ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਸਕੂਲ ਆਫ਼ ਮੈਨੇਜਮੈਂਟ ਵੱਲੋਂ ਕਰਵਾਇਆ ਗਿਆ ਪੰ-ਦਿਨਾ ਬਹੁ-ਅਨੁਸ਼ਾਸਨੀ ਫ਼ੈਕਲਟੀ ਵਿਕਾਸ ਪ੍ਰੋਗਰਾਮ ਸਫਲਤਾਪੂਰਵਕ ਸੰਪੰਨ ਹੋ ਗਿਆ ਹੈ। '2047 ਦੇ ਭਾਰਤ ਲਈ ਟਿਕਾਊ ਹੁਨਰ, ਰਣਨੀਤੀਆਂ ਅਤੇ ਹੱਲ' ਵਿਸ਼ੇ ਉੱਤੇ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਸਿੱਖਿਆ ਸ਼ਾਸਤਰੀਆਂ ਅਤੇ ਚਿੰਤਕਾਂ ਨੇ ਆਪਣੇ ਵਿਚਾਰ ਪ੍ਰਗਟਾਏ।
ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਰਿਮਟ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਡਾ. ਬੀ.ਐੱਸ. ਭਾਟੀਆ ਨੇ ਇਸ ਮੌਕੇ ਬੋਲਦਿਆਂ ਭਾਰਤ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਹੁਨਰ ਵਿਕਾਸ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਲੰਬੇ ਸਮੇਂ ਦੀ ਸੋਚ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਅਜਿਹੇ ਵਿਕਾਸ ਦੀ ਮਹੱਤਤਾ ਨੂੰ ਉਜਾਗਰ ਕੀਤਾ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਟਿਕਾਊ ਹੋਵੇ। ਉਨ੍ਹਾਂ ਕਿਹਾ ਕਿ ਕੁਦਰਤੀ ਅਤੇ ਗੈਰ-ਨਵਿਆਉਣਯੋਗ ਸਰੋਤਾਂ ਨੂੰ ਬਰਬਾਦ ਕਰਨ ਦੀ ਕੀਮਤ 'ਤੇ ਵਿਕਾਸ ਨਹੀਂ ਹੋਣਾ ਚਾਹੀਦਾ। ਉਨ੍ਹਾਂ ਫ਼ੈਕਲਟੀ ਮੈਂਬਰਾਂ ਨੂੰ ਸਿੱਖਿਆ ਅਤੇ ਸੰਸਥਾਗਤ ਢਾਂਚੇ ਵਿੱਚ ਸਥਿਰਤਾ, ਨਵੀਨਤਾ ਅਤੇ ਨੈਤਿਕ ਜ਼ਿੰਮੇਵਾਰੀ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ।
ਖਾਲਸਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਬੁੱਧੀ ਰੂਪੀ ਪੂੰਜੀ ਦੀ ਮਹੱਤਤਾ ਬਾਰੇ ਗੱਲ ਕੀਤੀ ਜੋ ਸਾਡੇ ਲੋਕਾਚਾਰ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਤੋਂ ਪ੍ਰਾਪਤ ਹੁੰਦੀ ਹੈ। ਉਨ੍ਹਾਂ ਆਪਣੀ ਵਿਆਪਕ ਖੋਜ ਅਤੇ ਅਕਾਦਮਿਕ ਅਨੁਭਵ ਤੋਂ ਲੈ ਕੇ ਸਮਾਨਤਾ ਅਤੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਵਿਦਿਅਕ ਸੰਸਥਾਵਾਂ ਵਿੱਚ ਸਾਰੇ ਪੱਖਾਂ ਨੂੰ ਬਰਾਬਰੀ ਦੇਣ ਵਾਲੀਆਂ ਨੀਤੀਆਂ ਅਤੇ ਅਮਲਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਵਾਤਾਵਰਣ ਪ੍ਰਤੀ ਜਾਗਰੂਕ ਹੋਣ, ਸਮਾਜਿਕ ਤੌਰ 'ਤੇ ਜ਼ਿੰਮੇਵਾਰ ਨਾਗਰਿਕਾਂ ਨੂੰ ਆਕਾਰ ਦੇਣ ਵਿੱਚ ਸਿੱਖਿਆ ਦੀ ਭੂਮਿਕਾ 'ਤੇ ਵੀ ਜ਼ੋਰ ਦਿੱਤਾ।
ਵਿਭਾਗ ਮੁਖੀ ਡਾ. ਅਮਰ ਇੰਦਰ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਦੌਰਾਨ ਫੈਕਲਟੀ ਅਤੇ ਮਾਹਿਰਾਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਅਜਿਹੀਆਂ ਬਹੁ-ਅਨੁਸ਼ਾਸਨੀ ਪਹਿਲਕਦਮੀਆਂ ਰਾਹੀਂ ਭਵਿੱਖ ਲਈ ਤਿਆਰ ਸਿੱਖਿਅਕਾਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ।
ਡਾ. ਐਲਾ ਮਿੱਤਲ ਨੇ ਸਮਾਪਤੀ ਸੈਸ਼ਨ ਦੀ ਸਮੁੱਚੀ ਕਾਰਵਾਈ ਨੂੰ ਕੁਸ਼ਲਤਾ ਨਾਲ ਚਲਾਇਆ। ਇਸ ਮੌਕੇ ਡਾ. ਪ੍ਰਨੀਤ ਕੌਰ, ਡਾ. ਰਤਿੰਦਰ ਕੌਰ ਅਤੇ ਡਾ. ਧੀਰਜ ਸ਼ਰਮਾ ਨੇ ਵੀ ਆਪਣੇ ਵਿਚਾਰ ਪ੍ਰਗਟਾਏ।