ਚੰਡੀਗੜ੍ਹ : ਹਰਿਆਣਾ ਪੈਰਾ ਸਪੋਰਟਸ ਐਸੋਸੀਏਸ਼ਨ ਦੀ ਪ੍ਰਧਾਨ ਅਤੇ ਪ੍ਰਦੇਸ਼ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਾਮਨਵੈਲਥ ਗੇਮਜ਼ ਗਲਾਸਗੋ 2026 ਵਿੱਚ ਭਾਰਤੀ ਪੈਰਾ-ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਉਨ੍ਹਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਇਸ ਵਾਰ ਕਾਮਨਵੈਲਥ ਖੇਡਾਂ ਵਿੱਚ ਭਾਰਤ ਦੇ ਪੈਰਾ-ਐਥਲੀਟਾਂ ਨੇ ਸ਼ਾਨਦਾਰ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਕੁੱਲ 7 ਤਮਗੇ (3 ਸੋਨ, 3 ਚਾਂਦੀ ਅਤੇ 1 ਕਾਂਸੀ) ਆਪਣੇ ਨਾਂ ਕੀਤੇ ਹਨ। ਇਸ ਕੌਮਾਂਤਰੀ ਮੰਚ 'ਤੇ ਹਰਿਆਣਾ ਦੀ ਪੈਰਾ-ਐਥਲੀਟ ਸ਼ਰਮਿਲਾ ਧਨਖੜ ਨੇ ਮਹਿਲਾ ਸ਼ਾਟਪੁੱਟ ਮੁਕਾਬਲੇ ਵਿੱਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਸੋਨ ਤਮਗਾ ਜਿੱਤਿਆ ਅਤੇ ਪੂਰੇ ਦੇਸ਼ ਵਿੱਚ ਸੂਬੇ ਦਾ ਮਾਣ ਵਧਾਇਆ।
ਮਹਿੰਦਰਗੜ੍ਹ ਦੀ ਬੇਟੀ ਨੇ ਕੌਮਾਂਤਰੀ ਪੱਧਰ 'ਤੇ ਲਹਿਰਾਇਆ ਪਰਚਮ
ਮੂਲ ਰੂਪ ਵਿੱਚ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਛਿੱਥਰੋਲੀ ਦੀ ਰਹਿਣ ਵਾਲੀ ਸ਼ਰਮਿਲਾ ਧਨਖੜ ਨੇ ਸ਼ਾਟਪੁੱਟ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਇਹ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸ਼ਰਮਿਲਾ ਦਾ ਇਹ ਸੋਨ ਤਮਗਾ ਸਿਰਫ਼ ਉਨ੍ਹਾਂ ਦੇ ਪਿੰਡ ਜਾਂ ਜ਼ਿਲ੍ਹੇ ਲਈ ਹੀ ਨਹੀਂ, ਸਗੋਂ ਪੂਰੇ ਦੇਸ਼ ਲਈ ਬੇਹੱਦ ਮਾਣ ਵਾਲਾ ਪਲ ਹੈ। ਇਹ ਸਫਲਤਾ ਸਾਬਤ ਕਰਦੀ ਹੈ ਕਿ ਹਰਿਆਣਾ ਦੇ ਪੈਰਾ-ਖਿਡਾਰੀ ਦੁਨੀਆ ਦੇ ਹਰ ਕੋਨੇ ਵਿੱਚ ਭਾਰਤ ਦੀ ਧਾਕ ਜਮਾਉਣ ਵਿੱਚ ਸਮਰੱਥ ਹਨ।
ਹਰਿਆਣਾ ਦੇ 5 ਪੈਰਾ-ਖਿਡਾਰੀਆਂ ਨੇ ਲਿਆ ਸੀ ਹਿੱਸਾ
ਕਾਮਨਵੈਲਥ ਗੇਮਜ਼ ਗਲਾਸਗੋ 2026 ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੇ ਦਲ ਵਿੱਚ ਹਰਿਆਣਾ ਦੇ 5 ਪ੍ਰਮੁੱਖ ਪੈਰਾ-ਖਿਡਾਰੀ ਸ਼ਾਮਲ ਸਨ। ਇਨ੍ਹਾਂ ਵਿੱਚ ਐਥਲੈਟਿਕਸ ਵਿੱਚ ਦੇਵੇਂਦਰ ਕੁਮਾਰ ਅਤੇ ਸ਼ਰਮਿਲਾ ਧਨਖੜ ਅਤ ਪਾਵਰਲਿਫਟਿੰਗ ਵਿੱਚ ਅਸ਼ੋਕ, ਸੁਧੀਰ ਕੁਮਾਰ ਅਤੇ ਸੁਮਨ ਦੇਵੀ ਨੇ ਭਾਰਤ ਵੱਲੋਂ ਹਿੱਸਾ ਲਿਆ।
ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇਗੀ ਇਹ ਸਫਲਤਾ
ਹਰਿਆਣਾ ਪੈਰਾ ਸਪੋਰਟਸ ਐਸੋਸੀਏਸ਼ਨ ਦੀ ਪ੍ਰਧਾਨ ਵਜੋਂ ਆਰਤੀ ਸਿੰਘ ਰਾਓ ਨੇ ਸ਼ਰਮਿਲਾ ਧਨਖੜ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਰਾਜ ਸਰਕਾਰ ਪੈਰਾ-ਖਿਡਾਰੀਆਂ ਨੂੰ ਹਰ ਸੰਭਵ ਸਹੂਲਤਾਂ ਅਤੇ ਪ੍ਰੋਤਸਾਹਨ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਸ਼ਰਮਿਲਾ ਦੀ ਇਹ ਇਤਿਹਾਸਕ ਜਿੱਤ ਸੂਬੇ ਦੇ ਹੋਰ ਨੌਜਵਾਨਾਂ ਅਤੇ ਖਾਸ ਕਰਕੇ ਪੈਰਾ-ਐਥਲੀਟਾਂ ਲਈ ਇੱਕ ਵੱਡਾ ਪ੍ਰੇਰਣਾ ਸਰੋਤ ਬਣੇਗੀ, ਜਿਸ ਨਾਲ ਉਹ ਭਵਿੱਖ ਵਿੱਚ ਕੌਮਾਂਤਰੀ ਮੁਕਾਬਲਿਆਂ ਵਿੱਚ ਦੇਸ਼ ਲਈ ਹੋਰ ਵੱਧ ਤਮਗੇ ਜਿੱਤਣ ਲਈ ਪ੍ਰੇਰਿਤ ਹੋਣਗੇ।