ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ ਚਿਹਰਿਆਂ ‘ਤੇ ਛਾਈ ਖੁਸ਼ੀ
ਜਦੋਂ ਤੱਕ ਪੰਜਾਬ ਵਿੱਚ ਸਾਡੀ ਸਰਕਾਰ ਹੈ, ਔਰਤਾਂ ਦੇ ਮੋਬਾਈਲਾਂ ’ਤੇ ‘ਟੂੰ-ਟੁੰ’ ਹੁੰਦੀ ਰਹੇਗੀ: ਭਗਵੰਤ ਸਿੰਘ ਮਾਨ
ਜੇ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਸੱਤਾ ਵਿੱਚ ਆਏ ਤਾਂ ਔਰਤਾਂ ਦੀ ਮਹੀਨਾਵਾਰ ਸਨਮਾਨ ਰਾਸ਼ੀ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਸਫ਼ਰ ਸਹੂਲਤਾਂ ਬੰਦ ਕਰ ਦੇਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਖਡੂਰ ਸਾਹਿਬ : ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 3,000 ਤੋਂ 4,500 ਰੁਪਏ ਸਿੱਧੇ ਖਾਤਿਆਂ ਵਿੱਚ ਤਬਦੀਲ ਹੋਣ ਦੀ ਪੁਸ਼ਟੀ ਵਾਲੇ ‘ਟੂੰ-ਟੂੰ’ ਦੇ ਸੁਨੇਹੇ ਮਿਲਦਿਆਂ ਹੀ ਪੰਜਾਬ ਦੀਆਂ ਔਰਤਾਂ ਦੇ ਚਿਹਰਿਆਂ ’ਤੇ ਛਾਈ ਖ਼ੁਸ਼ੀ ਨੇ ਇਸ ਭਲਾਈ ਸਕੀਮ ਦੇ ਉਸਾਰੂ ਪ੍ਰਭਾਵ ‘ਤੇ ਮੋਹਰ ਲਾ ਦਿੱਤੀ ਹੈ, ਜਿਸ ਦੇ ਚਲਦਿਆਂ ਸੂਬੇ ਭਰ ਦੀਆਂ ਔਰਤਾਂ ਮੁੜ ਭਗਵੰਤ ਮਾਨ ਸਰਕਾਰ ਲਿਆਉਣ ਦੇ ਹੱਕ ਵਿੱਚ ਨਾਅਰਾ ਮਾਰ ਰਹੀਆਂ ਹਨ। ਸ੍ਰੀ ਗੋਇੰਦਵਾਲ ਸਾਹਿਬ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਸਿੱਧਾ ਉਨ੍ਹਾਂ ਦੀ ਭਲਾਈ ਵਾਲੀਆਂ ਸਕੀਮਾਂ ਵਿੱਚ ਲਾ ਰਹੀ ਹੈ ਅਤੇ ਦਾਅਵਾ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਰਹੇਗੀ, ਔਰਤਾਂ ਦੇ ਮੋਬਾਈਲ ਫ਼ੋਨਾਂ ’ਤੇ ‘ਟੁੰ-ਟੂੰ ਦੇ ਸੁਨੇਹੇ ਲਗਾਤਾਰ ਪਹੁੰਚਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਜੇ ਕਾਂਗਰਸ, ਭਾਜਪਾ ਜਾਂ ਅਕਾਲੀ ਦਲ ਸੱਤਾ ਵਿੱਚ ਆਉਂਦੇ ਹਨ ਤਾਂ ਔਰਤਾਂ ਦੀ ਮਹੀਨਾਵਾਰ ਸਨਮਾਨ ਰਾਸ਼ੀ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਸਫ਼ਰ ਵਰਗੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ। ਆਪਣੇ ‘ਐਕਸ’ ਹੈਂਡਲ ’ਤੇ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲਿਖਿਆ, “ਸ੍ਰੀ ਗੋਇੰਦਵਾਲ ਸਾਹਿਬ ਵਿਖੇ ਹੋਏ ਸਮਾਗਮ ਵਿੱਚ ਇੰਨੀ ਵੱਡੀ ਗਿਣਤੀ ’ਚ ਪਹੁੰਚਣ ਲਈ ਆਪ ਸਭ ਦਾ ਬਹੁਤ-ਬਹੁਤ ਧੰਨਵਾਦ।
ਅੱਜ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਮਾਵਾਂ-ਭੈਣਾਂ ਦੇ ਖਾਤਿਆਂ ਵਿੱਚ 3,000 ਤੋਂ 4,500 ਰੁਪਏ ਸਿੱਧੇ ਤਬਦੀਲ ਕੀਤੇ ਗਏ ਹਨ। ਸਾਡੀ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਭਲਾਈ ’ਤੇ ਖ਼ਰਚ ਰਹੀ ਹੈ। ਇਸੇ ਇਮਾਨਦਾਰ ਨੀਤੀ ਸਦਕਾ ਪੰਜਾਬ ਅੱਜ ਸਿੱਖਿਆ ਅਤੇ ਹੋਰ ਜਨਤਕ ਸੇਵਾਵਾਂ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉੱਭਰਿਆ ਹੈ। ਇਨਕਲਾਬ ਜ਼ਿੰਦਾਬਾਦ।” ਸ੍ਰੀ ਖਡੂਰ ਸਾਹਿਬ ਵਿਖੇ ਕਰਵਾਏ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਹਾਨ ਸਿੱਖ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ‘ਤੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “ਇਹ ਉਹੀ ਪਵਿੱਤਰ ਧਰਤੀ ਹੈ, ਜਿੱਥੇ ਸ੍ਰੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਅੰਤ ਕੀਤਾ ਅਤੇ ਲੰਗਰ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ, ਜਿਸ ਵਿੱਚ ਮਾਤਾ ਖੀਵੀ ਜੀ ਨੇ ਖ਼ੁਦ ਸੇਵਾ ਨਿਭਾਈ। ਉਨ੍ਹਾਂ ਕਿਹਾ, ‘‘ਜੇ ਵਿਰੋਧੀ ਪਾਰਟੀਆਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ’ਮਾਵਾਂ-ਧੀਆਂ ਸਤਿਕਾਰ ਯੋਜਨਾ’, ਔਰਤਾਂ ਲਈ ਮੁਫ਼ਤ ਬੱਸ ਸਫ਼ਰ ਅਤੇ ਹੋਰ ਜਨਤਕ ਭਲਾਈ ਸਕੀਮਾਂ ਬੰਦ ਕਰ ਦੇਣਗੇ।’’ ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਹੋਰ ਵੀ ਹਾਜ਼ਰ ਸਨ।