ਅੱਜ ਕੱਲ੍ਹ ਹਰ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਨੂੰ ਗਰਮੀ ਦੇ ਮੌਸਮ ਕਾਰਨ ਛੁੱਟੀਆਂ ਹਨ। ਇਹ ਸਮਾਂ ਬੱਚਿਆਂ ਨੂੰ ਗਰਮੀ ਤੋਂ ਬਚਾਉਣ ਅਤੇ ਕੁਝ ਦਿਮਾਗੀ ਤੌਰ ਤੇ ਆਰਾਮ ਦੇਣ ਲਈ ਹੁੰਦਾ ਹੈ। ਪਰ ਜੇਕਰ ਇਸ ਸਮੇਂ ਨੂੰ ਬੱਚਿਆਂ ਦੀ ਸ਼ਖਸ਼ੀਅਤ ਨੂੰ ਹੋਰ ਨਿਖ਼ਾਰਨ ਲਈ ਲਗਾਇਆ ਜਾਵੇ ਤਾਂ ਸੋਨੇ ਤੇ ਸੁਹਾਗਾ ਹੋਣ ਵਾਲੀ ਗੱਲ ਹੋ ਸਕਦੀ ਹੈ।ਇਸ ਮਕਸਦ ਨੂੰ ਪੂਰਾ ਕਰਨ ਲਈ ਕੁਝ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜੋ ਉਹਨਾਂ ਨੂੰ ਸਿਰਜਣਾਤਮਕ ਤਾਂ ਬਣਾਉਣ ਹੀ, ਨਾਲ ਮਜ਼ੇਦਾਰ ਵੀ ਲੱਗਣ। ਕੁਝ ਕੁ ਗਤੀਵਿਧੀਆਂ ਇਸ ਤਰ੍ਹਾਂ ਦੀਆਂ ਹੋ ਸਕਦੀਆਂ ਹਨ।
*ਛੋਟੇ ਬੱਚੇ ਅਕਸਰ ਰੰਗਾਂ ਨਾਲ ਬਹੁਤ ਖੁਸ਼ ਹੁੰਦੇ ਅਤੇ ਮਸਤੀ ਕਰਦੇ ਹਨ। ਉਹਨਾਂ ਨੂੰ ਡਰਾਇੰਗ ਦਾ ਕੰਮ ਦਿੱਤਾ ਜਾ ਸਕਦਾ ਹੈ। ਜਿਸ ਤੇ ਉਹ ਆਪਣੀਆਂ ਕਲਾਕ੍ਰਿਤੀਆਂ ਦਾ ਪ੍ਰਗਟਾਵਾ ਕਰ ਸਕਣ। ਇਸ ਨਾਲ ਉਹ ਕੰਮ ਵਿੱਚ ਤਾਂ ਰੁੱਝੇ ਰਹਿਣਗੇ ਹੀ ਨਾਲ ਨਾਲ ਉਹਨਾਂ ਵਿੱਚ ਸੁਹਜਾਤਮਕ ਗੁਣ ਦੀ ਵਿਕਸਿਤ ਹੋਵੇਗਾ।
*ਪੜ੍ਹਾਈ ਤੋਂ ਹਟ ਕੇ ਉਹਨਾਂ ਨੂੰ ਕੁਝ ਘਰੇਲੂ ਕੰਮਾਂ ਵਿੱਚ ਵੀ ਲਗਾਉਣਾ ਚਾਹੀਦਾ ਹੈ ।ਛੋਟੇ ਛੋਟੇ ਕੰਮ ਜੋ ਉਹ ਆਸਾਨੀ ਅਤੇ ਸੁਰੱਖਿਆ ਤੌਰ ਤੇ ਕਰ ਸਕਣ ।ਜਿਵੇਂ ਘਰ ਦੀ ਬਗੀਚੀ ਦਾ ਕੰਮ ,ਘਰ ਦੀ ਸਜਾਵਟ ਅਤੇ ਸਫਾਈ ਆਦਿ ਦਾ ਕੰਮ।
*ਜਿਹੜੇ ਬੱਚੇ ਵੱਡੇ ਹਨ ਉਹ ਆਪਣਾ ਹੁਨਰ ਹੋਰ ਕੰਮਾਂ ਨੂੰ ਕਰਕੇ ਨਿਖਾਰ ਸਕਦੇ ਹਨ ਜਿਵੇਂ ਪੇਂਟਿੰਗ, ਸਿਲਾਈ, ਕਢਾਈ ਜਾਂ ਕੋਈ ਸਜਾਵਟੀ ਚੀਜ਼ਾਂ ਬਣਾਉਣ ਲਈ ਸਮਾਂ ਦੇਣ।
