ਅੰਮ੍ਰਿਤਸਰ : ਪਾਲ ਸਿੰਘ ਸਮਾਓ ਵੱਲੋਂ ਦਿੱਤੇ ਗਏ ਇੱਕ ਵਿਵਾਦਤ ਬਿਆਨ ਕਾਰਨ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਆਪਣੇ ਬਿਆਨ ਵਿੱਚ ਪਾਲ ਸਿੰਘ ਸਮਾਓ ਨੇ ਮਾਤਾ ਚਰਨ ਕੌਰ ਦੀ ਕੁੱਖ ਦੀ ਤੁਲਨਾ ਧੰਨ-ਧੰਨ ਮਾਤਾ ਗੁਜਰ ਕੌਰ ਜੀ ਦੀ ਪਵਿੱਤਰ ਕੁੱਖ ਨਾਲ ਕੀਤੀ ਸੀ। ਇਸ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਜਥਾ ਸਿਰਲੱਥ ਖਾਲਸਾ ਦੇ ਆਗੂ ਬਾਬਾ ਦਿਲਬਾਗ ਸਿੰਘ ਨੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਤਾ ਗੁਜਰ ਕੌਰ ਜੀ ਨੇ ਆਪਣੀ ਕੁੱਖੋਂ ਸਰਬੰਸਦਾਨੀ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ ਦੀ ਕੁਰਬਾਨੀ ਦਾ ਸਿੱਖ ਇਤਿਹਾਸ ਵਿੱਚ ਅਨਮੋਲ ਸਥਾਨ ਹੈ। ਮਾਤਾ ਚਰਨ ਕੌਰ ਦਾ ਸਤਿਕਾਰ ਕਰਦਿਆਂ ਉਨ੍ਹਾਂ ਆਖਿਆ ਕਿ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਕੁੱਖ ਨਾਲ ਕਿਸੇ ਹੋਰ ਦੀ ਤੁਲਨਾ ਕਰਨਾ ਬਰਦਾਸ਼ਤਯੋਗ ਨਹੀਂ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਾਤਾ ਚਰਨ ਕੌਰ ਨਾਲ ਕੋਈ ਵਿਰੋਧ ਜਾਂ ਨਿੱਜੀ ਵੈਰ ਨਹੀਂ ਹੈ, ਪਰ ਪੰਥਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਇਸ ਬਿਆਨ 'ਤੇ ਪਾਲ ਸਿੰਘ ਸਮਾਓ ਨੂੰ ਤੁਰੰਤ ਆਪਣੇ ਸ਼ਬਦ ਵਾਪਸ ਲੈ ਕੇ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਵੱਖ-ਵੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਅਤੇ ਸਬੰਧਤ ਧਿਰਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਗੰਭੀਰ ਨੋਟਿਸ ਲੈਂਦਿਆਂ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਕੋਈ ਵੀ ਬਿਆਨਬਾਜ਼ੀ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾ ਸਕੇ।