Friday, June 20, 2025

Malwa

ਪੁਰਾਣੇ ਦਸਤਾਵੇਜ਼ਾਂ ਵਿੱਚ ਵਰਤੀ ਗਈ ਸਿਆਹੀ ਦੇ ਰਸਾਇਣਕ ਤੱਤਾਂ ਤੋਂ ਲੱਗੇਗਾ ਲਿਖ਼ਤ ਸਮੇਂ ਬਾਰੇ ਅੰਦਾਜ਼ਾ; ਪੰਜਾਬੀ ਯੂਨੀਵਰਸਿਟੀ ਦੀ ਤਾਜ਼ਾ ਖੋਜ

June 10, 2025 11:21 AM
SehajTimes
ਫ਼ੋਰੈਂਸਿਕ ਵਿਗਿਆਨ ਅਤੇ ਕਾਨੂੰਨ ਮਾਹਿਰਾਂ ਵੱਲੋਂ ਪ੍ਰਾਪਤ ਹੋਈ ਹੈ ਸ਼ਲਾਘਾ
 
ਅੰਤਰਰਾਸ਼ਟਰੀ ਵਿਗਿਆਨਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ ਨਤੀਜੇ
 
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵੱਲੋਂ ਇੱਕ ਤਾਜ਼ਾ ਖੋਜ ਰਾਹੀਂ ਈਜਾਦ ਕੀਤੇ ਗਏ ਵਿਗਿਆਨਕ ਤਰੀਕਿਆਂ ਅਤੇ ਪ੍ਰਮਾਣਿਤ ਤਕਨੀਕ ਰਾਹੀਂ ਹੁਣ ਪੁਰਾਣੇ ਦਸਤਾਵੇਜ਼ਾਂ ਦੀਆਂ ਲਿਖ਼ਤਾਂ ਵਿੱਚ ਵਰਤੀ ਗਈ ਸਿਆਹੀ ਦੇ ਅਧਾਰ ਉੱਤੇ ਉਨ੍ਹਾਂ ਦੇ ਲਿਖੇ ਜਾਣ ਦੇ ਸਮੇਂ ਜਾਂ ਉਮਰ ਬਾਰੇ ਸਹੀ ਪਤਾ ਲਗਾਇਆ ਜਾਣਾ ਸੰਭਵ ਹੈ। ਯੂਨੀਵਰਸਿਟੀ ਦੇ ਫ਼ੋਰੈਂਸਿਕ ਵਿਗਿਆਨ ਵਿਭਾਗ ਵਿਖੇ ਪ੍ਰੋ. ਕੋਮਲ ਸੈਣੀ ਦੀ ਨਿਗਰਾਨੀ ਵਿੱਚ ਖੋਜਾਰਥੀ ਵਿਨਾਇਕ ਗੁਪਤਾ ਵੱਲੋਂ ਕੀਤੀ ਗਈ ਇਸ ਖੋਜ ਰਾਹੀਂ ਜੈੱਲ ਪੈੱਨ ਸਿਆਹੀ ਨੂੰ ਇਸ ਵਿੱਚ ਮੌਜੂਦ ਵਿਲੱਖਣ ਰਸਾਇਣਕ ਤੱਤਾਂ ਦੇ ਅਧਾਰ 'ਤੇ ਵੱਖ-ਵੱਖ ਤੌਰ ਉੱਤੇ ਪਛਾਣੇ ਜਾਣ ਅਤੇ ਵੱਖ-ਵੱਖ ਲਿਖ਼ਤਾਂ ਵਿੱਚ ਫ਼ਰਕ ਸਥਾਪਿਤ ਕਰਨ ਦੀ ਤਕਨੀਕ ਵਿਕਸਿਤ ਕੀਤੀ ਗਈ ਹੈ। 
ਪ੍ਰੋ. ਕੋਮਲ ਸੈਣੀ ਨੇ ਦੱਸਿਆ ਕਿ ਵਸੀਅਤ, ਇਕਰਾਰਨਾਮੇ, ਸਮਝੌਤੇ, ਪੱਤਰ ਆਦਿ ਦਸਤਾਵੇਜ਼, ਜੋ ਕਿ ਬਹੁਤ ਸਾਰੀਆਂ ਕਾਨੂੰਨੀ ਕਾਰਵਾਈਆਂ ਦੀ ਰੀੜ੍ਹ ਦੀ ਹੱਡੀ ਬਣਦੇ ਹਨ, ਅਕਸਰ ਆਪਣੀ ਪ੍ਰਮਾਣਿਕਤਾ, ਮੌਲਿਕਤਾ ਅਤੇ ਲਿਖ਼ਤ ਸ਼ੈਲੀ ਆਦਿ ਪੱਖਾਂ ਤੋਂ ਇਸ ਸਬੰਧੀ ਜਾਂਚ ਅਧੀਨ ਆਉਂਦੇ ਹਨ। ਅਜਿਹੇ ਦਸਤਾਵੇਜ਼ਾਂ ਵਿੱਚ ਵਰਤੀ ਗਈ ਸਿਆਹੀ ਦੇ ਸਮੇਂ ਨੂੰ ਸਥਾਪਿਤ ਕਰਨ, ਉਨ੍ਹਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਅਤੇ ਧੋਖਾਧੜੀ ਨੂੰ ਰੋਕਣ ਦੇ ਪੱਖ ਤੋਂ ਇਹ ਵਿਧੀ ਅਹਿਮ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਏਜੰਸੀਆਂ ਅਤੇ ਨਿਆਂਇਕ ਅਧਿਕਾਰੀਆਂ ਨੂੰ ਫ਼ੈਸਲੇ ਲੈਣ ਵਿੱਚ ਸਹਾਇਤਾ ਕਰ ਸਕਣ ਦੀ ਸਮਰਥਾ ਵਾਲ਼ੀ ਇਸ ਖੋਜ ਦੀ ਫ਼ੋਰੈਂਸਿਕ ਵਿਗਿਆਨ ਅਤੇ ਕਾਨੂੰਨ ਖੇਤਰ ਦੇ ਮਾਹਿਰਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। ਇਸ ਅਧਿਐਨ ਦੇ ਨਤੀਜੇ ਅੰਤਰਰਾਸ਼ਟਰੀ ਵਿਗਿਆਨਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਅਧਿਐਨ ਤਹਿਤ ਜੈੱਲ ਪੈੱਨ ਸਿਆਹੀ ਦੀ ਰਸਾਇਣਕ ਰਚਨਾ ਦੀ ਜਾਂਚ ਕਰਨ ਲਈ ਵੱਖ-ਵੱਖ ਵਿਸ਼ਲੇਸ਼ਣਾਤਮਕ ਤਕਨੀਕਾਂ ਵਰਤੀਆਂ ਗਈਆਂ ਜਿਨ੍ਹਾਂ ਵਿੱਚ ਖਾਸ ਤੌਰ 'ਤੇ ਗੈਸ ਕ੍ਰੋਮੈਟੋਗ੍ਰਾਫੀ-ਮਾਸ ਸਪੈਕਟ੍ਰੋਮੈਟਰੀ (ਜੀ. ਸੀ.- ਐੱਮ. ਐੱਸ.) ਦੀ ਵਰਤੋਂ ਕੀਤੀ ਗਈ। 
ਖੋਜਾਰਥੀ ਡਾ. ਵਿਨਾਇਕ ਗੁਪਤਾ ਨੇ  ਦੱਸਿਆ ਕਿ ਨਤੀਜਿਆਂ ਦੀ ਪ੍ਰਮਾਣਿਕਤਾ ਅਤੇ ਭਰੋਸੇਯੋਗਤਾ ਨੂੰ ਵੱਡੇ ਪੱਧਰ ਉੱਤੇ ਅੰਕੜਿਆਂ ਦੇ ਵਿਸ਼ਲੇਸ਼ਣਾਂ ਨਾਲ਼ ਪਰਖਿਆ ਗਿਆ ਜਿਸ ਵਿੱਚੋਂ ਅਹਿਮ ਨਤੀਜੇ ਸਾਹਮਣੇ ਆਏ।