*ਬੱਚਿਆਂ ਨੂੰ ਕਲੇਅ ਜਾਂ ਚੀਕਣੀ ਮਿੱਟੀ ਨਾਲ ਵਸਤਾਂ ਬਣਾਉਣ ਲਈ ਦਿੱਤੀਆਂ ਜਾ ਸਕਦੀਆਂ ਹਨ ।ਜਿਸ ਨਾਲ ਉਹਨਾਂ ਦੀਆਂ ਮਾਸਪੇਸ਼ੀਆਂ ਮਜਬੂਤ ਹੋਣਗੀਆਂ ਅਤੇ ਉਹਨਾਂ ਵਿੱਚ ਕੁਝ ਸਿਰਜਣ ਦੀ ਵੀ ਰੁਚੀ ਪੈਦਾ ਹੋਵੇਗੀ।
*ਛੁੱਟੀਆਂ ਵਿੱਚ ਬੱਚਿਆਂ ਨੂੰ ਕੁਝ ਸਮਾਂ ਖਾਣ ਵਾਲੀਆਂ ਚੀਜ਼ਾਂ ਬਣਾਉਣ ਲਈ ਦੇਣਾ ਚਾਹੀਦਾ ਹੈ ਜਿਵੇਂ ਸਲਾਦ ਸਜਾਉਣਾ ,ਸ਼ਰਬਤ ਬਣਾਉਣਾ, ਕੇਕ ਜਾਂ ਆਈਸਕ੍ਰੀਮ ਆਦਿ ਬਣਾਉਣਾ ਆਦਿ ।
*ਬੱਚੇ ਛੁੱਟੀਆਂ ਵਿੱਚ ਕਾਫੀ ਸਮੇਂ ਬਾਅਦ ਨਾਨਕੇ ,ਭੂਆ ਜਾਂ ਮਾਸੀ ਦੇ ਘਰ ਇਕੱਠੇ ਹੁੰਦੇ ਹਨ। ਉਹ ਇਕੱਠੇ ਹੋ ਕੇ ਕੁਝ ਦੇਸੀ ਖੇਡਾਂ ਜਿਵੇਂ ਪਿੱਠੂ ਸੇਕਣਾ , ਬਾਰਾਂ ਟਾਹਣੀ ,ਲੁੱਡੋ ,ਲੁਕਣ ਮੀਟੀ, ਸਟਾਪੂ ਆਦਿ ਖੇਡ ਕੇ ਆਪਣਾ ਮਨੋਰੰਜਨ ਕਰ ਸਕਦੇ ਹਨ।
*ਛੁੱਟੀਆਂ ਦਾ ਫਾਇਦਾ ਲੈਂਦੇ ਹੋਏ ਬੱਚੇ ਆਪਣੇ ਸਰੀਰਕ ਤੰਦਰੁਸਤੀ ਵਾਸਤੇ ਕਸਰਤ ,ਯੋਗਾ, ਡਾਂਸ ਆਦਿ ਦੀ ਪ੍ਰੈਕਟਿਸ ਵੀ ਘਰ ਜਾਂ ਕਿਸੇ ਕੋਚਿੰਗ ਸੈਂਟਰ ਵਿੱਚ ਕਰ ਸਕਦੇ ਹਨ।
*ਮਾਪੇ ਬੱਚਿਆਂ ਨੂੰ ਅਖਬਾਰ ਜਾਂ ਕਿਤਾਬਾਂ ਤੋਂ ਦਿਲਚਸਪ ਅਤੇ ਪ੍ਰੇਰਣਾਦਾਇਕ ਕਹਾਣੀਆਂ, ਕਵਿਤਾਵਾਂ , ਅਤੇ ਹੋਰ ਰੌਚਕ ਸਮੱਗਰੀ ਪੜ੍ਹਨ ਲਈ ਵੀ ਪ੍ਰੇਰਿਤ ਕਰ ਸਕਦੇ ਹਾਂ।
*ਬੱਚਿਆਂ ਨੂੰ ਵਾਤਾਵਰਨ ਪ੍ਰਤੀ ਸੁਹਿਰਦ ਹੋਣ ਲਈ ਉਹਨਾਂ ਤੋਂ ਨਵੇਂ ਬੂਟੇ ਲਗਾਉਣਾ ਅਤੇ ਉਹਨਾਂ ਦੀ ਸੰਭਾਲ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈ। ਜਿਸ ਨਾਲ ਉਹਨਾਂ ਵਿੱਚ ਵਾਤਾਵਰਣ ਦੀ ਸਾਂਭ ਸੰਭਾਲ ਦੀ ਆਦਤ ਵਿਕਸਿਤ ਹੋਵੇਗੀ।
