Wednesday, October 29, 2025

Sports

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ

October 28, 2025 04:36 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਪੰਜਾਬ ਸਰਕਾਰ ਦੀ ਸਿੱਖਿਆ ਤੇ ਖੇਡਾਂ ਪ੍ਰਤੀ ਵਚਨਬੱਧਤਾ ਅਧੀਨ, ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸਕੂਲ ਆਫ਼ ਐਮੀਨੈਂਸ ਫੇਜ਼–3 ਬੀ–1 ਵਿਖੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦਰਸ਼ਨਜੀਤ ਸਿੰਘ ਨੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦਾ ਸਵਾਗਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਸ਼ਮਾਂ ਰੌਸ਼ਨ ਕਰਨ ਉਪਰੰਤ ਗੁਬਾਰੇ ਛੱਡ ਕੇ ਖੇਡਾਂ ਦਾ ਸ਼ੁਭ ਆਗਾਜ਼ ਕੀਤਾ ਗਿਆ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ, “ਖੇਡਾਂ ਬੱਚਿਆਂ ਦੇ ਸਮੁੱਚੇ ਵਿਕਾਸ ਦਾ ਅਟੁੱਟ ਹਿੱਸਾ ਹਨ। ਇਹ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਸਾਂਝ, ਅਨੁਸ਼ਾਸਨ ਅਤੇ ਖੇਡ ਭਾਵਨਾ ਦਾ ਵਿਕਾਸ ਵੀ ਕਰਦੀਆਂ ਹਨ। ਉਨ੍ਹਾਂ ਸਾਰੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਜਿੱਤ–ਹਾਰ ਦੀ ਸੋਚ ਤੋਂ ਉਪਰ ਉਠ ਕੇ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ।” ਉਨ੍ਹਾਂ ਨੇ ਬੱਚਿਆਂ ਨੂੰ ਮਨ ਲਾ ਕੇ ਖੇਡਣ ਅਤੇ ਆਪਣੀ ਪ੍ਰਤਿਭਾ ਨੂੰ ਪੂਰੀ ਤਰ੍ਹਾਂ ਨਿਖਾਰਨ ਲਈ ਉਤਸ਼ਾਹਿਤ ਕੀਤਾ। ਡੀ.ਈ.ਓ. (ਐਲੀਮੈਂਟਰੀ) ਦਰਸ਼ਨਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਡੀ.ਈ.ਓ (ਐਲੀਮੈਂਟਰੀ) ਪਰਮਿੰਦਰ ਕੌਰ ਅਤੇ ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ ਦੀ ਟੀਮ ਵੱਲੋਂ ਖੇਡਾਂ ਦੇ ਸਮੁੱਚੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤੇ ਗਏ ਹਨ। ਉਨ੍ਹਾਂ ਅਨੁਸਾਰ, ਅੱਠ ਬਲਾਕਾਂ ਦੀਆਂ ਟੀਮਾਂ ਖੇਡਾਂ ਵਿੱਚ ਭਾਗ ਲੈ ਰਹੀਆਂ ਹਨ। ਕੁਝ ਐਥਲੈਟਿਕਸ ਦੇ ਮੁਕਾਬਲੇ ਜ਼ਿਲ੍ਹਾ ਖੇਡ ਕੰਪਲੈਕਸ ਸੈਕਟਰ 78 ਵਿੱਚ ਕਰਵਾਏ ਜਾ ਰਹੇ ਹਨ। ਇਹ ਤਿੰਨ ਦਿਨਾਂ ਤੱਕ ਚੱਲਣਗੀਆਂ। ਅੱਜ ਖੇਡਾਂ ਦੇ ਪਹਿਲੇ ਦਿਨ ਐਥਲੈਟਿਕਸ ਵਿੱਚ ਵੱਖ-ਵੱਖ ਦੌੜ ਮੁਕਾਬਲਿਆਂ ਵਿੱਚ ਖਰੜ–1, ਡੇਰਾਬਸੀ–1, ਖਰੜ–2 ਅਤੇ ਕੁਰਾਲੀ ਦੀਆਂ ਟੀਮਾਂ ਨੇ ਪਹਿਲੇ ਸਥਾਨ ਪ੍ਰਾਪਤ ਕੀਤੇ। ਜ਼ਿਲ੍ਹਾ ਖੇਡ ਕੰਪਲੈਕਸ ਵਿਖੇ ਬੈਡਮਿੰਟਨ ਤੇ ਜਿਮਨਾਸਟਿਕ ਦੇ ਜਦੋਂ ਕਿ ਸਕੂਲ ਆਫ਼ ਐਮੀਨੈਂਸ ਵਿਖੇ ਸ਼ਾਟਪੁੱਟ ਤੇ ਸ਼ਤਰੰਜ ਦੇ ਮੁਕਾਬਲੇ ਜਾਰੀ ਰਹੇ।

ਇਸ ਮੌਕੇ ਪ੍ਰਿੰਸੀਪਲ ਸ਼ਲਿੰਦਰ ਸਿੰਘ, ਪ੍ਰਿਤਪਾਲ ਸਿੰਘ ਤੀੜਾ, ਮਨਜੀਤ ਸਿੰਘ (ਐਮ.ਡੀ. ਬਿਲਡਿੰਗ ਮੈਟੀਰੀਅਲ), ਸੰਦੀਪ ਸਿੰਘ ਬੇਦੀ ਪਰਿਵਾਰ ਵੱਲੋਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਮੌਕੇ ਬੀ.ਪੀ.ਈ.ਓ ਕਮਲਜੀਤ ਸਿੰਘ, ਗੁਰਮੀਤ ਕੌਰ, ਜਤਿਨ ਮਿਗਲਾਨੀ, ਜਸਵੀਰ ਕੌਰ, ਸਹਾਇਕ ਖੇਡ ਕਨਵੀਨਰ ਜਗਦੀਪ ਸਿੰਘ, ਅੱਠ ਬਲਾਕਾਂ ਦੇ ਬਲਾਕ ਖੇਡ ਅਫ਼ਸਰਾਂ ਤੋਂ ਇਲਾਵਾ ਖੇਡ ਕਮੇਟੀ ਦੇ ਅਰਵਿੰਦਰ ਸਿੰਘ ਪਿੰਕੀ, ਜਸਵਿੰਦਰ ਸਿੰਘ ਬੈਨੀਪਾਲ, ਸੰਦੀਪ ਸਿੰਘ, ਜਗਦੇਵ ਸਿੰਘ, ਬਲਬੀਰ ਸਿੰਘ, ਲਖਵੀਰ ਸਿੰਘ, ਗੁਲਜੀਤ ਸਿੰਘ, ਲਖਵਿੰਦਰ ਸਿੰਘ, ਦੇਵ ਕਰਨ ਸਿੰਘ, ਰਵਿੰਦਰ ਪੱਪੀ ਸਿੱਧੂ, ਤਜਿੰਦਰ ਸਿੰਘ (ਸਟੇਟ ਐਵਾਰਡੀ), ਹਰਪ੍ਰੀਤ ਕੌਰ, ਆਸ਼ਿਮਾ, ਰੇਖਾ ਖੰਨਾ (ਸਟੇਟ ਐਵਾਰਡੀ), ਪ੍ਰੀਤੀ, ਕੋਮਲ ਨੰਦਾ ਅਤੇ ਡਿਊਟੀ ਸਟਾਫ਼ ਸਮੇਤ ਖਿਡਾਰੀ ਬੱਚੇ, ਮਾਪੇ ਅਤੇ ਅਧਿਆਪਕ ਹਾਜ਼ਰ ਸਨ।

 

Have something to say? Post your comment