Saturday, October 04, 2025

Sports

ਮਾਲੇਰਕੋਟਲਾ ਦੇ ਰਿਹਾਨ ਟਾਇਗਰ ਬਣੇ ਮਿਸਟਰ ਵਰਲਡ ਚੈਂਪੀਅਨ 2025

October 03, 2025 06:38 PM
SehajTimes
ਮਾਲੇਰਕੋਟਲਾ : ਸਿੰਗਾਪੁਰ ਵਿਖੇ ਫਿਟਨੈਸ ਇੰਟਰਨੈਸ਼ਨਲ ਫੈਡਰੇਸ਼ਨ ਵੱਲੋਂ ਕਰਵਾਈ ਗਈ ਫਿਫ ਇੰਟਰਨੈਸ਼ਨਲ ਵਰਲਡ ਚੈਂਪੀਅਨਸ਼ਿੱਪ 2025 ‘ਚ ਹਿੱਸਾ ਲੈਣ ਵਾਲੇ ਮਾਲੇਰਕੋਟਲਾ ਦੇ ਜੰਮਪਲ ਬਾਡੀ ਫਿਲਡਰ ਰਿਹਾਨ ਟਾਇਗਰ ਗੋਲਡ ਮੈਡਲ ਜਿੱਤ ਕੇ ਮਿਸਟਰ ਵਰਲਡ ਚੈਂਪੀਅਨ 2025 ਚੁਣੇ ਗਏ ਹਨ।ਇਸ ਚੈਂਪੀਅਨਸ਼ਿੱਪ ਦੌਰਾਨ 45 ਸਾਲਾ ਉਮਰ ਵਰਗ ਦੇ ਅੰਡਰ 65 ਕਿਲੋ ‘ਚ ਹਿੱਸਾ ਲੈ ਕੇ ਰਿਹਾਨ ਟਾਇਗਰ ਨੇ ਇੱਕ ਗੋਲਡ ਮੈਡਲ, 2 ਸਿਲਵਰ ਮੈਡਲ ਅਤੇ ਇੱਕ ਬਰਾਂਊਜ ਮੈਡਲ ਜਿੱਤ ਕੇ ਆਪਣਾ ਅਤੇ ਆਪਣੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਇਲਾਕੇ ਦਾ ਨਾਂ ਦੇਸ਼ ਭਰ ਅੰਦਰ ਰੌਸ਼ਨ ਕਰ ਦਿੱਤਾ ਹੈ। 
ਅੱਜ ਮਾਲੇਰਕੋਟਲਾ 7 ਡੇਜ਼ ਫਿਟਨੈਸ ਵਰਲਡ ਜਿੰਮ ਵਿਖੇ ਪਹੁੰਚਣ ਤੇ ਰਿਹਾਨ ਟਾਇਗਰ ਦਾ ਜਿਮ ਦੇ ਮਾਲਕ ਰਣਜੀਤ ਸ਼ਰਮਾਂ ਅਤੇ ਸਟਾਫ ਵੱਲੋ ਭਰਵਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ। ਰਣਜੀਤ ਸ਼ਰਮਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇੰਟਰਨੈਸ਼ਨਲ ਕੋਚ ਅੰਕੂਸ਼ ਕੁਮਾਰ ਗੋਲਡ ਮੈਡਲਿਸਟ, ਮਿਸਟਰ ਹਰਮਿੰਦਰ ਦੁੱਲੋਵਾਲ ਡਾਇਰੈਕਟਰ ਤੇ ਇੰਟਰਨੈਸ਼ਨਲ ਐਥਲੀਟ ਅਤੇ ਮਨਵੀਰ ਮੰਡੇਰ ਇੰਟਰਨੈਸ਼ਨਲ ਕੋਚ ਤੇ ਨੈਸ਼ਨਲ ਬਾਡੀ ਫਿਲਡਰ ਆਦਿ ਕੋਚਿਜ਼ ਦੀ ਅਗਵਾਈ ਹੇਠ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਚੁਣੇ ਗਏ ਬੈਸਟ ਖਿਡਾਰੀਆਂ ਦੀ ਟੀਮ ਦੇ ਨਾਲ ਸਿੰਗਾਪੁਰ ਚੈਂਪੀਅਨਸ਼ਿੱਪ ‘ਚ ਹਿੱਸਾ ਲੈ ਕੇ ਗੋਲਡ ਮੈਡਲ ਸਮੇਤ ਚਾਰ ਮੈਡਲ ਜਿੱਤਣ ਵਾਲੇ ਰਿਹਾਨ ਟਾਇਗਰ ਇਲਾਕੇ ਦੇ ਨਾਮਵਰ ਸਫਲ ਬਿਜ਼ਨੈਸਮੈਨ ਵੀ ਹਨ।ਜਿੰਨ੍ਹਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਆਪਣੇ ਕਾਰੋਬਾਰ ਦੇ ਸਮੇਂ ‘ਚੋਂ ਸਮਾਂ ਕੱਢ ਕੇ ਰੋਜ਼ਾਨਾਂ 8 ਘੰਟੇ ਜਿੰਮ ਲਗਾਉਂਦਿਆਂ ਸਖਤ ਮਿਹਨਤ ਕੀਤੀ ਸੀ।
ਰਿਹਾਨ ਟਾਇਗਰ ਆਪਣੀ ਇਸ ਸ਼ਾਨਾਮਤੀ ਜਿੱਤ ਦਾ ਸਿਹਰਾ ਆਪਣੇ ਜੂਨੀਅਰ ਕੋਚ ਤੇਜਿੰਦਰ ਸਿੰਘ ਤੇਜੀ 7 ਡੇਜ਼ ਫਿਟਨੈਸ ਵਰਲਡ ਜਿੰਮ ਅਤੇ ਇੰਟਰਨੈਸ਼ਨਲ ਕੋਚ ਡਾਕਟਰ ਅੰਕੂਸ਼ ਕੁਮਾਰ ਏ.ਕੇ. ਫਿਟਨੈਸ ਵਰਲਡ ਲੁਧਿਆਣਾ ਨੂੰ ਦਿੰਦਿਆਂ ਕਿਹਾ ਕਿ ਇਨ੍ਹਾਂ ਦੋਵੇਂ ਕੋਚਾਂ ਦੀ ਕੋਚਿੰਗ ਸਦਕਾ ਹੀ ਅੱਜ ਮੈਂ ਇਹ ਵੱਡਾ ਮੁਕਾਮ ਹਾਸਲ ਕਰ ਸਕਿਆ ਹਾਂ।
 