*ਮਾਪੇ ਆਪਣੀ ਸਹੂਲਤ ਮੁਤਾਬਕ ਬੱਚਿਆਂ ਦੇ ਮਨੋਰੰਜਨ ਅਤੇ ਜਾਣਕਾਰੀ ਦੇ ਵਾਧੇ ਲਈ ਕਿਸੇ ਮਿਊਜ਼ੀਅਮ, ਪਾਰਕ ,ਇਤਿਹਾਸਿਕ ਜਾਂ ਧਾਰਮਿਕ ਥਾਵਾਂ ਦੀ ਸੈਰ ਕਰਵਾ ਸਕਦੇ ਹਨ ।ਤਾਂ ਜੋ ਵਿਦਿਆਰਥੀ ਜੋ ਕਿਤਾਬਾਂ ਵਿੱਚ ਪੜ੍ਹਦੇ ਹਨ, ਉਸ ਬਾਰੇ ਉਹਨਾਂ ਨੂੰ ਪ੍ਰੈਕਟੀਕਲ ਤੌਰ ਤੇ
ਜਾਣਕਾਰੀ ਪ੍ਰਾਪਤ ਹੋ ਸਕੇ।
*ਕਈ ਬੱਚੇ ਸ਼ਹਿਰਾਂ ਵਿੱਚ ਰਹਿੰਦੇ ਹਨ। ਪੇਂਡੂ ਜੀਵਨ ਤੋਂ ਅਣਜਾਣ ਹੁੰਦੇ ਹਨ।
ਜੇ ਹੋ ਸਕੇ ਤਾਂ ਉਹਨਾਂ ਨੂੰ ਪਿੰਡ ਵਿੱਚ ਰਹਿੰਦੇ ਰਿਸ਼ਤੇਦਾਰਾਂ ਦੇ ਲਿਜਾ ਕੇ ਖੇਤਾਂ ਵਿੱਚ ਹੋਣ ਵਾਲੀਆਂ ਵੱਖ ਵੱਖ ਫਸਲਾਂ ਦੀ ਅਤੇ ਦਰਖਤਾਂ ਦੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਇਸ ਨਾਲ ਬੱਚੇ ਬਹੁਤ ਖੁਸ਼ ਵੀ ਹੁੰਦੇ ਹਨ ਅਤੇ ਉਹਨਾਂ ਦੀ ਜਾਣਕਾਰੀ ਵਿੱਚ ਵੀ ਵਾਧਾ ਹੁੰਦਾ ਹੈ।
ਇਨਾ ਗਤੀਵਿਧੀਆਂ ਤੋਂ ਇਲਾਵਾ ਮਾਪੇ ਆਪਣੀ ਬੱਚਿਆਂ ਦੀ ਰੁਚੀ ਮੁਤਾਬਿਕ ਹੋਰ ਵੀ ਅਨੇਕਾਂ ਅਜਿਹੇ ਕੰਮ ਛੁੱਟੀਆਂ ਵਿੱਚ ਕਰਵਾ ਸਕਦੇ ਹਨ ਜਿਸ ਨਾਲ ਉਹਨਾਂ ਦੇ ਸਿੱਖਣ ਦੇ ਨਾਲ -ਨਾਲ ਮਨੋਰੰਜਨ ਵੀ ਹੋਵੇ।ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਵਿੱਚ ਪਿਆਰ, ਮਿਲਵਰਤਨ, ਸਹਿਯੋਗ , ਸਾਂਝੀਵਾਲਤਾ ਆਦਿ ਗੁਣ ਵੀ ਵਿਕਸਿਤ ਹੁੰਦੇ ਹਨ। ਇਸ ਨਾਲ ਉਹ ਮੋਬਾਈਲ ਫੋਨਾਂ ਤੇ ਬੇਫਜੂਲ ਸਮੇਂ ਦੀ ਬਰਬਾਦੀ ਤੋਂ ਵੀ ਬਚ ਸਕਦੇ ਹਨ।
ਲੇਖਕ
ਹਰਜਿੰਦਰ ਕੌਰ,ਆਦਮਵਾਲ ਗੜ੍ਹੀ (ਹੁਸ਼ਿ.)9464288784