ਹੈਦਰਾਬਾਦ : ਤੇਲੰਗਾਨਾ ਦੇ ਏਲੀਟ ਐਕਸ਼ਨ ਗਰੁੱਪ ਫ਼ਾਰ ਡਰੱਗ ਲਾਅ ਇਨਫ਼ੋਰਸਮੈਂਟ (ਈਗਲ) ਫ਼ੋਰਸ ਨੇ ਸਾਈਬਰਾਬਾਦ ਕਮਿਸ਼ਨਰੇਟ ਦੇ ਅਧੀਨ ਬਾਚੁਪੱਲੀ ਵਿੱਚ ਕਥਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਇਕ ਮੁਹਿੰਮ ਦੌਰਾਨ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਐਮ.ਡੀ.ਐਮ.ਏ. ਗਾਂਜਾ ਅਤੇ ਦੋ ਮੋਬਾਈਲ ਫ਼ੋਨ ਜ਼ਬਤ ਕੀਤੇ ਹਨ। ਭਰੋਸੇਯੋਗ ਜਾਣਕਾਰੀ ’ਤੇ ਕਾਰਵਾਈ ਕਰਦੇ ਹੋਏ, ਟੀਮ ਨੇ ਬਾਚੁਪੱਲੀ ਦੇ ਮਮਤਾ ਹਸਪਤਾਲ ਦੇ ਸਾਹਮਣੇ ਇਕ ਖੁੱਲ੍ਹੀ ਜਗ੍ਹਾ ਤੋਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਨ੍ਹਾਂ ਕੋਲੋਂ 6.2 ਗ੍ਰਾਮ ਐਮ.ਡੀ.ਐਮ.ਏ. 5.83 ਗ੍ਰਾਮ ਸੁੱਕਾ ਗਾਂਜਾ ਅਤੇ ਇਕ ਜੇਬ ਆਕਾਰ ਦੀ ਤੋਲਣ ਵਾਲੀ ਮਸ਼ੀਨ ਅਤੇ ਦੋ ਆਈਫ਼ੋਨ ਜ਼ਬਰਤ ਕੀਤੇ। ਮੁਲਜ਼ਮਾਂ ਦੀ ਪਛਾਣ ਮਾਧਾਪੁਰ ਦੇ ਰਹਿਣ ਵਾਲੇ 27 ਸਾਲਾ ਇਵੈਂਟ ਮੈਨੇਜਰ ਅਤੇ ਉਤਰ ਪ੍ਰਦੇਸ਼ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਵਜੋਂ ਹੋਈ ਹੈ।
ਈਗਲ ਫ਼ੋਰਸ ਦੇ ਅਨੁਸਾਰ ਦਿਨੇਸ਼ ਕੁਮਾਰ ਨੇ ਕਥਿਤ ਤੌਰ ’ਤੇ 2024 ਵਿੱਚ ਆਪਣੇ ਨਿੱਜੀ ਖ਼ਰਚਿਆਂ ਨੂੰ ਪੂਰਾ ਕਰਨ ਲਈ ਗਾਂਜੇ ਦੇ ਵਪਾਰ ਵਿਚ ਪ੍ਰਵੇਸ਼ ਕੀਤਾ। ਉਸਨੇ ਕਥਿਤ ਤੌਰ ’ਤੇ ਘੱਟ ਕੀਮਤਾਂ ’ਤੇ ਪਦਾਰਥ ਖ਼ਰੀਦਿਆ ਅਤੇ ਗਾਹਕਾਂ ਨੂੰ ਉੱਚੀਆਂ ਦਰਾਂ ’ਤੇ ਵੇਚਿਆ। ਮੁੱਢਲੀ ਜਾਂਚ ਦੇ ਅਨੁਸਾਰ ਸ਼ਰਮਾ ਨੇ ਕਥਿਤ ਤੌਰ ’ਤੇ ਆਪਣੀ ਗ੍ਰੇਜੂਏਸ਼ਨ ਦੌਰਾਨ ਗਾਂਜਾ ਖਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਵਿੱਤੀ ਮੁਸ਼ਕਲਾਂ ਕਾਰਨ ਦਿਨੇਸ਼ ਕੁਮਾਰ ਅਤੇ ਇਕ ਹੋਰ ਸਾਥੀ, ਜੈ.ਐਨ. ਸੁਹਾਸ ਨਾਲ ਕਥਿਤ ਤੌਰ ’ਤੇ ਨਸ਼ੀਲੇ ਪਦਾਰਥਾਂ ਦੇ ਵਪਾਰ ਵਿੱਚ ਸ਼ਾਮਲ ਹੋ ਗਿਆ।
