ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਪਰਮਾਤਮਾ ਨੇ ਇਹ ਪੂਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਤਾਂ ਉਸਦੇ ਦਿਲ ਵਿੱਚ ਖਿਆਲ ਆਇਆ ਕਿ ਉਹ ਸਭ ਦੇ ਦਿਲਾਂ ਦੀਆਂ ਜਾਣ ਤਾਂ ਸਕਦਾ ਹੈ ਤੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਵੀ ਕਰ ਸਕਦਾ ਹੈ, ਪਰ ਇਕੋ ਸਮੇਂ ਸਭ ਦਾ ਖਿਆਲ ਰੱਖਣਾ ਬਹੁਤ ਮੁਸ਼ਕਲ ਹੁੰਦਾ ਇਸ ਕਰਕੇ ਪਰਮਾਤਮਾ ਨੇ ਮਾਂ ਦੀ ਰਚਨਾ ਕੀਤੀ ਕਿਉਂਕਿ ਰੱਬ ਤੋਂ ਬਾਅਦ ਜੇ ਕੋਈ ਸਾਡਾ ਖਿਆਲ ਰੱਖ ਸਕਦਾ ਹੈ ਤਾਂ ਉਹ ਇੱਕ ਮਾਂ ਹੀ ਹੈ ਅਸੀਂ ਦੇਖਦੇ ਹਾਂ ਕਿ ਅੱਜ ਦੇ ਸਵਾਰਥ ਭਰੇ ਜਮਾਨੇ ਵਿੱਚ ਜੇ ਕੋਈ ਨਿਰਸਵਾਰਥ ਸਾਨੂੰ ਪਿਆਰ ਕਰਦਾ ਹੈ ਤੇ ਸਾਡਾ ਖਿਆਲ ਰੱਖਦਾ ਹੈ ਤਾਂ ਉਹ ਸਿਰਫ ਇੱਕ ਮਾਂ ਹੈ
ਮੈਂ ਬਚਪਨ ਵਿੱਚ ਬਹੁਤ ਛੋਟੀ ਸੀ ਜਦੋਂ ਮੇਰੇ ਪਿਤਾ ਜੀ ਦਾ ਸੁਰਗਵਾਸ ਹੋ ਗਿਆ ਮੈਂ ਆਪਣੇ ਮਾਤਾ ਜੀ ਨੂੰ ਬਿਨਾਂ ਕਿਸੇ ਗਿਲੇ ਸ਼ਿਕਵੇ ਤੋਂ ਕਦੇ ਮਾਂ ਬਣ ਕੇ ਤੇ ਕਦੇ ਬਾਪ ਬਣ ਕੇ ਫਰਜ ਨਿਭਾਉਂਦੇ ਦੇਖਿਆ ਉਹਨਾਂ ਦੇ ਚਿਹਰੇ ਤੇ ਕਦੇ ਵੀ ਕੋਈ ਗਿਲਾ ਸ਼ਿਕਵਾ ਨਹੀਂ ਸੀ ਮੈਂ ਆਪਣੇ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੀ ਹਾਂ ਤੇ ਮੇਰੇ ਮਾਤਾ ਜੀ ਦੀ ਅਣਥੱਕ ਮਿਹਨਤ ਦੇ ਸਦਕਾ ਅਸੀਂ ਸਾਰੇ ਭੈਣ ਭਰਾ ਆਪਣੇ ਆਪਣੇ ਘਰ ਸੁੱਖ ਸ਼ਾਂਤੀ ਵਿੱਚ ਹਾਂ। ਅਸੀਂ ਆਪਣੇ ਮਾਤਾ ਕੋਲੋਂ ਇੱਕ ਗੱਲ ਬਹੁਤ ਵਧੀਆ ਸਿੱਖੀ ਸਾਡੇ ਮਾਤਾ ਜੀ ਕਹਿੰਦੇ ਹੁੰਦੇ ਨੇ ਕਿ ਕੋਈ ਕਿੰਨਾ ਵੀ ਬੁਰਾ ਕਰ ਜਾਵੇ ਤੁਸੀਂ ਕਿਸੇ ਬਾਰੇ ਬੁਰਾ ਨਹੀਂ ਸੋਚਣਾ ਕਿਉਂਕਿ ਲੁੱਟਣ ਵਾਲੇ ਦੇ ਦੋ ਹੱਥ ਹੁੰਦੇ ਹਨ ਤੇ ਉਹ ਦੇਣ ਵਾਲੇ ਪਰਮਾਤਮਾ ਦੇ ਅਨੇਕਾਂ ਹੱਥ ਹਨ ਤੇ ਕਿਸੇ ਦੀ ਲੋੜ ਸਮੇਂ ਕੀਤੀ ਮਦਦ ਪਤਾ ਨਹੀਂ ਸਾਨੂੰ ਕਿੰਨੀਆਂ ਹੀ ਮੁਸੀਬਤਾਂ ਤੋਂ ਬਚਾ ਜਾਂਦੀ ਹੈ
ਅਜੋਕੇ ਸਮੇਂ ਵਿੱਚ ਬੱਚੇ ਮੋਬਾਈਲਾਂ ਨਾਲ ਇਨੇ ਜੁੜ ਗਏ ਹਨ ਕਿ ਉਹਨਾਂ ਕੋਲ ਆਪਣੀ ਪਰਿਵਾਰ ਤੇ ਆਪਣੇ ਮਾਤਾ ਪਿਤਾ ਕੋਲ ਬੈਠ ਕੇ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ ਜਾਂ ਇਹ ਕਹਿ ਦਈਏ ਕਿ ਉਹ ਇਨਾ ਰੁਝ ਗਏ ਹਨ ਕਿ ਆਪਣੇ ਮਾਤਾ ਪਿਤਾ ਤੋਂ ਰੁਜ਼ਗਾਰ ਦੀ ਭਾਲ ਵਿੱਚ ਬਹੁਤ ਦੂਰ ਚਲੇ ਗਏ ਹਨ
ਸੋ ਮੁੱਕ ਦੀ ਗੱਲ ਇਹ ਕਿ ਉਹ ਬੱਚੇ ਕਰਮਾਂ ਵਾਲੇ ਹਨ ਜਿਨਾਂ ਕੋਲ ਮਾਵਾਂ ਹਨ, ਮਾਂ ਦੀਆਂ ਅਰਦਾਸਾਂ ਸਾਨੂੰ ਫਰਸ਼ਾਂ ਤੋਂ ਅਰਸ਼ਾਂ ਤੱਕ ਲੈ ਜਾਂਦੀਆਂ ਹਨ ਤੇ ਕਈ ਵਾਰ ਜੋ ਕੰਮ ਪਰਮਾਤਮਾ ਦੇ ਵੱਸ ਵਿੱਚ ਨਹੀਂ ਹੁੰਦਾ ਮਾਂ ਦੀਆਂ ਅਰਦਾਸਾਂ ਅੱਗੇ ਰੱਬ ਨੂੰ ਵੀ ਹਾਰ ਕੇ ਉਹ ਕੰਮ ਕਰਨਾ ਪੈ ਜਾਂਦਾ ਹੈ। ਅਸੀਂ ਹਰ ਸਾਲ ਮਈ ਦੇ ਦੂਸਰੇ ਐਤਵਾਰ ਮਾਂ ਦਿਵਸ ਮਨਾਉਂਦੇ ਹਾਂ ਭਾਵੇਂ ਬਹੁਤ ਸਾਰੇ ਵਿਦਵਾਨਾਂ ਦਾ ਕਹਿਣਾ ਹੈ ਕਿ ਮਾਂ ਦਾ ਕੋਈ ਦਿਨ ਨਹੀਂ ਹੁੰਦਾ ਤੇ ਮਾਂ ਨਾਲ ਹੀ ਹਰ ਦਿਨ ਹੁੰਦਾ ਹੈ ਪਰ ਫਿਰ ਵੀ ਮਾਂ ਨੂੰ ਕੁਝ ਪਲਾਂ ਦੀ ਖੁਸ਼ੀ ਦੇਣ ਖਾਤਰ ਬੱਚੇ ਮਾਂ ਦਿਵਸ ਮਨਾਉਂਦੇ ਹਨ ਤੇ ਮਾਂ ਨੂੰ ਕਈ ਤਰ੍ਹਾਂ ਦੇ ਤੋਹਫੇ ਵੀ ਦਿੰਦੇ ਹਨ ਭਾਵੇਂ ਅਸੀਂ ਮਾਂ ਦਾ ਕਰਜ ਆਪਣੀ ਜਾਨ ਵਾਰ ਕੇ ਵੀ ਨਹੀਂ ਦੇ ਸਕਦੇ ਪਰ ਅਸੀਂ ਆਪਣੀ ਮਾਂ ਨੂੰ ਉਸ ਦਾ ਬਣਦਾ ਸਤਿਕਾਰ ਅਤੇ ਉਹ ਸੁਪਨੇ ਜੋ ਸਾਡੀ ਕਾਮਯਾਬੀ ਤੇ ਤਰੱਕੀ ਲਈ ਮਾਂ ਨੇ ਦੇਖੇ ਹਨ ਉਹਨਾਂ ਨੂੰ ਪੂਰਾ ਕਰਕੇ ਅਸੀਂ ਆਪਣੀ ਮਾਂ ਨੂੰ ਖੁਸ਼ ਕਰ ਸਕਦੇ ਹਾਂ।
ਅੰਤ ਵਿੱਚ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਮਾਂ ਲਈ ਅਸੀਂ ਜਿੰਨਾ ਵੀ ਲਿਖੇ ਉਹ ਘੱਟ ਹੈ ਕਿਉਂਕਿ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਜਿੰਨਾ ਸਾਥ ਸਾਡੀ ਮਾਂ ਸਾਡਾ ਦਿੰਦੀ ਹੈ ਕੋਈ ਦੂਸਰਾ ਨਹੀਂ ਦੇ ਸਕਦਾ ਸਾਰੇ ਰਿਸ਼ਤੇ ਨਾਤੇ ਸਾਡੇ ਨਾਲ ਕਿਸੇ ਨਾ ਕਿਸੇ ਸਵਾਰਥ ਲਈ ਜੁੜੇ ਹੋ ਸਕਦੇ ਹਨ ਪਰ ਸਾਡੀ ਮਾਂ ਆਪਣੀ ਜਾਨ ਵਾਰ ਕੇ ਵੀ ਸਾਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ, ਮੈਂ ਸਾਰੇ ਵਿਸ਼ਵ ਦੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ ਕਿ ਉਹ ਸਦਾ ਖੁਸ਼ ਅਤੇ ਸੁਖੀ ਵਸਣ।
ਕਿ ਰੱਬਾ ਸਤਿੰਦਰ ਕਰੇ ਦੁਆਵਾਂ
ਕਿ ਰੱਬਾ ਸਤਿੰਦਰ ਕਰੇ ਦੁਆਵਾਂ
ਸੁਖੀ ਵਸਣ ਸਭਨਾਂ ਦੀਆਂ ਮਾਵਾਂ
ਰੱਖੀ ਸਭ ਤੋਂ ਦੂਰ ਬੁਲਾਵਾਂ
ਸੁਖੀ ਵਸਣ ਸਭਨਾਂ ਦੀਆਂ ਮਾਵਾਂ
ਸੁਖੀ ਵਸਣ ਸਭਨਾਂ ਦੀਆਂ ਮਾਵਾਂ
ਸਤਿੰਦਰ ਪਾਲ ਕੌਰ ਮੰਡੇਰ