕਾਲਜ ਪ੍ਰਿੰਸੀਪਲ ਪ੍ਰੋ. ਸ਼ਾਮ ਸੁੰਦਰ ਸ਼ਰਮਾ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਇਸੇ ਜਜ਼ਬੇ ਨਾਲ਼ ਹਰ ਕੰਮ ਨੂੰ ਨੇਪਰੇ ਚਾੜ੍ਹਨ ਲਈ ਪ੍ਰੇਰਿਆ। ਇਸ ਸਮੇਂ ਵਾਈਸ ਪ੍ਰਿੰਸੀਪਲ ਡਾਕਟਰ ਅਚਲਾ ਸਿੰਗਲਾ, ਡਾਕਟਰ ਰਮਨਦੀਪ ਕੌਰ, ਡਾਕਟਰ ਮਨਪ੍ਰੀਤ ਕੌਰ ਹਾਂਡਾ, ਡਾਕਟਰ ਮੁਨੀਤਾ ਜੋਸ਼ੀ, ਪ੍ਰੋਫੈਸਰ ਚਮਕੌਰ ਸਿੰਘ, ਵੀ ਪੀ ਗੁਪਤਾ ਪ੍ਰਿੰਸੀਪਲ ਡੀਏਵੀ ਸਕੂਲ, ਪ੍ਰੋ. ਦਰਸ਼ਨ ਕੁਮਾਰ, ਪ੍ਰੋ. ਦਲਜੀਤ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।