ਇਹ ਵਿਆਪਕ ਵਿਸ਼ਲੇਸ਼ਣ ਇਹ ਯਕੀਨੀ ਬਣਾਉਂਦਾ ਹੈ ਕਿ ਇਸ ਵਿਧੀ ਨੂੰ ਫ਼ੋਰੈਂਸਿਕ ਮਾਹਰਾਂ ਵੱਲੋਂ ਆਪਣੀ ਜਾਂਚ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ਼ ਲਾਗੂ ਕੀਤਾ ਜਾ ਸਕਦਾ ਹੈ। ਦਸਤਾਵੇਜ਼ਾਂ ਦੀ ਜ਼ਾਅਲਸਾਜ਼ੀ, ਛੇੜਛਾੜ ਅਤੇ ਕਾਨੂੰਨੀ ਤੌਰ 'ਤੇ ਮਹੱਤਵਪੂਰਨ ਦਸਤਾਵੇਜ਼ਾਂ ਵਿੱਚ ਤਬਦੀਲੀ ਕੀਤੇ ਜਾਣ ਨਾਲ਼ ਸਬੰਧਤ ਮਾਮਲਿਆਂ ਨੂੰ ਹੱਲ ਕਰਨ ਵਿੱਚ ਸਹਾਇਤਾ ਮਿਲੇਗੀ।
ਉਨ੍ਹਾਂ ਕਿਹਾ ਕਿ ਫ਼ੋਰੈਂਸਿਕ ਦਸਤਾਵੇਜ਼ ਜਾਂਚਕਰਤਾ ਅਕਸਰ ਅਜਿਹੇ ਮੁੱਦਿਆਂ ਨਾਲ਼ ਨਜਿੱਠਦੇ ਹਨ ਜਿੱਥੇ ਕਾਨੂੰਨੀ ਪ੍ਰਣਾਲੀ ਲਈ ਗੰਭੀਰ ਚੁਣੌਤੀਆਂ ਦਰਪੇਸ਼ ਹੁੰਦੀਆਂ ਹਨ। ਫ਼ੋਰੈਂਸਿਕ ਜਾਂਚਾਂ ਦੇ ਸੰਦਰਭ ਵਿੱਚ ਇਸ ਖੋਜ ਦੀ ਅਹਿਮ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਦਸਤਾਵੇਜ਼ ਅਕਸਰ ਅਪਰਾਧਿਕ ਅਤੇ ਸਿਵਲ ਦੋਵਾਂ ਮਾਮਲਿਆਂ ਵਿੱਚ ਅਹਿਮ ਸਬੂਤ ਵਜੋਂ ਭੂਮਿਕਾ ਨਿਭਾਉਂਦੇ ਹਨ। 
ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਇਸ ਪ੍ਰਾਪਤੀ ਨੂੰ ਪੰਜਾਬੀ ਯੂਨੀਵਰਸਿਟੀ ਅਤੇ ਵਿਸ਼ੇਸ਼ ਤੌਰ ਉੱਤੇ ਫ਼ੋਰੈਂਸਿਕ ਵਿਗਿਆਨ ਵਿਭਾਗ ਲਈ ਮਾਣ ਵਾਲ਼ੀ ਗੱਲ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਦੇ ਸੰਭਾਵੀ ਉਪਯੋਗ ਅਪਰਾਧਿਕ ਜਾਂਚਾਂ, ਸਿਵਲ ਮੁਕੱਦਮੇਬਾਜ਼ੀ ਅਤੇ ਦਸਤਾਵੇਜ਼ ਪ੍ਰਮਾਣਿਕਤਾ ਦੇ ਵਿਸ਼ਾਲ ਖੇਤਰ ਉੱਤੇ ਅਸਰਅੰਦਾਜ਼ ਹੋ ਸਕਦੇ ਹਨ, ਜਿਸ ਨਾਲ਼ ਨਿਆਂ ਪ੍ਰਾਪਤੀ ਦਾ ਰਾਹ ਹੋਰ ਪੱਧਰਾ ਹੋ ਸਕਦਾ ਹੈ। ਅਜਿਹੀਆਂ ਖੋਜਾਂ ਕਿਸੇ ਵੀ ਅਦਾਰੇ ਦੇ ਵੱਕਾਰ ਵਿੱਚ ਵਾਧਾ ਕਰ ਦਿੰਦੀਆਂ ਹਨ।

Have something to say? Post your comment

 

More in Malwa

"ਏਅਰ ਇੰਡੀਆ ਕੰਪਨੀ" ਦੇ ਸਾਰੇ ਜਹਾਜਾਂ ਦੀ ਪੂਰੀ ਤਕਨੀਕੀ ਜਾਂਚ ਤੋਂ ਬਾਅਦ ਹੀ ਆਵਾਜਾਈ ਲਈ ਆਗਿਆ ਦਿੱਤੀ ਜਾਵੇ : ਪ੍ਰੋ. ਬਡੂੰਗਰ

ਅਕਾਲੀ ਦਲ ਦੀ ਭਰਤੀ ਦੀਆਂ ਕਾਪੀਆਂ ਢੀਂਡਸਾ ਨੂੰ ਸੌਂਪੀਆਂ 

21 ਜੂਨ ਨੂੰ ਥਾਪਰ ਯੂਨੀਵਰਸਿਟੀ ਵਿਖੇ ਮਨਾਇਆ ਜਾਵੇਗਾ ਕੌਮਾਂਤਰੀ ਯੋਗ ਦਿਵਸ

ਰਿਧੀਮਾ ਗੁਪਤਾ ਨੇ ਨੀਟ ਚੋਂ ਪ੍ਰਾਪਤ ਕੀਤੇ 567 ਅੰਕ 

ਰਾਜਿੰਦਰ ਦੀਪਾ ਦਾ ਸੁਨਾਮ ਪੁੱਜਣ ਮੌਕੇ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ 

ਆਰਜੀਐਨਯੂਐੱਲ ਨੇ 'ਇੱਕ ਰਾਸ਼ਟਰ, ਇੱਕ ਚੋਣ' ’ਤੇ ਸੰਸਦੀ ਕਮੇਟੀ ਨੂੰ ਰਾਏ ਸੌਂਪੀ, ਲੋਕਤੰਤਰ ਅਤੇ ਸਮਾਜਿਕ ਚਿੰਤਾਵਾਂ ਉਭਾਰੀਆਂ

ਆਰ.ਟੀ.ਓ. ਵੱਲੋਂ ਹੈਵੀ ਵਾਹਨਾਂ 'ਚ ਲੱਗੇ ਸਪੀਡ ਗਵਰਨਰਾਂ ਦੀ ਚੈਕਿੰਗ

ਰੋਟਰੀ ਕਲੱਬ ਸੁਨਾਮ ਨੇ ਲਾਇਆ ਮੁਫ਼ਤ ਮੈਡੀਕਲ ਕੈਂਪ

ਪਟਿਆਲਾ ਜ਼ਿਲ੍ਹੇ ਦੇ ਸਾਰੇ ਸਕੂਲ ਵਾਹਨਾਂ ਦੀ ਕੀਤੀ ਜਾਵੇਗੀ ਚੈਕਿੰਗ : ਏ.ਡੀ.ਸੀ.

ਦਹਾਕਿਆਂ ਤੋਂ ਅੱਖੋਂ ਪਰੋਖੇ ਕੀਤੇ ਕਾਲੀ ਦੇਵੀ ਮੰਦਰ ਦੇ ਸਰੋਵਰ 'ਚ ਦੋ ਮਹੀਨਿਆਂ ਦੇ ਅੰਦਰ ਪੁੱਜੇਗਾ ਤਾਜਾ ਜਲ-ਮੁੰਡੀਆਂ, ਡਾ. ਬਲਬੀਰ ਸਿੰਘ ਤੇ ਕੋਹਲੀ