ਸੁਨਾਮ : ਪੰਜਾਬ ਦੀ ਹਰਜਿੰਦਰ ਕੌਰ ਨੇ ਅਹਿਮਦਾਬਾਦ ਵਿਖੇ ਚੱਲ ਰਹੀ ਕਾਮਨਵੈਲਥ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਝੋਲੀ ਤਾਂਬੇ ਦਾ ਤਗਮਾ ਪਾਇਆ। ਸੁਨਾਮ ਦੇ ਵੇਟ ਲਿਫਟਿੰਗ ਕੋਚ ਜਸਪਾਲ ਸਿੰਘ ਕੋਲ ਟ੍ਰੇਨਿੰਗ ਕਰਦੀ ਹਰਜਿੰਦਰ ਨੇ 99 ਕਿਲੋ ਸਨੈਚ ਅਤੇ 123 ਕਿਲੋ ਕਲੀਨ ਐਂਡ ਜਰਕ ਨਾਲ ਕੁੱਲ 222 ਕਿਲੋ ਭਾਰ ਚੁੱਕਣ ਦੇ ਨਾਲ ਹੀ ਭਾਰਤ ਲਈ ਤਾਂਬੇ ਦਾ ਤਗਮਾ ਜਿੱਤਿਆ। ਇਸ ਸਬੰਧੀ ਖੇਡ ਲੇਖਕ ਅਤੇ ਡੀ ਪੀ ਈ ਮਨਦੀਪ ਸਿੰਘ ਸੁਨਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਜਿੰਦਰ ਨੇ ਪਹਿਲਾਂ 2022 ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਭਾਰਤ ਦੀ ਤਗਮਾ ਸੂਚੀ ਵਿੱਚ ਤਾਂਬਾ ਜੋੜਿਆ ਸੀ। ਅਹਿਮਦਾਬਾਦ ਵਿਖੇ ਚੱਲ ਰਹੀ ਕਾਮਨਵੈਲਥ ਵੇਟ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਹਰਜਿੰਦਰ ਦੇ ਭਾਰ ਵਰਗ ਅੰਦਰ ਨਾਈਜ਼ੀਰੀਆ ਦੀ ਯੂਸਫ਼ ਇਸਲਾਮੀਆ ਨੇ ਸੋਨ ਤਗਮਾ ਅਤੇ ਨਿਊਜ਼ੀਲੈਂਡ ਦੀ ਉਲੀਵੀਆ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਹਰਜਿੰਦਰ ਕੌਰ ਦੀ ਇਸ ਪ੍ਰਾਪਤੀ ਉੱਤੇ ਸਮੁੱਚੇ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਤਗਮਾ ਜੇਤੂ ਹਰਜਿੰਦਰ ਕੌਰ ਦੇ ਕੋਚ ਜਸਪਾਲ ਸਿੰਘ ਨੇ ਦੱਸਿਆ ਕਿ ਹਰਜਿੰਦਰ ਨੇ ਭਾਰ ਚੁੱਕਣ ਮੁਕਾਬਲੇ ਵਿੱਚ ਤਾਂਬੇ ਦਾ ਮੈਡਲ ਜਿੱਤਕੇ ਭਵਿੱਖ ਵਿੱਚ ਵੱਡੀ ਮੱਲ ਮਾਰਨ ਵੱਲ ਕਦਮ ਵਧਾਇਆ ਹੈ। ਉਨ੍ਹਾਂ ਆਖਿਆ ਕਿ ਖਿਡਾਰੀਆਂ ਨੂੰ ਸਖ਼ਤ ਮਿਹਨਤ ਨਾਲ ਹੀ ਤਗ਼ਮੇ ਨਸ਼ੀਬ ਹੁੰਦੇ ਹਨ।