ਅੰਮ੍ਰਿਤਸਰ ( ਜਗਤਾਰ ਸਿੰਘ ਮਾਹਲਾ ) : ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਸਾਡੀ ਸਰਕਾਰ ਨੇ ਆਪਣੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਹੀ ਪਿੰਡਾਂ ਵਿੱਚ ਵਿਕਾਸ ਦੀਆਂ ਨਵੀਂਆਂ ਪੁਲਾਘਾਂ ਪੁੱਟੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਜਨਾਲਾ ਦੇ ਵਿਧਾਇਕ ਸ: ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਹਲਕੇ ਦੇ ਚਾਰ ਪਿੰਡਾਂ ਬੋਹੜਵਾਲ, ਮਧੂਸ਼ਾਂਗਾ, ਕੋਟ ਮੁਗਲ ਅਤੇ ਉੜਦਨ ਦੀਆਂ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੇ ਚੈੱਕ ਦੇਣ ਸਮੇਂ ਕੀਤਾ।
ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਸ: ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਵਾਅਦਾ ਕੀਤਾ ਸੀ ਕਿ ਸਰਬ ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਇਨਾਮ ਵਜੋਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਮਾਨ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦਿਆਂ ਹਲਕਾ ਅਜਨਾਲਾ ਦੇ ਕਰੀਬ 46 ਪਿੰਡਾਂ ਨੂੰ 2 ਕਰੋੜ 30 ਲੱਖ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਇਨਾਂ ਪਿੰਡਾਂ ਵਿੱਚ ਸਰਬ ਸੰਮਤੀ ਨਾਲ ਇਨਾਂ ਪਿੰਡਾਂ ਦੀ ਪੰਚਾਇਤ ਦੀ ਚੋਣ ਕੀਤੀ ਗਈ ਸੀ ਅਤੇ ਅੱਜ ਤੋਂ ਇਨਾਂ ਪਿੰਡਾਂ ਨੂੰ 5-5 ਲੱਖ ਰੁਪਏ ਦੇ ਚੈੱਕ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।

ਧਾਲੀਵਾਲ ਨੇ ਕਿਹਾ ਕਿ ਇਹ ਰਾਸ਼ੀ ਪੰਚਾਇਤਾਂ ਆਪਣੀ ਮਰਜ਼ੀ ਨਾਲ ਪਿੰਡਾਂ ਦੇ ਵਿਕਾਸ ਤੇ ਕਿਥੇ ਵੀ ਖਰਚ ਸਕਦੀਆਂ ਹਨ। ਉਨਾਂ ਦੱਸਿਆਂ ਕਿ ਇਹ ਰਾਸ਼ੀ ਪਿੰਡਾਂ ਦੇ ਛੋਟੇ ਮੋਟੇ ਵਿਕਾਸ ਕਾਰਜਾਂ ਲਈ ਕਾਫ਼ੀ ਕਾਰਗਾਰ ਸਾਬਿਤ ਹੋਵੇਗੀ ਅਤੇ ਪਿੰਡਾਂ ਦੇ ਵਿਕਾਸ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ: ਧਾਲੀਵਾਲ ਨੇ ਕਿਹਾ ਕਿ ਅਸੀਂ ਚੋਣਾਂ ਦੌਰਾਨ ਜੋ ਵੀ ਗਰੰਟੀਆਂ ਸੂਬਾ ਵਾਸੀਆਂ ਨਾਲ ਕੀਤੀਆਂ ਸਨ, ਉਸਨੂੰ ਪੂਰਾ ਕਰ ਰਹੇ ਹਾਂ।ਉਨਾਂ ਕਿਹਾ ਕਿ ਅਸੀਂ ਲੋਕਾਂ ਦੀ ਕਚਹਿਰੀ ਵਿੱਚ ਵਿਕਾਸ ਦੇ ਨਾਂ ਤੇ ਵੋਟਾਂ ਮੰਗਾਂਗੇ। ਸ: ਧਾਲੀਵਾਲ ਨੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਰਣੀਆਂ ਸਰਕਾਰਾਂ ਨੇ ਕੇਵਲ ਫੌਕੇ ਲਾਅਰੇ ਹੀ ਲਾਉਂਦੀਆਂ ਸਨ। ਅਸੀਂ ਜ਼ਮੀਨੀ ਪੱਧਰ ਤੇ ਜਾ ਕੇ ਹਕੀਕਤ ਵਿੱਚ ਕੰਮ ਕੀਤੇ ਹਨ। ਉਨਾਂ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿਥੇ ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ, ਮੁਫ਼ਤ ਸਿਹਤ ਸਹੂਲਤਾਂ, ਅਤੇ ਮੁਫ਼ਤ ਯਾਤਰਾ ਵਰਗੀਆਂ ਸਹੂਲਤਾਂ ਸੂਬਾ ਵਾਸੀਆਂ ਨੂੰ ਮਿਲਦੀਆਂ ਹਨ।