ਸੁਨਾਮ : ਸੁਨਾਮ ਦੇ ਜੰਮਪਲ ਖੇਡ ਲੇਖਕ ਅਤੇ ਡੀ ਪੀ ਈ ਮਨਦੀਪ ਸਿੰਘ ਸੁਨਾਮ ਦੀ ਨਵੀਂ ਕਿਤਾਬ "ਭਾਰਤ ਦੇ ਓਲੰਪਿਕ ਤਗਮੇ" ਲੋਕ ਅਰਪਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਵੱਲੋਂ ਕੀਤੀ ਗਈ। ਇਹ ਕਿਤਾਬ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੁਨੀਆਂ ਦੀਆਂ ਸਿਰਮੌਰ ਖੇਡਾਂ ਓਲੰਪਿਕ ਖੇਡਾਂ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੀ ਗਾਥਾ ਸੁਣਾਉਂਦੀ ਕਿਤਾਬ ਹੈ। ਇਸ ਕਿਤਾਬ ਰਾਹੀਂ ਖੇਡ ਪ੍ਰੇਮੀਆਂ ਅਤੇ ਵਿਦਿਆਰਥੀਆਂ ਦੀ ਵਡਮੁੱਲੀ ਜਾਣਕਾਰੀ ਵਿੱਚ ਜਿੱਥੇ ਵਾਧਾ ਹੋਵੇਗਾ ਉਥੇ ਹੀ ਇਸ ਕਿਤਾਬ ਨਾਲ ਸਾਡੇ ਨੌਜਵਾਨ ਖਿਡਾਰੀ ਇਹਨਾਂ ਖਿਡਾਰੀਆਂ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਤੋਂ ਸਬਕ ਲੈ ਕੇ ਓਲੰਪਿਕ ਲਹਿਰ ਨਾਲ ਜੁੜਨਗੇ ਅਤੇ ਦੇਸ਼ ਦਾ ਨਾਮ ਖੇਡਾਂ ਅੰਦਰ ਰੌਸ਼ਨ ਕਰਨਗੇ। ਇਸ ਕਿਤਾਬ ਵਿੱਚ ਸਾਲ 1900 ਤੋਂ (ਜਦੋਂ ਤੋਂ ਭਾਰਤ ਦੇ ਖਿਡਾਰੀਆਂ ਨੇ ਓਲੰਪਿਕ ਖੇਡਾਂ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਸੀ ) ਹੁਣ ਤੱਕ ਤਗਮੇ ਜਿੱਤਣ ਵਾਲੇ ਖਿਡਾਰੀਆਂ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਸ਼ਾ ਮਾਹਿਰ ਮੈਡਮ ਸੀਮਾ ਚਾਵਲਾ, ਜਤਿੰਦਰ ਕੁਮਾਰ, ਸੋਮ ਸਿੰਘ ਅਤੇ ਸਾਬਕਾ ਕੌਂਸਲਰ ਅੰਮ੍ਰਿਤ ਕੌਰ ਹਾਜ਼ਰ ਸਨ।