Friday, November 27, 2026
BREAKING NEWS
• ਬਵਲਗਾਰੀ ਦੇ ਚੇਅਰਮੈਨ ਪਾਓਲੋ ਬੁਲਗਾਰੀ ਦਾ 89 ਸਾਲ ਦੀ ਉਮਰ ’ਚ ਦਿਹਾਂਤ • ਗਲੋਬਲ ਪੀਸ ਆਨਰਜ 2026 : ਅਕਸ਼ੈ ਕੁਮਾਰ ਦੇ ਸਟੰਟ ਨੇ ਸਭ ਦਾ ਧਿਆਨ ਆਪਣੇ ਵੱਲ ਖਿਚਿਆ • ਰਸ਼ਮਿਕਾ ਮੰਡਾਨਾ ਦੀ ਫ਼ਿਲਮ ਮਾਈਸਾ ਦੇ ਰਿਲੀਜ਼ ਨੂੰ ਲੱਗੀਆਂ ਬਰੇਕਾਂ • ਮੇਰਾ ਇਤਰਾਜ ਕਿਸੇ ਇਕ ਕਲਾਕਾਰ ਲਈ ਨਹੀਂ ਉਨ੍ਹਾਂ ਸਾਰਿਆਂ ਲਈ ਹੈ ਜੋ ਸ਼ਰਾਬ, ਨਸ਼ਿਆਂ ਤੇ ਬੰਦੂਕ ਸੱਭਿਆਚਾਰਕ ਨੂੰ ਉਤਸ਼ਾਹਿਤ ਕਰਦੇ ਹਨ : ਡਾ. ਧਰੇਨਵਰ • ਫ਼ੂਡ ਸੇਫ਼ਟੀ ਆਫ਼ ਇੰਡੀਆ ਨੇ ਭੋਜਨ ਕਾਰੋਬਾਰੀਆਂ ਦੀ ਜਾਂਚ ਕੀਤੀ ਤੇਜ਼ • ਕਾਲਾਂਵਾਲੀ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ, ਮੁੱਖ ਮੰਤਰੀ ਨੇ ਇੱਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ • ਵਿਕਾਸ ਕਾਰਜਾਂ ਵਿੱਚ ਲਾਪਰਵਾਹੀ ’ਤੇ ਮੁੱਖ ਮੰਤਰੀ ਸਖ਼ਤ, ਕਾਰਜਕਾਰੀ ਇੰਜੀਨੀਅਰ, ਐਮ.ਈ. ਅਤੇ ਜੇ.ਈ. ਨੂੰ ਮੁਅੱਤਲ ਕਰਨ ਦੇ ਨਿਰਦੇਸ਼ • ਸ਼ਿਕਾਇਤਾਂ ਦੇ ਹੱਲ ਲਈ ਨੀਤੀ ਵਿੱਚ ਬਦਲਾਅ ਕਰਨ ਦਾ ਫੈਸਲਾ : ਨਾਇਬ ਸਿੰਘ ਸੈਣੀ • ਨਮੋਲ ਦੇ ਨੌਜਵਾਨ ਦੀ ਸਾਈਪ੍ਰਸ 'ਚ ਮੌਤ  • ਅੰਤਰਰਾਸ਼ਟਰੀ ਗੀਤਾ ਮਹਾਂਉਤਸਵ ਵਿੱਚ ਪੱਛਮੀ ਬੰਗਾਲ ਨਿਭਾਏਗਾ ਸਰਗਰਮ ਭੂਮਿਕਾ : ਉਮੇਸ਼ ਰਾਏ

Haryana

ਸੰਵਿਧਾਨ ਸਾਡੇ ਵਰਤਮਾਨ ਅਤੇ ਭਵਿੱਖ ਦਾ ਮਾਰਗਦਰਸ਼ਕ, ਇਸ ਦੇ ਆਦਰਸ਼ਾਂ ਨੂੰ ਜੀਵਨ ਵਿੱਚ ਅਪਣਾ ਕੇ ਵਿਕਸਤ ਭਾਰਤ ਅਤੇ ਵਿਕਸਤ ਹਰਿਆਣਾ ਦੇ ਨਿਰਮਾਣ ਲਈ ਮਿਲ ਕੇ ਅੱਗੇ ਵਧੀਏ : ਸੈਣੀ

November 26, 2026 10:12 PM
SehajTimes

ਸੰਵਿਧਾਨ ਨੂੰ ਅੰਗੀਕਾਰ ਕੀਤੇ ਜਾਣ ਦੀ 77ਵੀਂ ਵਰ੍ਹੇਗੰਢ ਮੌਕੇ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮੁੱਖ ਮੰਤਰੀ ਨੇ ਕੀਤਾ ਸੰਬੋਧਿਤ

ਦੇਸ਼ ਦੇ ਕੁੱਲ ਖੇਤਰਫਲ ਦਾ ਸਿਰਫ਼ 1.34 ਫੀਸਦੀ ਹੋਣ ਦੇ ਬਾਵਜੂਦ ਦੇਸ਼ ਦੀ ਜੀਡੀਪੀ ਵਿੱਚ ਹਰਿਆਣਾ ਦਾ 3.7 ਫੀਸਦੀ ਯੋਗਦਾਨ, ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ਵਿੱਚ ਵੱਡੇ ਸੂਬਿਆਂ ਵਿੱਚ ਹਰਿਆਣਾ ਪਹਿਲੇ ਸਥਾਨ ’ਤੇ

