ਰਾਜਗੀਰ : ਭਾਰਤ ਦੀ ਹਾਕੀ ਟੀਮ ਨੇ ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ਵਿੱਚ ਖੇਡਿਆ ਜਾ ਰਿਹਾ ਪੁਰਸ਼ ਹਾਕੀ ਏਸ਼ੀਆ ਕੱਪ 2025 ਦਾ ਖ਼ਿਤਾਬ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਜਿੱਤ ਲਿਆ ਹੈ। ਪੁਰਸ਼ ਹਾਕੀ ਏਸ਼ੀਆ ਕੱਪ ਵਿੱਚ ਇਹ ਭਾਰਤੀ ਟੀਮ ਦੀ ਚੌਥੀ ਜਿੱਤ ਹੈ। ਇਹ ਖ਼ਿਤਾਬ ਜਿੱਤਣ ਨਾਲ ਭਾਰਤੀ ਟੀਮ ਦੀ ਵਿਸ਼ਵ ਕੱਪ 2026 ਵਿੱਚ ਥਾਂ ਬਣ ਗਈ ਹੈ। ਫ਼ਾਈਨਲ ਮੈਚ ਦੇ ਪਹਿਲੇ ਮਿੰਟ ਵਿੱਚ ਸੁਖਜੀਤ ਸਿੰਘ ਨੇ ਗੋਲ ਕੀਤਾ। ਦਿਲਪ੍ਰੀਤ ਸਿੰਘ ਨੇ ਦੂਜੇ ਕੁਆਰਟਰ ਵਿੱਚ ਗੋਲ ਦਾਗ਼ਿਆ ਅਤੇ ਭਾਰਤ ਨੂੰ 2-0 ਨਾਲ ਅੱਗੇ ਕੀਤਾ। ਦਿਲਪ੍ਰੀਤ ਨੇ ਤੀਜੇ ਕੁਆਰਟਰ ਵਿੱਚ ਇਕ ਹੋਰ ਗੋਲ ਭਾਰਤ ਦੀ ਝੋਲੀ ਵਿੱਚ ਪਾਇਆ। ਚੌਥੇ ਕੁਆਰਟਰ ਵਿੱਚ ਅਮਿਤ ਰੋਹਿਦਾਸ ਨੇ ਪੈਨਲਟੀ ਕਾਰਨਰ ਨਾਲ ਗੋਲ ਦਾਗ਼ ਕੇ ਭਾਰਤ ਨੂੰ 4-0 ਨਾਲ ਅੱਗੇ ਕਰ ਦਿੱਤਾ। ਦੂਜੇ ਪਾਸੇ ਦੱਖਣੀ ਕੋਰੀਆ ਲਈ ਸੋਨ ਡਿਊਨ ਨੇ ਇਕੋ ਇਕ ਗੋਲ ਕੀਤਾ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਪੁਰਸ਼ ਹਾਕੀ ਏਸ਼ੀਆ ਕੱਪ ਦੀ ਪੰਜ ਵਾਰ ਦੀ ਜੇਤੂ ਟੀਮ ਨੂੰ ਹਰਾ ਕੇ ਇਹ ਕੱਪ ਆਪਣੇ ਨਾਮ ਕਰ ਲਿਆ ਹੈ। ਭਾਰਤ ਨੇ ਇਸ ਤੋਂ ਪਹਿਲਾਂ 2017 ਵਿੱਚ ਮਲੇਸ਼ੀਆ ਦੀ ਟੀਮ ਨੂੰ ਇਹ ਖ਼ਿਤਾਬ ਜਿੱਤਿਆ ਸੀ।