ਦੋਵੇਂ ਮੁਲਜ਼ਮਾਂ ਦੀ ਜਾਣ-ਪਛਾਣ ਬਾਚੁਪੱਲੀ ਦੇ ਐਲਿਸੀਅਨ ਸਨੂਕਰ ਕਲੱਬ ਵਿੱਚ ਇਕ ਸਾਂਝੇ ਦੋਸਤ ਰਾਹੀਂ ਹੋਈ ਸੀ। ਮੁੱਢਲੀ ਪੁੱਛਗਿੱਛ ਦੌਰਾਨ, ਉਨ੍ਹਾਂ ਨੇ ਕਥਿਤ ਤੌਰ ’ਤੇ ਬਾਚੁਪੱਲੀ ਦੇ ਰਹਿਣ ਵਾਲੇ ਮਣੀਕਾਂਤ ਨੂੰ ਐਮ.ਡੀ.ਐਮ.ਏ. ਅਤੇ ਗਾਂਜੇ ਦੇ ਸਪਲਾਇਰ ਵਜੋਂ ਪਛਾਣਿਆ। ਉਨ੍ਹਾਂ ਦੇ ਖੁਲਾਸਿਆਂ ਅਨੁਸਾਰ ਉਨ੍ਹਾਂ ਨੇ ਐਮ.ਡੀ.ਐਮ.ਏ. ਲਗਪਗ 5000 ਰੁਪਏ ਪ੍ਰਤੀ ਗ੍ਰਾਮ ਅਤੇ ਗਾਂਜੇ ਦੇ ਪੈਕੇਟ 600 ਰੁਪਏ ਪ੍ਰਤੀ ਗ੍ਰਾਮ ਦੇ ਹਿਸਾਬ ਨਾਲ ਖ਼ਰੀਦੇ ਜੋ ਉਨ੍ਹਾਂ ਨੇ ਕਥਿਤ ਤੌਰ ’ਤੇ ਗਾਹਕਾਂ ਨੂੰ ਮੁਨਾਫ਼ੇ ਲਈ ਵੱਧ ਕੀਮਤਾਂ ’ਤੇ ਵੇਚੇ। ਉਨ੍ਹਾਂ ਨੇ ਕਥਿਤ ਤੌਰ ’ਤੇ ਸੱਤ ਵਿਅਕਤੀਆਂ ਦੇ ਨਾਵਾਂ ਦਾ ਵੀ ਖ਼ੁਲਾਸਾ ਕੀਤਾ ਜਿਨ੍ਹਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਤੋਂ ਨਸ਼ੀਲੇ ਪਦਾਰਥ ਖ਼ਰੀਦੇ ਸਨ। ਮੁਲਜ਼ਮਾਂ ਨੂੰ ਜ਼ਬਤ ਕੀਤੇ ਗਏ ਪਦਾਰਥਾਂ ਅਤੇ ਵਸਤੂਆਂ ਸਮੇਤ ਅਗਲੀ ਕਾਨੂੰਨੀ ਕਾਰਵਾਈ ਲਈ ਬਾਚੁਪੱਲੀ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ। ਬਾਚੁਪੱਲੀ ਪੁਲਿਸ ਨੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨ.ਡੀ.ਪੀ.ਐਸ.) ਐਕਟ ਦੀ ਧਾਰਾ 8(ਸੀ) ਦੇ ਨਾਲ 22(ਬੀ) ਅਤੇ 20(ਬੀ)ਆਈ.ਆਈ.(ਏ) ਦੇ ਤਹਿਤ ਮਾਮਲਾ (ਸੀ.ਆਰ. ਨੰ: 975/2026) ਦਰਜ ਕੀਤਾ ਹੈ ਅਤੇ ਜਾਂਚ ਜਾਰੀ ਹੈ।