ਅੰਮ੍ਰਿਤਸਰ : ਪੰਜਾਬ ਭਾਜਪਾ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਲਸ਼ਕਰ-ਏ-ਤਇਬਾ ਦੀ ਲੁਕਵੀਂ ਸ਼ਾਖ ਅਤੇ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ 'ਦਿ ਰਜਿਸਟੈਂਸ ਫਰੰਟ (ਟੀਆਰਐੱਫ) ਨੂੰ ਵਿਸ਼ਵ ਦਹਿਸ਼ਤਗਰਦ ਸੰਗਠਨ ਨਾਮਜ਼ਦ ਕਰਨ ਦੇ ਅਮਰੀਕੀ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਐਲਾਨ ਸੰਯੁਕਤ ਰਾਸ਼ਟਰ ਅਤੇ ਆਲਮੀ ਪੱਧਰ 'ਤੇ ਭਾਰਤ ਦੇ ਸੁਰੱਖਿਆ ਦ੍ਰਿਸ਼ਟੀਕੋਣ ਅਤੇ ਸਰਹੱਦ ਪਾਰ ਦਹਿਸ਼ਤਗਰਦੀ ਬਾਰੇ ਨਵੀਂ ਦਿੱਲੀ ਦੇ ਦ੍ਰਿੜ੍ਹ ਨਿਰਣੇ ਅਤੇ ਪੈਂਤੜੇ ਦੀ ਅੰਤਰਰਾਸ਼ਟਰੀ ਪੁਸ਼ਟੀ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਇਹ ਸਫਲਤਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾ. ਜੈ ਸ਼ੰਕਰ ਦੀ ਦੂਰਦਰਸ਼ੀ ਲੀਡਰਸ਼ਿਪ ਦੀ ਰਣਨੀਤਕ ਜਿੱਤ ਹੈ, ਜਿਨ੍ਹਾਂ ਨੇ ਅੰਤਰਰਾਸ਼ਟਰੀ ਮੰਚਾਂ 'ਤੇ ਪਾਕਿਸਤਾਨ ਅਤੇ ਅੱਤਵਾਦੀ ਗੱਠਜੋੜ ਨੂੰ ਲਗਾਤਾਰ ਬੇਨਕਾਬ ਕੀਤਾ। ਹੁਣ ਅਮਰੀਕਾ ਵੱਲੋਂ ਇਸ ਨੂੰ ਸਵੀਕਾਰ ਕਰਨਾ ਭਾਰਤ ਦੀ ਰਾਜਨੀਤਿਕ ਅਤੇ ਰਣਨੀਤਕ ਦਿਸ਼ਾ ਲਈ ਇੱਕ ਇਤਿਹਾਸਕ ਮੋੜ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਿਰਫ਼ ਅੱਤਵਾਦ ਤੱਕ ਹੀ ਸੀਮਤ ਨਹੀਂ ਹੈ, ਸਗੋਂ ਇਹ ਭਾਰਤ ਦੀ ਰਾਜਨੀਤਿਕ ਅਖੰਡਤਾ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਆਮ ਨਾਗਰਿਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਚੁੱਕਿਆ ਗਿਆ ਇਹ ਫੈਸਲਾਕੁੰਨ ਕਦਮ ਪਾਕਿਸਤਾਨ ਨੂੰ ਕਟਹਿਰੇ ਵਿੱਚ ਖੜ੍ਹਾ ਕਰਦਾ ਹੈ। ਸਪੱਸ਼ਟ ਹੈ ਕਿ ਆਖ਼ਰਕਾਰ ਅਮਰੀਕੀ ਰਾਸ਼ਟਰਪਤੀ ਟਰੰਪ, ਜਿਨ੍ਹਾਂ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਅਸੀਮ ਮੁਨੀਰ ਦੀ ਮੇਜ਼ਬਾਨੀ ਕੀਤੀ, ਨੂੰ ਵੀ ਅਹਿਸਾਸ ਹੋ ਗਿਆ ਹੈ ਕਿ ਅੱਤਵਾਦ ਦੇ ਸਵਾਲ 'ਤੇ ਦੋਹਰੇ ਮਾਪਦੰਡ ਇੱਕ ਖ਼ਤਰਨਾਕ ਰਸਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਝੂਠੀ ਨੈਰੇਟਿਵਜ਼ ਅਤੇ ਆਈ ਐਸ ਆਈ ਵੱਲੋਂ ਸਥਾਪਤ ਅੱਤਵਾਦੀ ਸੰਗਠਨਾਂ ਦੀ ਅਸਲੀਅਤ ਹੁਣ ਪੱਛਮੀ ਜਗਤ ਦੀ ਰਡਾਰ 'ਤੇ ਆ ਚੁੱਕੀਆਂ ਹਨ।
ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਕਿ 'ਟੀਆਰਐਫ' ਨਾ ਸਿਰਫ਼ ਪਹਿਲਗਾਮ ਵਿੱਚ ਮਾਸੂਮ ਨਾਗਰਿਕਾਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ, ਸਗੋਂ ਭਾਰਤੀ ਸੁਰੱਖਿਆ ਬਲਾਂ 'ਤੇ ਕਈ ਹਮਲਿਆਂ ਲਈ ਵੀ ਜ਼ਿੰਮੇਵਾਰ ਹੈ। ਇਹ ਸੰਗਠਨ ਪਾਕਿਸਤਾਨ ਦੀ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਸੀ, ਜੋ ਧਾਰਾ 370 ਨੂੰ ਹਟਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ ਵਿੱਚ ਸ਼ਾਂਤੀ ਨੂੰ ਬਰਦਾਸ਼ਤ ਨਹੀਂ ਕਰ ਸਕਿਆ।
ਉਨ੍ਹਾਂ ਅੱਗੇ ਕਿਹਾ, "ਭਾਜਪਾ ਦੇ ਸ਼ਾਸਨ ਵਿੱਚ ਅੱਤਵਾਦ ਪ੍ਰਤੀ ਕੋਈ ਨਰਮੀ ਨਹੀਂ ਵਰਤੀ ਜਾ ਰਹੀ ਹੈ। ਇਹ ਨਵਾਂ ਭਾਰਤ ਹੈ, ਜੋ ਨਾ ਸਿਰਫ਼ ਸਬਰ ਨਹੀਂ ਬਲਕਿ ਤੁਰੰਤ ਇਨਸਾਫ਼ ਕਰਦਾ ਹੈ।
'ਆਪ੍ਰੇਸ਼ਨ ਸੰਦੂਰ' ਦੀ ਸਫਲਤਾ 'ਤੇ ਟਿੱਪਣੀ ਕਰਦੇ ਹੋਏ, ਪ੍ਰੋ. ਖਿਆਲਾ ਨੇ ਕਿਹਾ, "ਪਾਕਿਸਤਾਨ ਦਾ ਅੱਤਵਾਦ ਨੂੰ ਸਾਜ਼ੋ-ਸਾਮਾਨ, ਪੈਸਾ ਅਤੇ ਪਨਾਹ ਦੇਣਾ ਵਿਸ਼ਵ ਸ਼ਾਂਤੀ ਲਈ ਖ਼ਤਰਾ ਪੈਦਾ ਕਰ ਰਿਹਾ ਸੀ। ਪਰ ਮੋਦੀ ਯੁੱਗ ਦੇ ਨਵੇਂ ਭਾਰਤ ਨੇ ਉਸ ਦੇ ਇਰਾਦੇ ਅਤੇ ਮਕਸਦ ਨੂੰ ਚੂਰ ਚੂਰ ਕਰ ਦਿੱਤਾ ਹੈ ਅਤੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ 'ਨਵਾਂ ਭਾਰਤ ਚੁੱਪ ਨਹੀਂ ਬੈਠਦਾ, ਸਗੋਂ ਦੁਸ਼ਮਣ ਦੇ ਘਰ ਵਿੱਚ ਵੜ ਕੇ ਉਸ ਨੂੰ ਮਾਰਦਾ ਵੀ ਹੈ ਅਤੇ ਦੁਨੀਆ ਨੂੰ ਦਿਖਾਉਂਦਾ ਵੀ ਹੈ।'" ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਭਾਰਤ ਦੀ ਆਵਾਜ਼ ਅੱਜ ਦੁਨੀਆ ਭਰ 'ਚ ਗੂੰਜ ਰਹੀ ਹੈ।"