ਪਟਿਆਲਾ : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਕੂਲ ਆਫ਼ ਅਪਲਾਈਡ ਮੈਨੇਜਮੈਂਟ ਵੱਲੋਂ ਚਲਾਏ ਜਾਂਦੇ ਕੋਰਸ ਐਮ.ਬੀ.ਏ. (ਪੰਜ ਸਾਲਾ ਇੰਟੀਗ੍ਰੇਟਿਡ ਕੋਰਸ) ਵਿਚ ਦਾਖਲਾ ਲੈਣ ਲਈ ਇਸ ਵਾਰ ਵਿਦਿਆਰਥੀਆਂ ਵਿਚ ਵੱਡਾ ਰੁਝਾਨ ਵਿਖਾਈ ਦੇ ਰਿਹਾ ਹੈ।ਜਿ਼ਕਰਯੋਗ ਹੈ ਕਿ ਵਿਭਾਗ ਵੱਲੋਂ ਇਹ ਕੋਰਸ ਨੈਸ਼ਨਲ ਸਟੌਕ ਇਕਸਚੇਂਜ ਆਫ਼ ਇੰਡੀਆ ਦੇ ਸਹਿਯੋਗ ਨਾਲ ਚਲਾਇਆ ਜਾਂਦਾ ਹੈ। ਵਿਭਾਗ ਮੁਖੀ ਡਾ. ਰਿਤੂ ਲਹਿਲ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਭਾਗ ਦਸ ਪਹਿਲਾਂ ਸਥਾਪਿਤ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ ਪਹਿਲਾਂ ਦੇ ਮੁਕਾਬਲੇ ਵੱਡੀ ਗਿਣਤੀ ਵਿਚ ਵਿਦਿਆਰਥੀ ਇੱਥੇ ਦਾਖਲਾ ਲੈਣ ਦੇ ਇੱਛੁਕ ਹਨ। ਉਨ੍ਹਾਂ ਦੱਸਿਆ ਕਿ ਇੱਥੇ 100 ਵਿਦਿਆਰਥੀਆਂ ਲਈ ਸੀਟਾਂ ਹਨ ਜਦੋਂ ਕਿ ਹੁਣ ਤਕ 500 ਦਾਖਲਾ ਫਾਰਮ ਪਹੁੰਚ ਚੁੱਕੇ ਹਨ ਜੋ ਕਿ ਪੰਜ ਗੁਣਾ ਅੰਕੜਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਿਚ ਫਾਈਨੈਂਸ਼ਲ ਮਾਰਕੀਟਸ ਨਾਲ ਸੰਬੰਧਤ ਬਹੁਤ ਸਾਰੇ ਮੌਡਿਊਲਜ਼ ਦੀ ਪੜ੍ਹਾਈ ਕਰਵਾਈ ਜਾਂਦੀ ਹੈ। ਵਿਭਾਗ ਵਿਖੇ ਮੁੱਖ ਰੂਪ ਵਿਚ ਤਿੰਨ ਕੋਰਸ ਹਨ ਜਿਨ੍ਹਾਂ ਵਿਚ ਐਮ.ਬੀ.ਏ. (ਐਫ.ਵਾਈ.ਆਈ.ਸੀ.) ਫਾਈਨੈਂਸ਼ਲ ਮਾਰਕੀਟਸ, ਡਿਜੀਟਲ ਮਾਰਕੀਟਿੰਗ, ਹਿਊਮਨ ਰਿਸੋਰਸਜ਼ ਤੋਂ ਇਲਾਵਾ ਐਮ.ਬੀ.ਏ. (ਦੋ ਸਾਲਾ) ਫਾਈਨੈਂਸ਼ਲ ਮਾਰਕੀਟਸ, ਐਮ.ਫਿਲ (ਰੱਖਿਆ ਕਰਮੀਆਂ ਲਈ) ਅਤੇ ਪੀ-ਐੱਚ. ਡੀ. ਪ੍ਰੋਗਰਾਮ ਵੀ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਵੱਲੋਂ ਅਰਜ਼ੀਆਂ ਆਉਣ ਨਾਲ ਹੋਰ ਵਧੇਰੇ ਚੰਗੇ ਵਿਦਿਆਰਥੀ ਦਾਖਲਾ ਲੈ ਸਕਣਗੇ ਅਤੇ ਭਵਿੱਖ ਵਿਚ ਉਨ੍ਹਾਂ ਦੀ ਚੰਗੀ ਪਲੇਸਮੈਂਟ ਹੋ ਸਕੇਗੀ।