ਕੂੜੇ ਦੇ ਵੱਡੇ ਢੇਰਾਂ ਤੋਂ ਨਿਜਾਤ ਪਾਉਣ ਲਈ ਸਾਰੇ ਸ਼ਹਿਰਾਂ ਵਿੱਚ ਘਰੋ-ਘਰੀ ਜਾ ਕੇ ਕੂੜਾ ਇਕੱਠਾ ਕਰਨਾ ਸ਼ੁਰੂ : ਬੈਂਸ
ਸਥਾਨਕ ਸਰਕਾਰਾਂ ਮੰਤਰੀ ਬੈਂਸ ਨੇ ਲੋਕਾਂ ਨੂੰ ਕੁਲੈਕਸ਼ਨ ਵੈਨ ਆਉਣ ਤੱਕ ਕੂੜਾ ਸੰਭਾਲਣ ਦੀ ਕੀਤੀ ਅਪੀਲ
ਚੰਡੀਗੜ੍ਹ : ਲੋਕਾਂ ਦੇ ਭਰਵੇਂ ਹੁੰਗਾਰੇ ਅਤੇ 83 ਫੀਸਦੀ ਤੋਂ ਵੱਧ ਨਾਗਰਿਕ ਸ਼ਿਕਾਇਤਾਂ ਦੇ ਨਿਪਟਾਰੇ ਦਾ ਹਵਾਲਾ ਦਿੰਦਿਆਂ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ ਸੂਬਾ ਪੱਧਰੀ ‘ਸਫ਼ਾਈ ਮੁਹਿੰਮ 2.0’ ਨੂੰ 12 ਸਤੰਬਰ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਵਿੱਚ ਨਾਗਰਿਕ ਭਾਗੀਦਾਰੀ ਨੂੰ ਸੰਸਥਾਗਤ ਬਣਾਉਣ ਲਈ ਚਾਰ ‘ਮੈਗਾ ਸ਼ਨੀਵਾਰ ਸਫਾਈ ਮੁਹਿੰਮਾਂ’ ਦਾ ਵੀ ਐਲਾਨ ਕੀਤਾ। ਇਹ ਵਿਸ਼ੇਸ਼ ਮੁਹਿੰਮ 29 ਅਗਸਤ ਨੂੰ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੌਰਾਨ 14 ਨਗਰ ਨਿਗਮਾਂ ਅਤੇ 152 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਸਮੇਤ ਸਾਰੀਆਂ 166 ਸ਼ਹਿਰੀ ਸਥਾਨਕ ਇਕਾਈਆਂ ਨੂੰ ਕਵਰ ਕੀਤਾ ਗਿਆ। ਅੱਜ ਇੱਥੇ ਐਮ.ਸੀ. ਭਵਨ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਮੁਹਿੰਮ ਤਹਿਤ ‘ਐਮ-ਸੇਵਾ’ ਐਪ ਰਾਹੀਂ ਹੁਣ ਤੱਕ 6459 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 5407 (83% ਤੋਂ ਵੱਧ) ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ,‘‘ ਆਖਰੀ ਦਿਨ ਤੱਕ ਨਾਗਰਿਕਾਂ ਦੀ ਭਰਵੀਂ ਭਾਗੀਦਾਰੀ ਅਤੇ ਐਮ-ਸੇਵਾ ਐਪ ਰਾਹੀਂ ਪ੍ਰਾਪਤ ਹੋਈਆਂ ਸ਼ਿਕਾਇਤਾਂ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਇਸ ਮੁਹਿੰਮ ਨੂੰ 12 ਸਤੰਬਰ ਤੱਕ ਵਧਾਉਣ ਦਾ ਫੈਸਲਾ ਕੀਤਾ।’’ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ, ‘‘ਪੰਜਾਬ ਗੁਰੂਆਂ, ਸੰਤਾਂ ਅਤੇ ਸ਼ਹੀਦਾਂ ਦੀ ਪਵਿੱਤਰ ਧਰਤੀ ਹੈ ਅਤੇ ਇਸਨੂੰ ਸਾਫ਼ ਰੱਖਣਾ ਸਾਡਾ ਸਾਰਿਆਂ ਦਾ ਸਮੂਹਿਕ ਫਰਜ਼ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੁਲੈਕਸ਼ਨ ਵੈਨ ਦੇ ਆਉਣ ਤੱਕ ਆਪਣਾ ਕੂੜਾ ਘਰ ਵਿੱਚ ਸੰਭਾਲ ਕੇ ਰੱਖਿਆ ਜਾਵੇ ਅਤੇ ਚੇਤਾਵਨੀ ਦਿੱਤੀ ਕਿ ਜਾਗਰੂਕਤਾ ਪੜਾਅ ਤੋਂ ਬਾਅਦ ਜਨਤਕ ਥਾਵਾਂ ’ਤੇ ਕੂੜਾ ਸੁੱਟਣ ’ਤੇ ਸਖ਼ਤ ਜੁਰਮਾਨੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁਹਿੰਮ ਦੇ ਸਮਾਪਤ ਹੋਣ ਉਪਰੰਤ ਸਥਾਈ ਤੌਰ ’ਤੇ ਖ਼ਤਮ ਕੀਤੇ ਗਏ ਕੂੜੇ ਦੇ ਵੱਡੇ ਢੇਰਾਂ (ਜੀ.ਵੀ.ਪੀ.) ਦੀਆਂ ਤਸਵੀਰਾਂ ਸਬੂਤਾਂ ਵਜੋਂ ਇੱਕ ਵਿਸਤ੍ਰਿਤ ਡੇਟਾ ਵਿਸ਼ਲੇਸ਼ਣ ਦੇ ਨਾਲ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਅੱਗੇ ਕਿਹਾ,‘‘ਇਹ ਸਿਰਫ਼ ਸ਼ੁਰੂਆਤ ਹੈ। ਸਾਡੇ ਬਜ਼ੁਰਗਾਂ ਦੇ ਆਸ਼ੀਰਵਾਦ ਅਤੇ ਸਾਡੇ ਨੌਜਵਾਨਾਂ ਦੀ ਊਰਜਾ ਨਾਲ, ਪੰਜਾਬ ਸ਼ਹਿਰੀ ਸੈਨੀਟੇਸ਼ਨ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕਰੇਗਾ।’’