Tuesday, September 16, 2025

Sports

ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਿਆ

March 28, 2025 01:07 PM
SehajTimes

ਸੰਸਾਰਪੁਰ ਨੇ 14 ਹਾਕੀ ਓਲੰਪੀਅਨ ਪੈਦਾ ਕੀਤੇ ਅਤੇ ਓਲੰਪਿਕਸ ਵਿੱਚ ਸੱਤ ਤਮਗ਼ੇ ਜਿੱਤੇ

ਨਵੀਂ ਦਿੱਲੀ  : ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਲੀਮੈਂਟ ਦੇ ਸਿਫ਼ਰ ਕਾਲ ਵਿੱਚ ਹਾਕੀ ਦੇ ਮੱਕਾ ਪਿੰਡ ਸੰਸਾਰਪੁਰ ਦਾ ਮੁੱਦਾ ਚੁੱਕਦਿਆਂ ਇਸ ਪਿੰਡ ਦੀ ਹਾਕੀ ਨੂੰ ਵੱਡੀ ਦੇਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਪਿੰਡ ਹਾਲੇ ਵੀ ਐਸਟੋਟਰਫ ਹਾਕੀ ਗਰਾਊਂਡ ਤੋਂ ਸੱਖਣਾ ਹੈ।

ਮੀਤ ਹੇਅਰ ਨੇ ਕਿਹਾ ਕਿ ਸੰਸਾਰਪੁਰ ਨੇ 14 ਹਾਕੀ ਓਲੰਪੀਅਨ ਪੈਦਾ ਕੀਤੇ ਅਤੇ ਓਲੰਪਿਕਸ ਵਿੱਚ ਸੱਤ ਤਮਗ਼ੇ ਜਿੱਤੇ। ਇਨ੍ਹਾਂ ਵਿੱਚ ਚਾਰ ਸੋਨੇ, ਇਕ ਚਾਂਦੀ ਤੇ ਦੋ ਕਾਂਸੀ ਦੇ ਤਮਗ਼ੇ ਸ਼ਾਮਲ ਹਨ। 1975 ਵਿੱਚ ਭਾਰਤ ਲਈ ਇਕਲੌਤਾ ਵਿਸ਼ਵ ਕੱਪ ਜਿੱਤਣ ਵਾਲੇ ਅਜੀਤ ਪਾਲ ਸਿੰਘ ਵੀ ਸੰਸਾਰਪੁਰ ਤੋਂ ਸਨ ਅਤੇ ਸਾਰੇ ਓਲੰਪੀਅਨ ਇਕੋ ਗਲੀ ਦੇ ਰਹਿਣ ਵਾਲੇ ਸਨ ਅਤੇ ਸਾਰੇ ਹੀ ਕੁਲਾਰ ਸਨ।

ਮੀਤ ਹੇਅਰ ਨੇ ਕਿਹਾ ਕਿ 1976 ਤੋਂ ਬਾਅਦ ਸੰਸਾਰਪੁਰ ਤੋਂ ਭਾਰਤ ਲਈ ਇਕ ਵੀ ਓਲੰਪੀਅਨ ਪੈਦਾ ਨਹੀਂ ਹੋਇਆ ਅਤੇ 1976 ਤੋਂ ਹੀ ਹਾਕੀ ਐਸਟੋਟਰਫ ਉਪਰ ਖੇਡੀ ਜਾਣ ਲੱਗੀ। ਉਨ੍ਹਾਂ ਕਿਹਾ ਕਿ ਸੰਸਾਰਪੁਰ ਪਿੰਡ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸਦਾ ਹੈ। ਇੱਥੇ ਨਾ ਹੀ ਪਿੰਡ ਕੋਲ ਖੇਡ ਮੈਦਾਨ ਲਈ ਜ਼ਮੀਨ ਹੈ। ਘਾਹ ਵਾਲੇ ਗਰਾਊਂਡ ਵਿੱਚ ਐਸਟੋਟਰਫ ਲਗਾਉਣ ਲਈ ਸੈਨਾ ਕੋਲੋ ਇਤਰਾਜ਼ਹੀਣਤਾ ਸਰਟੀਫਿਕੇਟ (ਐਨ.ਓ.ਸੀ.) ਦੀ ਲੋੜ ਹੈ, ਨਾ ਹੀ ਇਹ ਐਨ.ਓ.ਸੀ. ਦਿੱਤੀ ਗਈ ਅਤੇ ਨਾ ਹੀ ਸੈਨਾ ਵੱਲੋਂ ਆਪਣੇ ਪੱਧਰ ਉਤੇ ਐਸਟੋਟਰਫ ਲਗਾਈ ਗਈ।

ਮੀਤ ਹੇਅਰ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ, ਖੇਡ ਮੰਤਰੀ ਅਤੇ ਅਨੁਰਾਗ ਠਾਕੁਰ ਕੋਲੋ ਉਚੇਚੇ ਤੌਰ ਉਤੇ ਮੰਗ ਕੀਤੀ ਕਿ ਸੰਸਾਰਪੁਰ ਦੀ ਹਾਕੀ ਨੂੰ ਦੇਣ ਦੇਖਦਿਆਂ ਇਸ ਦੀ ਸਾਰ ਲਈ ਜਾਵੇ ਅਤੇ ਸੈਨਾ ਨਾਲ ਇਸ ਦਾ ਮਾਮਲਾ ਉਠਾਉਂਦਿਆਂ ਇੱਥੇ ਹਾਕੀ ਐਸਟੋਟਰਫ ਗਰਾਊਂਡ ਤਿਆਰ ਕੀਤਾ ਜਾਵੇ।
------

Have something to say? Post your comment