ਪਿਛਲੇ 12 ਸਾਲਾਂ ਵਿੱਚ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, 17,676 ਖਿਡਾਰੀਆਂ ਨੂੰ 931 ਕਰੋੜ ਰੁਪਏ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਗਈ

ਲਾਡੋ ਲਕਸ਼ਮੀ ਯੋਜਨਾ ਤਹਿਤ ਸੂਬੇ ਦੀਆਂ ਭੈਣਾਂ-ਧੀਆਂ ਨੂੰ ਹਰ ਮਹੀਨੇ ਮਿਲ ਰਹੀ ਹੈ 2100 ਰੁਪਏ ਦੀ ਆਰਥਿਕ ਸਹਾਇਤਾ

ਚੰਡੀਗੜ੍ਹ :  ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡਾ ਸੰਵਿਧਾਨ ਸਾਡੇ ਵਰਤਮਾਨ ਅਤੇ ਭਵਿੱਖ ਦਾ ਮਾਰਗਦਰਸ਼ਕ ਹੈ। ਬੀਤੇ 77 ਸਾਲਾਂ ਵਿੱਚ ਦੇਸ਼ ਦੇ ਸਾਹਮਣੇ ਜਿਹੜੀਆਂ ਵੀ ਚੁਣੌਤੀਆਂ ਆਈਆਂ ਹਨ, ਸਾਡੇ ਸੰਵਿਧਾਨ ਨੇ ਸਾਨੂੰ ਉਨ੍ਹਾਂ ਸਾਰੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਹੀ ਰਸਤਾ ਦਿਖਾਇਆ ਹੈ। ਸੰਵਿਧਾਨ ਦਾ ਸਨਮਾਨ ਕਿਸੇ ਇੱਕ ਦਲ ਜਾਂ ਸਰਕਾਰ ਦਾ ਵਿਸ਼ਾ ਨਹੀਂ ਹੈ। ਇਹ ਹਰ ਉਸ ਵਿਅਕਤੀ ਦੀ ਜ਼ਿੰਮੇਵਾਰੀ ਹੈ, ਜਿਸ ਨੂੰ ਜਨਤਾ ਨੇ ਜਨਤਕ ਸੇਵਾ ਦਾ ਮੌਕਾ ਦਿੱਤਾ ਹੈ। ਮੁੱਖ ਮੰਤਰੀ ਵੀਰਵਾਰ ਨੂੰ ਸੰਵਿਧਾਨ ਨੂੰ ਅੰਗੀਕਾਰ ਕੀਤੇ ਜਾਣ ਦੀ 77ਵੀਂ ਵਰ੍ਹੇਗੰਢ ਮੌਕੇ ਹਰਿਆਣਾ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਆਯੋਜਿਤ ਵਿਸ਼ੇਸ਼ ਚਰਚਾ ਦੌਰਾਨ ਸਦਨ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਵਿਸ਼ੇਸ਼ ਸੈਸ਼ਨ ਵਿੱਚ ਭਾਗ ਲੈਣ ਲਈ ਸਾਰੇ ਮਾਣਯੋਗ ਮੈਂਬਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਦਾ ਸਵਾਗਤ ਅਤੇ ਅਭਿਨੰਦਨ ਕੀਤਾ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਅਸੀਂ ਲੋਕਤੰਤਰ ਦੇ ਇਸ ਮਹੱਤਵਪੂਰਨ ਤਿਉਹਾਰ ਨੂੰ ਯਾਦ ਕਰ ਰਹੇ ਹਾਂ। ਪਰ, ਇਸ ਸਮੇਂ ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਅੱਜ ਹੀ ਦੇ ਦਿਨ ਸਾਲ 2008 ਵਿੱਚ ਮੁੰਬਈ ਵਿੱਚ ਹੋਏ ਅੱਤਵਾਦੀ ਹਮਲੇ ਦੀ ਬਰਸੀ ਵੀ ਹੈ। ਉਨ੍ਹਾਂ ਨੇ ਇਸ ਅੱਤਵਾਦੀ ਹਮਲੇ ਵਿੱਚ ਆਪਣੀ ਜਾਨ ਗੁਆਉਣ ਵਾਲੇ ਨਿਰਦੋਸ਼ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਉਸ ਜਜ਼ਬੇ ਨੂੰ ਵੀ ਯਾਦ ਕੀਤਾ, ਜਦੋਂ ਸਮੁੱਚੇ ਦੇਸ਼ ਨੇ ਇਕਜੁੱਟ ਹੋ ਕੇ ਉਸ ਹਮਲੇ ਦਾ ਸਾਹਮਣਾ ਕੀਤਾ ਸੀ। ਇਹ ਸਾਡੇ ਲੋਕਤੰਤਰ ਦੀ ਹੀ ਤਾਕਤ ਸੀ।

ਵਿਭਿੰਨਤਾਵਾਂ ਨਾਲ ਭਰਪੂਰ ਦੇਸ਼ ਲਈ ਸਹਿਮਤੀ, ਸੰਵਾਦ ਅਤੇ ਲੋਕਤੰਤਰੀ ਮਰਿਆਦਾ ਦਾ ਰਾਹ ਲੱਭਣ ਦਾ ਇੱਕ ਮਜ਼ਬੂਤ ਯਤਨ ਸੀ ਸੰਵਿਧਾਨ ਦੀ ਰਚਨਾ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਭਾ ਦੀ ਪਹਿਲੀ ਬੈਠਕ 9 ਦਸੰਬਰ, 1946 ਨੂੰ ਹੋਈ ਸੀ। ਲਗਭਗ 3 ਸਾਲਾਂ ਦੇ ਵਿਚਾਰ-ਵਟਾਂਦਰੇ ਤੋਂ ਬਾਅਦ 26 ਨਵੰਬਰ, 1949 ਨੂੰ ਸੰਵਿਧਾਨ ਅੰਗੀਕਾਰ ਕੀਤਾ ਗਿਆ। ਉਸ ਸਮੇਂ ਸੰਵਿਧਾਨ ਵਿੱਚ 395 ਧਾਰਾਵਾਂ, 22 ਭਾਗ ਅਤੇ 8 ਅਨੁਸੂਚੀਆਂ ਸਨ। ਸੰਵਿਧਾਨ ਸਭਾ ਨੇ 11 ਸੈਸ਼ਨਾਂ ਵਿੱਚ ਕਈ ਮਹੱਤਵਪੂਰਨ ਮੁੱਦਿਆਂ ’ਤੇ ਬਹਿਸ ਕੀਤੀ। ਸੰਵਿਧਾਨ ਦੇ ਖਰੜੇ ’ਤੇ ਹਜ਼ਾਰਾਂ ਸੋਧਾਂ ਦੇ ਪ੍ਰਸਤਾਵ ਰੱਖੇ ਗਏ ਅਤੇ ਉਨ੍ਹਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਇਸ ਵਿਸਥਾਰ ਪ੍ਰਕਿਰਿਆ ਵਿੱਚ ਭਾਰਤੀ ਸਮਾਜ ਦੇ ਹਰ ਵਰਗ ਅਤੇ ਦੇਸ਼ ਦੇ ਹਰ ਖੇਤਰ ਦੀ ਗੱਲ ਸੁਣੀ ਗਈ। ਸੰਵਿਧਾਨ ਦੀ ਰਚਨਾ ਸਿਰਫ਼ ਇੱਕ ਦਸਤਾਵੇਜ਼ ਤਿਆਰ ਕਰਨ ਦੀ ਪ੍ਰਕਿਰਿਆ ਨਹੀਂ ਸੀ। ਇਹ ਵਿਭਿੰਨਤਾਵਾਂ ਨਾਲ ਭਰਪੂਰ ਦੇਸ਼ ਲਈ ਸਹਿਮਤੀ, ਸੰਵਾਦ ਅਤੇ ਲੋਕਤੰਤਰੀ ਮਰਿਆਦਾ ਦਾ ਰਾਹ ਲੱਭਣ ਦਾ ਇੱਕ ਮਜ਼ਬੂਤ ਯਤਨ ਸੀ।

ਭਾਰਤ ਦੀਆਂ ਪ੍ਰਾਚੀਨ ਲੋਕਤੰਤਰੀ ਪਰੰਪਰਾਵਾਂ ਵਿਸ਼ਵ ਲਈ ਪ੍ਰੇਰਨਾਦਾਇਕ - ਮੁੱਖ ਮੰਤਰੀ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾ ਭਾਰਤਵਰਸ਼ ਦੀ ਮਹਾਨ ਪਰੰਪਰਾ, ਮਹਾਨ ਸੱਭਿਆਚਾਰ, ਮਹਾਨ ਵਿਰਾਸਤ ਅਤੇ ਹਜ਼ਾਰਾਂ ਸਾਲਾਂ ਦੀ ਇਸ ਦੀ ਯਾਤਰਾ ਪ੍ਰਤੀ ਸੁਚੇਤ ਸਨ। ਭਾਰਤਵਰਸ਼ ਦੀਆਂ ਲੋਕਤੰਤਰੀ ਪਰੰਪਰਾਵਾਂ ਬਹੁਤ ਪ੍ਰਾਚੀਨ ਹਨ। ਚੌਥੀ ਸਦੀ ਤੋਂ ਪਹਿਲਾਂ, 1 ਹਜ਼ਾਰ ਸਾਲਾਂ ਤੱਕ ਇਸ ਵਿਸ਼ਾਲ ਰਾਸ਼ਟਰ ਵਿੱਚ ਕਈ ਸ਼ਕਤੀਸ਼ਾਲੀ ਗਣਰਾਜ ਸਨ। ਮਾਲਵ ਗਣਰਾਜ ਨੇ ਤਾਂ ਸਿਕੰਦਰ ਦੇ ਅਜਿੱਤ ਹੋਣ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਇਹ ਅਮੀਰ ਇਤਿਹਾਸ ਵਿਸ਼ਵ ਲਈ ਪ੍ਰੇਰਨਾਦਾਇਕ ਰਿਹਾ ਹੈ। ਇਸੇ ਲਈ ਤਾਂ ਭਾਰਤ ਅੱਜ ਦੁਨੀਆ ਭਰ ਵਿੱਚ ‘ਮਦਰ ਆਫ ਡੈਮੋਕਰੇਸੀ’ ਵਜੋਂ ਜਾਣਿਆ ਜਾਂਦਾ ਹੈ। ਅੱਜ ਸਾਡਾ ਲੋਕਤੰਤਰ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਨਾਲ ਹੀ ਸਭ ਤੋਂ ਪ੍ਰਾਚੀਨ ਲੋਕਤੰਤਰੀ ਪਰੰਪਰਾ ਦੀਆਂ ਜੜ੍ਹਾਂ ਵੀ ਸਾਡੀ ਪਵਿੱਤਰ ਧਰਤੀ ਵਿੱਚ ਹੀ ਹਨ। ਉਨ੍ਹਾਂ ਕਿਹਾ ਕਿ ਡਾ. ਰਾਧਾਕ੍ਰਿਸ਼ਨਨ ਜੀ, ਜੋ ਸੰਵਿਧਾਨ ਸਭਾ ਦੇ ਮੈਂਬਰ ਵੀ ਸਨ, ਨੇ ਲਿਖਿਆ ਹੈ ਕਿ ਇਸ ਮਹਾਨ ਰਾਸ਼ਟਰ ਲਈ ਗਣਤੰਤਰਿਕ ਵਿਵਸਥਾ ਨਵੀਂ ਨਹੀਂ ਹੈ। ਸਾਡੇ ਇੱਥੇ ਇਹ ਸਾਡੇ ਇਤਿਹਾਸ ਦੀ ਸ਼ੁਰੂਆਤ ਤੋਂ ਹੀ ਮੌਜੂਦ ਹੈ।

