ਪਟਿਆਲਾ : ਭਾਰਤ ਸਰਕਾਰ ਵੱਲੋਂ 'ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ' ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਜਿਸ ਵਿੱਚ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਭਾਰਤ ਸਰਕਾਰ ਦੀ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਅਥਾਰਟੀ ਵੱਲੋਂ ਇਸ ਪੁਰਸਕਾਰ ਲਈ 30 ਸਤੰਬਰ 2025 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਵਧੀਕ ਡਿਪਟੀ ਕਮਿਸ਼ਨਰ ਇਸ਼ਾ ਸਿੰਗਲ ਨੇ ਦੱਸਿਆ ਕਿ ਪੁਰਸਕਾਰ ਲਈ ਯੋਗ ਵਿਅਕਤੀ ਜਾਂ ਸੰਸਥਾਵਾਂ ਵੱਲੋਂ ਆਨਲਾਈਨ ਪੋਰਟਲ https://awards.gov.in 'ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਵੈਬਸਾਈਟ 'ਤੇ ਅਪਲਾਈ ਕਰਨ ਦੀਆਂ ਸ਼ਰਤਾਂ, ਪੁਰਸਕਾਰ ਲਈ ਚੋਣ ਪ੍ਰਕਿਰਿਆ, ਲੋੜੀਂਦੀ ਯੋਗਤਾ ਜਾਂ ਆਪਦਾ ਪ੍ਰਬੰਧਨ ਲਈ ਕੀਤੇ ਗਏ ਕੰਮਾਂ ਦੀ ਸੂਚੀ ਆਦਿ ਉਪਲਬੱਧ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਜਾ ਸੰਸਥਾਵਾਂ ਜਿਨ੍ਹਾਂ ਵੱਲੋਂ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਵਧੀਆਂ ਸੇਵਾਵਾਂ ਦਿੱਤੀਆਂ ਹਨ ਉਹ ਉਕਤ ਵੈਬਸਾਈਟ 'ਤੇ ਮਿਤੀ 30 ਸਤੰਬਰ ਤੱਕ ਆਨ ਲਾਈਨ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਆਪਦਾ ਪ੍ਰਬੰਧਨ 'ਚ ਵਡਮੁੱਲੇ ਯੋਗਦਾਨ ਤੇ ਨਿਰਸਵਾਰਥ ਸੇਵਾ ਨੂੰ ਮਾਨਤਾ ਦੇਣ ਲਈ 'ਸੁਭਾਸ਼ ਚੰਦਰ ਬੋਸ ਆਪਦਾ ਪ੍ਰਬੰਧਨ ਪੁਰਸਕਾਰ' ਦੀ ਸ਼ੁਰੂਆਤ ਕੀਤੀ ਗਈ ਹੈ ਜੋ ਹਰੇਕ ਸਾਲ 23 ਜਨਵਰੀ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਮੌਕੇ ਤਿੰਨ ਵਿਅਕਤੀਆਂ ਜਾਂ ਸੰਸਥਾਵਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਜੋ ਇਸ ਪੁਰਸਕਾਰ ਲਈ ਯੋਗ ਹਨ, ਉਨ੍ਹਾਂ ਨੂੰ ਇਸ ਪੁਰਸਕਾਰ ਲਈ ਆਨ ਲਾਈਨ ਅਪਲਾਈ ਕਰਨ ਦੀ ਅਪੀਲ ਕੀਤੀ ਹੈ।