ਲੋਕ ਭਾਜਪਾ ਨੂੰ ਵੋਟ ਨਹੀਂ ਪਾਉਣਗੇ, ਜੋ ਪੰਜਾਬ ਦਾ ਪਾਣੀ, ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਾਰਤੀ ਹਾਕੀ ਟੀਮ ਦੇ 11 ਵਿੱਚੋਂ 9 ਖਿਡਾਰੀ ਪੰਜਾਬ ਦੇ ਹਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਾਂਗਰਸ ਅਤੇ ਭਾਜਪਾ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਆਪਣੇ ਲੋਕ-ਪੱਖੀ ਸ਼ਾਸਨ, ਜਿਸ ਵਿੱਚ ਵਧੀਆ ਸਕੂਲ ਅਤੇ ਹਸਪਤਾਲ, ਮੁਫ਼ਤ ਬਿਜਲੀ, ਸਿਹਤ ਬੀਮਾ ਅਤੇ ਔਰਤਾਂ ਲਈ ਵਿੱਤੀ ਸਹਾਇਤਾ ਸ਼ਾਮਲ ਹੈ, ਦੇ ਨਾਮ 'ਤੇ ਨਵਾਂ ਫਤਵਾ ਮੰਗੇਗੀ। ਕਾਂਗਰਸ ਵੱਲੋਂ ਮੁਫ਼ਤ ਸਕੀਮਾਂ ਬੰਦ ਕਰਨ ਦੇ ਐਲਾਨ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਦਾ ਇਹ ਸਟੈਂਡ ਲੋਕਾਂ ਨੂੰ ਉਸ ਤੋਂ ਹੋਰ ਦੂਰ ਕਰੇਗਾ, ਜਦੋਂ ਕਿ ਉਨ੍ਹਾਂ ਭਾਜਪਾ 'ਤੇ ਪੰਜਾਬ ਦਾ ਪਾਣੀ, ਪੰਜਾਬ ਯੂਨੀਵਰਸਿਟੀ ਅਤੇ ਚੰਡੀਗੜ੍ਹ ਖੋਹਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਭਾਰਤੀ ਹਾਕੀ ਵਿੱਚ ਪੰਜਾਬ ਦੇ ਯੋਗਦਾਨ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਦੇ 11 ਵਿੱਚੋਂ ਨੌਂ ਖਿਡਾਰੀ ਪੰਜਾਬ ਤੋਂ ਹਨ, ਜੋ ਖੇਡਾਂ ਵਿੱਚ ਦੇਸ਼ ਲਈ ਪੰਜਾਬ ਦੇ ਨਿਰੰਤਰ ਯੋਗਦਾਨ ਨੂੰ ਦਰਸਾਉਂਦਾ ਹੈ। 'ਮਾਵਾਂ-ਧੀਆਂ ਸਤਿਕਾਰ ਯੋਜਨਾ' ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪਹਿਲਕਦਮੀ ਔਰਤਾਂ ਲਈ ਸਨਮਾਨ ਅਤੇ ਵਿੱਤੀ ਸਹਾਇਤਾ ਯਕੀਨੀ ਬਣਾਉਣ ਦੇ ਸਿਧਾਂਤ 'ਤੇ ਆਧਾਰਿਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਹਾਕੀ ਖਿਡਾਰੀਆਂ ਨੂੰ ਕਾਫ਼ੀ ਸਮੇਂ ਬਾਅਦ ਆਪਣੇ ਘਰੇਲੂ ਦਰਸ਼ਕਾਂ ਸਾਹਮਣੇ ਖੇਡਣ ਦਾ ਮੌਕਾ ਮਿਲ ਰਿਹਾ ਹੈ, ਜਿਸ ਨਾਲ ਇਹ ਟੂਰਨਾਮੈਂਟ ਸੂਬੇ ਦੇ ਖੇਡ ਪ੍ਰੇਮੀਆਂ ਲਈ ਬਹੁਤ ਖ਼ਾਸ ਬਣ ਗਿਆ ਹੈ। ਉਨ੍ਹਾਂ ਅੱਗੇ ਕਿਹਾ, "ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸਫ਼ਲ ਮੇਜ਼ਬਾਨੀ ਤੋਂ ਬਾਅਦ ਪੰਜਾਬ 2030 ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦੇ ਯੋਗ ਹੋ ਜਾਵੇਗਾ। ਸਾਡੀ ਸਰਕਾਰ ਖਿਡਾਰੀਆਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਮੱਲਾਂ ਮਾਰਨ ਲਈ ਬਿਹਤਰ ਮੌਕੇ ਅਤੇ ਸਹੂਲਤਾਂ ਮੁਹੱਈਆ ਕਰ ਕੇ ਪੰਜਾਬ ਦੀਆਂ ਖੇਡਾਂ ਦੀ ਸ਼ਾਨ ਬਹਾਲ ਕਰਨ ਲਈ ਵਚਨਬੱਧ ਹੈ।" ਕਾਂਗਰਸ 'ਤੇ ਤਨਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਪਾਰਟੀ ਦੇ ਰਵੱਈਏ ਨੇ ਉਸ ਦੇ ਜਨਤਕ ਬਿਆਨਾਂ ਅਤੇ ਕਾਰਵਾਈਆਂ ਵਿਚਕਾਰ ਵਿਰੋਧਾਭਾਸ ਨੂੰ ਸਾਹਮਣੇ ਲਿਆਂਦਾ ਹੈ। ਉਨ੍ਹਾਂ ਕਿਹਾ, "ਕਾਂਗਰਸ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.) ਦਾ ਵਿਰੋਧ ਕਰਨ ਦਾ ਦਾਅਵਾ ਕਰਦੀ ਹੈ, ਪਰ ਜਦੋਂ ਵਿਧਾਨ ਸਭਾ ਵਿੱਚ ਇਸ ਮੁੱਦੇ 'ਤੇ ਸਾਰਥਕ ਚਰਚਾ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਤਾਂ ਉਸ ਦੇ ਮੈਂਬਰ ਬਾਹਰ ਚਲੇ ਗਏ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, "ਸਾਡੀ ਸਰਕਾਰ ਨੇ ਸਿੰਜਾਈ, ਖੇਤੀਬਾੜੀ, ਖੇਡਾਂ ਅਤੇ ਸਮਾਜਿਕ ਭਲਾਈ ਦੇ ਖੇਤਰ ਵਿੱਚ ਠੋਸ ਤਰੱਕੀ ਕੀਤੀ ਹੈ। ਅਸੀਂ ਇੱਕ ਮਜ਼ਬੂਤ ਅਤੇ ਖ਼ੁਸ਼ਹਾਲ ਪੰਜਾਬ ਦੇ ਨਿਰਮਾਣ ਲਈ ਲਗਨ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਜਾਰੀ ਰੱਖਾਂਗੇ। ਹਰ ਪੰਜਾਬੀ ਦੇ ਅਧਿਕਾਰਾਂ ਅਤੇ ਆਸਾਂ ਪ੍ਰਤੀ ਸਾਡੀ ਵਚਨਬੱਧਤਾ ਸਪੱਸ਼ਟ ਹੈ।"