ਸੰਵਿਧਾਨ ਸਮੁੱਚੀ ਸੰਵਿਧਾਨ ਸਭਾ ਦੀ ਸਮੂਹਿਕ ਸੂਝ-ਬੂਝ ਅਤੇ ਰਾਸ਼ਟਰ ਦੀ ਸਮੂਹਿਕ ਇੱਛਾ ਦਾ ਨਤੀਜਾ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਭਾ ਦੇ ਪ੍ਰਧਾਨ ਡਾ. ਰਾਜੇਂਦਰ ਪ੍ਰਸਾਦ, ਖਰੜਾ ਕਮੇਟੀ ਦੇ ਪ੍ਰਧਾਨ ਡਾ. ਭੀਮ ਰਾਓ ਅੰਬੇਡਕਰ, ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਮੌਲਾਨਾ ਅਬੁਲ ਕਲਾਮ ਆਜ਼ਾਦ, ਕੇ.ਐਮ. ਮੁਨਸ਼ੀ, ਅੱਲਾਦੀ ਕ੍ਰਿਸ਼ਨਾਸਵਾਮੀ ਅਈਅਰ ਸਮੇਤ ਕਈ ਮੈਂਬਰਾਂ ਨੇ ਇਸ ਮਹਾਨ ਕਾਰਜ ਵਿੱਚ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਾਡਾ ਸੰਵਿਧਾਨ ਕਿਸੇ ਇੱਕ ਵਿਅਕਤੀ ਦਾ ਨਹੀਂ, ਸਗੋਂ ਸਮੁੱਚੀ ਸੰਵਿਧਾਨ ਸਭਾ ਦੀ ਸਮੂਹਿਕ ਸੂਝ-ਬੂਝ ਅਤੇ ਰਾਸ਼ਟਰ ਦੀ ਸਮੂਹਿਕ ਇੱਛਾ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ 24 ਜਨਵਰੀ, 1950 ਨੂੰ 284 ਮੈਂਬਰਾਂ ਨੇ ਸੰਵਿਧਾਨ ’ਤੇ ਦਸਤਖ਼ਤ ਕੀਤੇ। ਉਹ ਦਸਤਖ਼ਤ ਭਾਰਤ ਦੀ ਲੋਕਤੰਤਰੀ ਵਚਨਬੱਧਤਾ ਦੇ ਗਵਾਹ ਬਣੇ।

ਸੰਵਿਧਾਨ ਨਿਰਮਾਣ ਵਿੱਚ ਦੇਸ਼ ਦੀ ਮਾਤਰ-ਸ਼ਕਤੀ ਨੇ ਨਿਭਾਈ ਬਹੁਤ ਵੱਡੀ ਭੂਮਿਕਾ - ਮੁੱਖ ਮੰਤਰੀ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਸੰਵਿਧਾਨ ਦੀ ਨਿਰਮਾਣ ਪ੍ਰਕਿਰਿਆ ਵਿੱਚ ਸਾਡੇ ਦੇਸ਼ ਦੀ ਮਾਤ-ਸ਼ਕਤੀ ਨੇ ਮਹਾਨ ਯੋਗਦਾਨ ਪਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਵੀ ਸੰਵਿਧਾਨ ਨੂੰ ਮਜ਼ਬੂਤ ਬਣਾਉਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਸੰਵਿਧਾਨ ਸਭਾ ਵਿੱਚ 15 ਮਾਣਯੋਗ ਮਹਿਲਾ ਮੈਂਬਰ ਸਨ ਅਤੇ ਉਹ ਬਹੁਤ ਸਰਗਰਮ ਸਨ। ਮੁੱਖ ਮੰਤਰੀ ਨੇ ਕਿਹਾ ਕਿ ਮੌਲਿਕ ਵਿਚਾਰਧਾਰਾ ਦੇ ਆਧਾਰ ’ਤੇ ਉਨ੍ਹਾਂ ਨੇ ਸੰਵਿਧਾਨ ਸਭਾ ਦੀ ਬਹਿਸ ਨੂੰ ਅਮੀਰ ਬਣਾਇਆ। ਇਹ ਸਾਰੀਆਂ ਭੈਣਾਂ ਵੱਖ-ਵੱਖ ਪਿਛੋਕੜਾਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਸਨ। ਇੱਥੇ ਸ਼ੁਰੂ ਤੋਂ ਹੀ ਮਹਿਲਾਵਾਂ ਨੂੰ ਵੋਟ ਦੇ ਅਧਿਕਾਰ ਸਮੇਤ ਕਈ ਬਰਾਬਰ ਦੇ ਅਧਿਕਾਰ ਦਿੱਤੇ ਗਏ।

ਸੰਵਿਧਾਨ ਨਿਰਮਾਣ ਵਿੱਚ ਹਰਿਆਣਾ ਦੇ ਸੱਤ ਮਹਾਂਪੁਰਖਾਂ ਨੇ ਪਾਇਆ ਯੋਗਦਾਨ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਸੰਵਿਧਾਨ ਸਭਾ ਵਿੱਚ ਹਰਿਆਣਾ ਦੇ ਸੱਤ ਮਹਾਂਪੁਰਖਾਂ, ਜਿਨ੍ਹਾਂ ਦੇ ਨਾਮ ਕੈਪਟਨ ਰਣਜੀਤ ਸਿੰਘ, ਪੰਡਿਤ ਠਾਕੁਰ ਦਾਸ ਭਾਰਗਵ, ਰਾਓ ਬਹਾਦਰ ਚੌਧਰੀ ਸੂਰਜਮਲ, ਪੰਡਿਤ ਸ੍ਰੀਰਾਮ ਸ਼ਰਮਾ, ਮਾਸਟਰ ਨੰਦ ਲਾਲ, ਚੌਧਰੀ ਰਣਬੀਰ ਸਿੰਘ ਹੁੱਡਾ ਅਤੇ ਲਾਲਾ ਦੇਸ਼ਬੰਧੂ ਗੁਪਤਾ ਹਨ, ਨੇ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਲੋਂ ਦਿਖਾਏ ਗਏ ਰਸਤੇ ’ਤੇ ਚੱਲ ਕੇ ਹੀ ਅਸੀਂ ਪਵਿੱਤਰ ਸੰਵਿਧਾਨ ਦੇ ਅਨੁਸਾਰ ਅੱਗੇ ਵਧ ਰਹੇ ਹਾਂ।

‘ਅਸੀਂ, ਭਾਰਤ ਦੇ ਲੋਕ’ ਸੰਵਿਧਾਨ ਦੀ ਆਤਮਾ, ਸੱਤਾ ਦਾ ਆਖਰੀ ਸਰੋਤ ਜਨਤਾ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰਾਂ ਜਨਤਾ ਦੀ ਸੇਵਾ ਲਈ ਬਣਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੀ ਪ੍ਰਸਤਾਵਨਾ ‘ਅਸੀਂ, ਭਾਰਤ ਦੇ ਲੋਕ’ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ। ਇਹ ਇਸ ਦੀ ਆਤਮਾ ਹੈ। ਸੱਤਾ ਦਾ ਆਖਰੀ ਸਰੋਤ ਜਨਤਾ ਹੈ। ਸਰਕਾਰਾਂ ਜਨਤਾ ਦੀ ਸੇਵਾ ਲਈ ਬਣਦੀਆਂ ਹਨ ਅਤੇ ਸੰਵਿਧਾਨ ਪ੍ਰਤੀ ਜਵਾਬਦੇਹ ਰਹਿੰਦੀਆਂ ਹਨ। ਪ੍ਰਸਤਾਵਨਾ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਨਿਆਂ; ਵਿਚਾਰ, ਪ੍ਰਗਟਾਵੇ, ਵਿਸ਼ਵਾਸ, ਧਰਮ ਅਤੇ ਉਪਾਸਨਾ ਦੀ ਆਜ਼ਾਦੀ; ਮੌਕਿਆਂ ਅਤੇ ਮਾਣ-ਮਰਿਆਦਾ ਦੀ ਸਮਾਨਤਾ ਅਤੇ ਵਿਅਕਤੀ ਦੀ ਗਰਿਮਾ ਤੇ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਯਕੀਨੀ ਬਣਾਉਣ ਵਾਲੀ ਭਾਈਚਾਰੇ ਦੀ ਭਾਵਨਾ ਦਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਇਹ ਸ਼ਬਦ ਸਮੁੱਚੇ ਭਾਰਤ ਰਾਸ਼ਟਰ ਦਾ ਉਹ ਵਚਨ ਹਨ, ਜਿਸ ਨੂੰ ਅਸੀਂ ਆਪਣੇ ਆਚਰਨ ਅਤੇ ਨੀਤੀਆਂ ਰਾਹੀਂ ਹਰ ਰੋਜ਼ ਸਾਕਾਰ ਕਰਦੇ ਹਾਂ। ਅੱਜ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਕੁਸ਼ਲ ਅਗਵਾਈ ਹੇਠ ਹਰ ਦੇਸ਼ ਵਾਸੀ ਦਾ ਇੱਕੋ ਹੀ ਉਦੇਸ਼ ਹੈ, ਵਿਕਸਤ ਭਾਰਤ ਦਾ ਨਿਰਮਾਣ। ਵਿਕਸਤ ਭਾਰਤ ਦਾ ਮਤਲਬ ਹੈ ਅਜਿਹਾ ਦੇਸ਼, ਜਿੱਥੇ ਹਰੇਕ ਨਾਗਰਿਕ ਨੂੰ ਜੀਵਨ ਦੀ ਬਿਹਤਰ ਗੁਣਵੱਤਾ ਅਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਮੌਕਾ ਮਿਲੇ। ਇਹ ਸਮਾਜਿਕ ਨਿਆਂ ਦਾ ਵੀ ਇੱਕ ਵੱਡਾ ਮਾਧਿਅਮ ਹੈ ਅਤੇ ਇਹ ਸੰਵਿਧਾਨ ਦੀ ਵੀ ਮੂਲ ਭਾਵਨਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਸਾਲ 2015 ਤੋਂ ਇਸ ਦਿਨ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਣ ਲੱਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਮੰਨਣਾ ਹੈ ਕਿ ਸੰਵਿਧਾਨ ਹਰੇਕ ਨਾਗਰਿਕ ਦੇ ਜੀਵਨ ਅਤੇ ਹਰੇਕ ਜਨਤਕ ਸੰਸਥਾ ਦੇ ਕੰਮਕਾਜ ਵਿੱਚ ਵੀ ਦਿਖਾਈ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਇਸੇ ਤਰ੍ਹਾਂ ਦਾ ਸੰਕਲਪ ਇਸ ਮਹਾਨ ਸਦਨ ਵਿੱਚ ਲਿਆ ਹੈ।

ਨਾਗਰਿਕਾਂ ਦੀ ਮਾਣ-ਮਰਿਆਦਾ ਅਤੇ ਨਿਆਂ ਦੀ ਕਸੌਟੀ 'ਤੇ ਰਾਜ ਦੀਆਂ ਸ਼ਕਤੀਆਂ ਨੂੰ ਰੱਖਣਾ ਵੀ ਸੰਵਿਧਾਨ ਦਾ ਉਦੇਸ਼ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਨੇ ਸਾਨੂੰ ਮੌਲਿਕ ਅਧਿਕਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰਾਂ ਦਾ ਅਰਥ ਉਦੋਂ ਹੀ ਪੂਰਾ ਹੁੰਦਾ ਹੈ, ਜਦੋਂ ਸਮਾਜ ਦਾ ਹਰੇਕ ਵਿਅਕਤੀ, ਖ਼ਾਸ ਕਰਕੇ ਗਰੀਬ, ਵਾਂਝੇ ਅਤੇ ਕਮਜ਼ੋਰ ਨਾਗਰਿਕ, ਸਨਮਾਨ ਅਤੇ ਮੌਕੇ ਦੇ ਨਾਲ ਅੱਗੇ ਵਧ ਸਕੇ। ਸੰਵਿਧਾਨ ਦਾ ਉਦੇਸ਼ ਕੇਵਲ ਰਾਜ ਦੀਆਂ ਸ਼ਕਤੀਆਂ ਨੂੰ ਤੈਅ ਕਰਨਾ ਨਹੀਂ, ਸਗੋਂ ਉਨ੍ਹਾਂ ਸ਼ਕਤੀਆਂ ਨੂੰ ਨਾਗਰਿਕਾਂ ਦੀ ਮਾਣ-ਮਰਿਆਦਾ ਅਤੇ ਨਿਆਂ ਦੀ ਕਸੌਟੀ 'ਤੇ ਰੱਖਣਾ ਵੀ ਹੈ।

ਸੱਤਾ ਵਿੱਚ ਹੋਣ ਜਾਂ ਵਿਰੋਧੀ ਧਿਰ ਵਿੱਚ, ਆਪਣੇ ਆਚਰਣ ਵਿੱਚ ਸੰਵਿਧਾਨਕ ਮਰਿਆਦਾ ਬਣਾਈ ਰੱਖਣ ਅਤੇ ਜਨਤਾ ਦੇ ਫ਼ਤਵੇ ਦਾ ਆਦਰ ਕਰਨ - ਮੁੱਖ ਮੰਤਰੀ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਿਆਸੀ ਦ੍ਰਿਸ਼ਟੀ ਤੋਂ ਸੰਵਿਧਾਨ ਦਾ ਸਨਮਾਨ ਕਿਸੇ ਇੱਕ ਪਾਰਟੀ ਜਾਂ ਸਰਕਾਰ ਦਾ ਵਿਸ਼ਾ ਨਹੀਂ ਹੈ। ਇਹ ਹਰੇਕ ਉਸ ਵਿਅਕਤੀ ਦਾ ਫ਼ਰਜ਼ ਹੈ, ਜਿਸ ਨੂੰ ਜਨਤਾ ਨੇ ਜਨਤਕ ਸੇਵਾ ਦਾ ਮੌਕਾ ਦਿੱਤਾ ਹੈ। ਅਸੀਂ ਸਾਰਿਆਂ ਨੂੰ ਇਹ ਆਤਮ-ਮੰਥਨ ਕਰਨਾ ਚਾਹੀਦਾ ਹੈ ਕਿ ਕੀ ਸਾਡੇ ਕੰਮਕਾਜ ਵਿੱਚ ਨਿਰਪੱਖਤਾ, ਪਾਰਦਰਸ਼ਤਾ, ਜਵਾਬਦੇਹੀ ਅਤੇ ਕਾਨੂੰਨ ਦਾ ਬਰਾਬਰ ਸਨਮਾਨ ਦਿਖਾਈ ਦਿੰਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਸਥਿਰਤਾ ਦਿੰਦਾ ਹੈ, ਪਰ ਸਮੇਂ ਦੇ ਨਾਲ ਅੱਗੇ ਵਧਣ ਦੀ ਸਮਰੱਥਾ ਵੀ ਰੱਖਦਾ ਹੈ। ਇਸ ਵਿੱਚ ਸੋਧ ਦੀ ਵਿਵਸਥਾ ਹੈ, ਤਾਂ ਜੋ ਬਦਲਦੀਆਂ ਸਥਿਤੀਆਂ ਅਤੇ ਨਾਗਰਿਕਾਂ ਦੀਆਂ ਇੱਛਾਵਾਂ ਮੁਤਾਬਕ ਲੋਕਤੰਤਰ ਵਿਕਸਿਤ ਹੁੰਦਾ ਰਹੇ। ਪੰਚਾਇਤਾਂ ਅਤੇ ਨਗਰ ਨਿਗਮਾਂ ਨੂੰ ਸੰਵਿਧਾਨਕ ਆਧਾਰ ਮਿਲਣ ਨਾਲ ਲੋਕਤੰਤਰ ਪਿੰਡਾਂ ਅਤੇ ਸ਼ਹਿਰਾਂ ਤੱਕ ਪਹੁੰਚਿਆ ਹੈ। ਸਿੱਖਿਆ, ਸਮਾਜਿਕ ਨਿਆਂ ਅਤੇ ਸਥਾਨਕ ਸਵੈ-ਸ਼ਾਸਨ ਨਾਲ ਜੁੜੇ ਉਪਬੰਧਾਂ ਨੇ ਨਾਗਰਿਕਾਂ ਨੂੰ ਵਿਵਸਥਾ ਵਿੱਚ ਵਧੇਰੇ ਪ੍ਰਭਾਵਸ਼ਾਲੀ ਭਾਗੀਦਾਰੀ ਦਾ ਮੌਕਾ ਦਿੱਤਾ ਹੈ। ਇਹ ਸਾਡੇ ਸੰਵਿਧਾਨ ਦੀ ਜੀਵੰਤਤਾ ਹੈ, ਆਪਣੇ ਮੂਲ ਆਦਰਸ਼ਾਂ ਨੂੰ ਸੁਰੱਖਿਅਤ ਰੱਖਦਿਆਂ ਸਮੇਂ ਦੀ ਲੋੜ ਦੇ ਨਾਲ ਅੱਗੇ ਵਧਣਾ।

ਹਰਿਆਣਾ ਦੀ ਤਰੱਕੀ ਵਿੱਚ ਸਾਰੇ ਵਰਗਾਂ ਦੀ ਭਾਗੀਦਾਰੀ, ਵਿਕਾਸ ਦਾ ਲਾਭ ਹਰੇਕ ਵਰਗ ਅਤੇ ਹਰੇਕ ਖੇਤਰ ਤੱਕ ਪਹੁੰਚੇ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਲਈ ਸੰਵਿਧਾਨ ਦਾ ਮਹੱਤਵ ਖ਼ਾਸ ਹੈ। 1 ਨਵੰਬਰ, 1966 ਨੂੰ ਰਾਜ ਦੇ ਗਠਨ ਤੋਂ ਬਾਅਦ ਸਾਡੀ ਯਾਤਰਾ ਸੰਵਿਧਾਨਕ ਲੋਕਤੰਤਰ ਦੀ ਇਸੇ ਵਿਵਸਥਾ ਤਹਿਤ ਅੱਗੇ ਵਧੀ। ਸਾਡੀ ਵਿਧਾਨ ਸਭਾ ਨੇ ਸੂਬੇ ਦੀ ਜਨਤਾ ਦੀਆਂ ਇੱਛਾਵਾਂ ਨੂੰ ਕਾਨੂੰਨ, ਨੀਤੀ ਅਤੇ ਜਨ-ਕਲਿਆਣ ਦੇ ਕੰਮਾਂ ਵਿੱਚ ਬਦਲਣ ਦਾ ਫ਼ਰਜ਼ ਨਿਭਾਇਆ ਹੈ। ਖੇਤ ਵਿੱਚ ਮਿਹਨਤ ਕਰਨ ਵਾਲਾ ਕਿਸਾਨ, ਸਰਹੱਦਾਂ ਦੀ ਰੱਖਿਆ ਕਰਨ ਵਾਲਾ ਜਵਾਨ, ਉਦਯੋਗ ਵਿੱਚ ਕੰਮ ਕਰਦਾ ਕਿਰਤੀ, ਸਿੱਖਿਆ ਅਤੇ ਸਿਹਤ ਨਾਲ ਜੁੜੇ ਕਰਮਚਾਰੀ, ਔਰਤਾਂ, ਨੌਜਵਾਨ ਅਤੇ ਉੱਦਮੀ, ਹਰਿਆਣਾ ਦੀ ਤਰੱਕੀ ਵਿੱਚ ਸਾਰਿਆਂ ਦੀ ਭਾਗੀਦਾਰੀ ਹੈ। ਸੰਵਿਧਾਨ ਦਾ ਸਮਾਨਤਾ ਅਤੇ ਮਾਣ-ਮਰਿਆਦਾ ਦਾ ਆਦਰਸ਼ ਸਾਨੂੰ ਯਾਦ ਦਿਵਾਉਂਦਾ ਹੈ ਕਿ ਵਿਕਾਸ ਦਾ ਲਾਭ ਇਨ੍ਹਾਂ ਸਾਰੇ ਵਰਗਾਂ ਤੱਕ ਅਤੇ ਹਰੇਕ ਖੇਤਰ ਤੱਕ ਪਹੁੰਚੇ।

ਪਿਛਲੇ 60 ਸਾਲਾਂ ਵਿੱਚ ਹਰਿਆਣਾ ਨੇ ਵੱਖ-ਵੱਖ ਖੇਤਰਾਂ ਵਿੱਚ ਸਥਾਪਿਤ ਕੀਤੇ ਨਵੇਂ ਕੀਰਤੀਮਾਨ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪਿਛਲੇ 60 ਸਾਲਾਂ ਵਿੱਚ ਹਰਿਆਣਾ ਨੇ ਖੇਤੀਬਾੜੀ, ਉਦਯੋਗ, ਸਿੱਖਿਆ, ਖੇਡਾਂ, ਸਿਹਤ, ਬੁਨਿਆਦੀ ਢਾਂਚੇ, ਤਕਨੀਕ ਅਤੇ ਸਮਾਜਿਕ ਭਲਾਈ ਦੇ ਖੇਤਰਾਂ ਵਿੱਚ ਲਗਾਤਾਰ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ। ਅੱਜ ਹਰਿਆਣਾ ਦਾ ਰਕਬਾ ਦੇਸ਼ ਦੇ ਰਕਬੇ ਦਾ ਮਹਿਜ਼ 1.34 ਪ੍ਰਤੀਸ਼ਤ ਹੈ। ਪਰ, ਅੱਜ ਦੇਸ਼ ਦੀ ਜੀ.ਡੀ.ਪੀ. ਵਿੱਚ ਸਾਡਾ ਯੋਗਦਾਨ 3.7 ਪ੍ਰਤੀਸ਼ਤ ਹੈ। ਦੇਸ਼ ਦੇ ਅਨਾਜ ਭੰਡਾਰ ਨੂੰ ਭਰਨ ਵਾਲਾ ਦੂਜਾ ਵੱਡਾ ਰਾਜ ਹੈ। ਪ੍ਰਤੀ ਵਿਅਕਤੀ ਆਮਦਨ ਵਿੱਚ ਵੱਡੇ ਰਾਜਾਂ ਵਿੱਚ ਪਹਿਲੇ ਸਥਾਨ 'ਤੇ ਹੈ।

ਪ੍ਰਧਾਨ ਮੰਤਰੀ ਨੇ ਸੰਵਿਧਾਨ ਵਿੱਚ ਨਿਹਿਤ ਜਨ-ਸੇਵਾ, ਲੋਕ-ਕਲਿਆਣ ਅਤੇ ਫ਼ਰਜ਼-ਨਿਸ਼ਠਾ ਦੀ ਭਾਵਨਾ ਨੂੰ ਸ਼ਾਸਨ ਦੀ ਕਾਰਜ-ਸੰਸਕ੍ਰਿਤੀ ਨਾਲ ਜੋੜਿਆ - ਮੁੱਖ ਮੰਤਰੀ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਨੇ ਸੰਵਿਧਾਨ ਵਿੱਚ ਨਿਹਿਤ ਜਨ-ਸੇਵਾ, ਲੋਕ-ਕਲਿਆਣ ਅਤੇ ਫ਼ਰਜ਼-ਨਿਸ਼ਠਾ ਦੀ ਭਾਵਨਾ ਨੂੰ ਸ਼ਾਸਨ ਦੀ ਕਾਰਜ-ਸੰਸਕ੍ਰਿਤੀ ਨਾਲ ਜੋੜਨ ਦਾ ਕੰਮ ਕੀਤਾ ਹੈ। ਰਾਜਪਥ ਨੂੰ ਕਰਤੱਵ ਪਥ ਦੀ ਪਛਾਣ ਦੇ ਕੇ ਉਨ੍ਹਾਂ ਨੇ ਹਰੇਕ ਜਨ-ਪ੍ਰਤੀਨਿਧੀ, ਅਧਿਕਾਰੀ ਅਤੇ ਨਾਗਰਿਕ ਨੂੰ ਰਾਸ਼ਟਰ ਪ੍ਰਤੀ ਆਪਣੇ ਫ਼ਰਜ਼ ਦੀ ਯਾਦ ਕਰਵਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇੰਡੀਆ ਗੇਟ ਦੇ ਨੇੜੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਸ਼ਾਨਦਾਰ ਮੂਰਤੀ ਦੀ ਸਥਾਪਨਾ ਸਾਡੇ ਸੁਤੰਤਰਤਾ ਸੰਗਰਾਮ ਦੇ ਤਿਆਗ, ਸਾਹਸ ਅਤੇ ਰਾਸ਼ਟਰ ਸਮਰਪਣ ਦੇ ਆਦਰਸ਼ਾਂ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਹੈ।

ਜਨ-ਕਲਿਆਣ ਦੀਆਂ ਵੱਖ-ਵੱਖ ਯੋਜਨਾਵਾਂ ਬਣੀਆਂ ਜ਼ਮੀਨੀ ਬਦਲਾਅ ਦਾ ਮਜ਼ਬੂਤ ਮਾਧਿਅਮ - ਮੁੱਖ ਮੰਤਰੀ

ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਨੇ 60 ਕਰੋੜ ਗਰੀਬ ਪਰਿਵਾਰਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ। ਸਿਹਤ ਸੁਰੱਖਿਆ ਦਾ ਮਜ਼ਬੂਤ ਕਵਚ ਦਿੱਤਾ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 4 ਕਰੋੜ ਪਰਿਵਾਰਾਂ ਨੂੰ ਪੱਕੇ ