ਅੰਮ੍ਰਿਤਸਰ, (ਜਗਤਾਰ ਸਿੰਘ ਮਾਹਲਾ) : ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਤੇ ਟਿੱਪਣੀਆਂ ਕਰਨ ਵਾਲੇ ਆਪਣੀ ਪੀੜੀ ਥੱਲੇ ਸੋਟਾ ਮਾਰਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ 'ਆਪ' ਆਗੂ ਅਤੇ ਬਲਾਕ ਸੰਮਤੀ ਚੋਗਾਵਾਂ ਦੇ ਮੈਂਬਰ ਰਾਮ ਸਿੰਘ ਵੱਲੋਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਕੁਝ ਕਾਂਗਰਸੀ ਆਗੂ ਜਿਨ੍ਹਾਂ ਦਾ ਹਲਕੇ ਵਿੱਚ ਕੋਈ ਆਧਾਰ ਨਹੀਂ ਹੈ, ਉਹ ਲੋਕ ਕੇਵਲ ਅਖਬਾਰਾਂ ਵਿੱਚ ਰਹਿਣ ਲਈ ਹੀ ਪ੍ਰੈੱਸ ਬਿਆਨ ਜਾਰੀ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਰਾਜਾਸਾਂਸੀ ਹਲਕੇ ਦੀ ਸਿਆਸਤ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਮੈਡਮ ਸੋਨੀਆ ਮਾਨ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਕੈਬਿਨਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੂੰ ਸਖ਼ਤ ਟੱਕਰ ਦੇ ਰਹੇ ਅਤੇ ਪੂਰੀ ਮਿਹਨਤ ਇਮਾਨਦਾਰੀ ਨਾਲ ਹਲਕੇ ਦੇ ਵਿਕਾਸ ਕਾਰਜਾਂ ਲਈ ਲੱਗੇ ਹੋਏ ਹਨ ਜੋ ਵਿਰੋਧੀਆਂ ਨੂੰ ਰਾਸ ਨਹੀਂ ਆ ਰਿਹਾ। 'ਆਪ' ਆਗੂ ਰਾਮ ਸਿੰਘ ਚੋਗਾਵਾਂ ਨੇ ਕਿਹਾ ਕਿ ਪਿਛਲੇ ਦਿਨੀ ਰਾਜਾਸਾਂਸੀ ਹਲਕੇ 'ਚ ਹੋਈਆਂ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਕਾਂਗਰਸ ਦੇ ਗੁੰਡਿਆਂ ਨੇ ਸੁੱਖ ਸਰਕਾਰੀਆ ਦੀ ਸਹਿ ਤੇ ਪਿੰਡ ਭਿੰਡੀ ਸੈਦਾਂ ਵਿਖੇ ਰੱਜ ਕੇ ਗੁੰਡਾਗਰਦੀ ਕੀਤੀ ਅਤੇ 'ਆਪ' ਵਰਕਰਾਂ ਤੇ ਸ਼ਰੇਆਮ ਗੋਲੀਆਂ ਚਲਾ ਕੇ ਜ਼ਖਮੀ ਕੀਤਾ ।ਜਿਸਦੀ ਉਹ ਸਖਤ ਨਿਖੇਧੀ ਕਰਦੇ ਹਨ. ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੇ ਪੂਰੇ ਹਲਕੇ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹ ਕੰਮ ਕੀਤੇ ਹਨ ਜੋ ਅੱਜ ਤੱਕ ਕੋਈ ਵੀ ਹੋਰ ਸਰਕਾਰ ਨਹੀਂ ਕਰ ਸਕੀ। ਇਸ ਲਈ ਪੰਜਾਬ ਦੇ ਲੋਕ ਦੂਸਰੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਗਵੰਤ ਮਾਨ ਨੂੰ ਦੂਜੀ ਵਾਰ ਮੁੱਖ ਮੰਤਰੀ ਬਣਾਉਣਗੇ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਾਹਿਬ ਸਿੰਘ ਚੋਗਾਵਾਂ,ਜਤਿੰਦਰ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ ਔਲਖ ਤੇ ਗੁਰਬੀਰ ਸਿੰਘ ਚੋਗਾਵਾਂ ਹਾਜ਼ਰ ਸਨ।