ਚੀਨ ਦੇ ਗੁਆਂਗਜ਼ੂ ਵਿੱਚ ਚੱਲ ਰਹੀਆਂ ਏਸ਼ੀਆਈ ਖੇਡਾਂ ਵਿੱਚ ਭਾਰਤ ਨੇ ਤਮਗ਼ੇ ਜਿੱਤਣ ਦਾ ਅੰਕੜਾ 100 ਤੋਂ ਪਾਰ ਕਰ ਦਿੱਤਾ ਹੈ। ਭਾਰਤ ਏਸ਼ੀਆਈ ਖੇਡਾਂ ਦੇ 74 ਸਾਲਾਂ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਨੇ 100 ਤੋਂ ਵਧੇਰੇ ਤਮਗ਼ੇ ਜਿੱਤੇ ਹੋਣ। ਖੇਡਾਂ ਦੇ 14ਵੇਂ ਦਿਨ ਸਨਿੱਚਰਵਾਰ ਨੂੰ ਸਾਤਵਿਕ ਅਤੇ ਚਿਰਾਗ ਦੀ ਜੋੜੀ ਨੇ ਮਰਦਾਂ ਦੇ ਡਬਲਜ਼ ਬੈਡਮਿੰਟਨ ਵਿੱਚ ਭਾਰਤ ਨੂੰ 101 ਵਾਂ ਤਮਗ਼ਾ ਜਿੱਤ ਕੇ ਭਾਰਤ ਦੀ ਝੋਲੀ ਪਾ ਦਿੱਤਾ ਹੈ। ਇਸ ਤੋਂ ਪਹਿਲਾਂ ਔਰਤਾਂ ਦੀ ਕਬੱਡੀ ਦੀ ਟੀਮ ਨੇ ਫ਼ਾਈਨਲ ਵਿਚ ਚੀਨੀ ਤਾਈਪੇ ਨੂੰ 26-25 ਦੇ ਫ਼ਰਕ ਨਾਲ ਹਰਾ ਕੇ ਸੋਨੇ ਦਾ ਤਮਗ਼ਾ ਆਪਣੇ ਹਿੱਸੇ ਕਰ ਲਿਆ। ਭਾਰਤ ਨੂੰ ਕਬੱਡੀ ਤੋਂ ਇਲਾਵਾ ਤੀਰਅੰਦਾਜ਼ੀ ਕੰਪਾਊਂਡ ਵਿੱਚ ਵੀ 4 ਤਮਗ਼ੇ ਮਿਲੇ, ਜਿਨ੍ਹਾਂ ਵਿਚੋਂ 2 ਸੋਨੇ ਦੇ ਇਕ ਚਾਂਦੀ ਅਤੇ ਇਕ ਕਾਂਸੀ ਦਾ ਹੈ। ਜੇਕਰ 2018 ਦੀਆਂ ਏਸ਼ੀਆਈ ਖੇਡਾਂ ਜਿਹੜੀਆਂ ਕਿ ਜਕਾਰਤਾ ਵਿੱਚ ਹੋਈਆਂ ਸਨ, ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਭਾਰਤ ਨੇ 70 ਤੋਂ ਜ਼ਿਆਦਾ ਤਮਗ਼ੇ ਆਪਣੇ ਹਿੱਸੇ ਪਾਏ ਸਨ।
ਭਾਰਤੀ ਤੀਰਅੰਦਾਜ਼ਾਂ ਨੇ ਫੁੰਡੇ ਦੋ ਤਮਗ਼ੇ
ਏਸ਼ੀਆਈ ਖੇਡਾਂ ਦੇ ਅੱਜ ਦੇ ਦਿਨ ਭਾਰਤ ਦੀ ਤਮਗ਼ੇ ਜਿੱਤਣ ਦੀ ਸ਼ੁਰੂਆਤ ਤੀਰਅੰਦਾਜ਼ੀ ਦੇ ਕੰਪਾਊਂਡ (ਸਿੰਗਲ) ਮਹਿਲਾ ਮੁਕਾਬਲਿਆਂ ਵਿੱਚ ਦੋ ਤਮਗ਼ਿਆਂ ਨਾਲ ਹੋਈ। ਭਾਰਤ ਨੂੰ ਪਹਿਲਾ ਤਮਗ਼ਾ ਅਦਿਤੀ ਗੋਪੀਚੰਦ ਸਵਾਮੀ ਨੇ ਕੰਪਾਊਂਡ (ਸਿੰਗਲ) ਮਹਿਲਾ ਤੀਰਅੰਦਾਜ਼ੀ ਵਿੱਚ ਜਿੱਤ ਪ੍ਰਾਪਤ ਕਰਨ ਨਾਲ ਹੋਇਆ। ਕਾਂਸੀ ਤੇ ਤਮਗ਼ੇ ਲਈ ਹੋਏ ਇਸ ਮੁਕਾਬਲੇ ਵਿੱਚ ਅਦਿਤੀ ਨੇ ਮਲੇਸ਼ੀਆ ਦੀ ਰਤੀਹ ਫ਼ਾਡਲੀ ਨੂੰ 146-140 ਦੇ ਫ਼ਰਕ ਨਾਲ ਹਰਾਇਆ ਅਤੇ ਇਸੇ ਮੁਕਾਬਲੇ ਦਾ ਦੂਜਾ ਤਮਗ਼ਾ ਵੀ ਮਿਲਿਆ। ਜਯੋਤੀ ਸੁਰੇਖਾ ਵੇਨਮ ਨੇ ਫ਼ਾਈਨਲ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਸੋ ਚੈਵੋਨ ਨੂੰ 149-145 ਦੇ ਫ਼ਰਕ ਨਾਲ ਹਰਾਇਆ। ਜੇਕਰ ਮਰਦਾਂ ਦੇ ਕੰਪਾਊਂਡ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਨੇ ਸੋਨੇ ਤੇ ਚਾਂਦੀ ਦੇ ਤਮਗ਼ੇ ਜਿੱਤੇ। ਉਜਸ ਪ੍ਰਵੀਨ ਨੇ ਅਭਿਸ਼ੇਕ ਵਰਮਾ ਨੂੰ 149-147 ਨਾਲ ਹਰਾ ਕੇ ਸੋਨੇ ਦੇ ਤਮਗ਼ੇ ’ਤੇ ਕਬਜ਼ਾ ਕੀਤਾ। ਕਬੱਡੀ ਔਰਤਾਂ ਦੀ ਟੀਮ ਨੇ ਫ਼ਾਈਨਲ ਮੁਕਾਬਲੇ ਵਿੱਚ ਚੀਨੀ ਤਾਈਪੇ ਨੂੰ 26-25 ਦੇ ਬਹੁਤ ਹੀ ਥੋੜ੍ਹੇ ਫ਼ਰਕ ਨਾਲ ਹਰਾ ਕੇ ਸੋਨੇ ਦਾ ਤਮਗ਼ੇ ਨੂੰ ਆਪਣੀ ਝੋਲੀ ਪਾ ਲਿਆ।
ਪ੍ਰਧਾਨ ਮੰਤਰੀ ਵੱਲੋਂ ਜੇਤੂ ਖਿਡਾਰੀਆਂ ਨੂੰ ਮੁਬਾਰਕਵਾਦ
ਭਾਰਤੀ ਖਿਡਾਰੀਆਂ ਵੱਲੋਂ ਲਗਾਈ ਜਾ ਰਹੀ ਤਮਗ਼ਿਆਂ ਦੀ ਝੜੀ ਤੋਂ ਖ਼ੁਸ਼ ਹੋ ਕੇ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਖਿਡਾਰੀਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਉਹ 10 ਅਕਤੂਬਰ ਨੂੰ ਏਸ਼ੀਆਈ ਖੇਡਾਂ ਵਿੱਚ ਜਿੱਤਣ ਵਾਲੇ ਖਿਡਾਰੀਆਂ ਨਾਲ ਮੁਲਾਕਾਤ ਵੀ ਕਰਨਗੇ।