  ਕੋਚ ਅੰਕੂਸ਼ ਕੁਮਾਰ ਨੇ  ਗੱਲਬਾਤ ਦੌਰਾਨ ਰਿਹਾਨ ਟਾਇਗਰ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਆਮ ਤੌਰ ‘ਤੇ 45 ਸਾਲ ਦੀ ਉਮਰ ‘ਚ ਪਹੁੰਚ ਕੇ ਖਿਡਾਰੀ ਗੇਮ ਛੱਡ ਜਾਂਦੇ ਹਨ ਪਰੰਤੂ ਰਿਹਾਨ ਟਾਇਗਰ ਨੇ ਇਸ ਉਮਰ ‘ਚ ਆਪਣੀ ਗੇਮ ਸ਼ੁਰੂ ਕਰਦੇ ਹੋਏ ਗੇਮ ਨੂੰ ਬੁਲੰਦੀਆਂ ‘ਤੇ ਪਹੁੰਚਾਕੇ ਸਾਡੀ ਨੌਜਵਾਨੀ ਨੂੰ ਪ੍ਰਭਾਵਿਤ ਕੀਤਾ ਹੈ। ਫਿਫ ਇੰਟਰਨੈਸ਼ਨਲ ਵਰਲਡ ਚੈਂਪੀਅਨਸ਼ਿੱਪ 2025 ਸਿੰਘਾਪੁਰ ਦੌਰਾਨ ਗੋਲਡ ਮੈਡਲ ਜਿੱਤ ਕੇ ਮਿਸਟਰ ਵਰਲਡ ਚੈਂਪੀਅਨ ਚੁਣੇ ਗਏ ਰਿਹਾਨ ਟਾਇਗਰ ਨੂੰ ਚੈਂਪੀਅਨਸ਼ਿੱਪ ਦੇ ਸਮਾਪਤੀ ਸਮਾਰੋਹ ਮੌਕੇ ਫਿਫ ਵਰਲਡ ਫੈਡਰੇਸ਼ਨ ਦੇ ਪ੍ਰਧਾਨ ਦੈਨਿਸ਼ ਤਿਊ ਅਤੇ ਜਨਰਲ ਸੈਕਟਰੀ ਲਿਵੀਆ ਜਾਨ ਵੱਲੋਂ ਸਰਟੀਫਿਕੇਟਾਂ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

Have something to say? Post your comment