ਸੁਨਾਮ : ਅਕੇਡੀਆ ਵਰਲਡ ਸਕੂਲ ਸੁਨਾਮ ਵਿੱਚ ਕਲਾਸ ਚੌਥੀ (ਲਾਇਲੈਕ ਅਤੇ ਐਸਟਰ) ਦੇ ਵਿਦਿਆਰਥੀਆਂ ਦਾ ਪੰਜਾਬੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮਕਸਦ ਬੱਚਿਆਂ ਦੇ ਬੋਲਣ ਦੇ ਹੁਨਰ, ਆਤਮ-ਵਿਸ਼ਵਾਸ ਅਤੇ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਨੂੰ ਵਧਾਉਣਾ ਸੀ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਾਤਾਵਰਣ, ਸਿੱਖਿਆ ਦੀ ਮਹੱਤਤਾ, ਸਾਡੀ ਸੰਸਕ੍ਰਿਤੀ ਅਤੇ ਸਮਾਜ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਵਰਗੇ ਵਿਸ਼ਿਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਹਰ ਬੱਚੇ ਨੇ ਸਾਫ਼ ਉਚਾਰਨ ਅਤੇ ਵਿਸ਼ਵਾਸ ਨਾਲ ਭਾਸ਼ਣ ਦਿੱਤਾ। ਦੋਵੇਂ ਸੈਕਸ਼ਨਾਂ ਵਿੱਚੋਂ ਫਾਈਨਲ ਰਾਊਂਡ ਲਈ ਵੀਹ ਬੱਚੇ ਚੁਣੇ ਗਏ।ਇਸ ਮੁਕਾਬਲੇ ਵਿੱਚੋਂ ਪਹਿਲਾ ਸਥਾਨ ਲਾਇਲੈਕ ਸੈਕਸ਼ਨ ਦੀ ਰੂਹਾਨੀ ਜੈਨ ਅਤੇ ਦੂਜਾ ਸਥਾਨ ਜੈਅੰਤ ਜੈਨ ਨੇ ਹਾਸਿਲ ਕੀਤਾ। ਐਸਟਰ ਸੈਕਸ਼ਨ ਵਿੱਚੋਂ ਤੀਸਰਾ ਸਥਾਨ ਅਗਮਜੋਤ ਕੌਰ ਕੰਬੋਜ ਦੁਆਰਾ ਪ੍ਰਾਪਤ ਕੀਤਾ ਗਿਆ। ਮੁਕਾਬਲੇ ਦੀ ਜੱਜਮੈਂਟ ਅੰਗਰੇਜ਼ੀ ਵਿਭਾਗ ਦੇ ਐਚ.ਓ.ਡੀ ਮਿਸ ਬਿੰਦੀਆ ਮਧਾਨ ਦੁਆਰਾ ਕੀਤੀ ਗਈ ਜਿਨ੍ਹਾਂ ਨੇ ਬੱਚਿਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ ਗਏ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਅਤੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਕਿਹਾ ਕਿ ਇਹ ਮੁਕਾਬਲਾ ਨਾ ਸਿਰਫ਼ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਦਾ ਹੈ ਬਲਕਿ ਉਨ੍ਹਾਂ ਨੂੰ ਚੰਗਾ ਬੁਲਾਰਾ ਬਣਨ ਦਾ ਮੌਕਾ ਵੀ ਦਿੰਦਾ ਹੈ। ਇਸ ਮੌਕੇ ਅਧਿਆਪਕ ਲਵਪ੍ਰੀਤ ਸਿੰਘ ਅਤੇ ਜੋਬਨਜੀਤ ਸਿੰਘ ਵੀ ਮੌਜੂਦ ਸਨ।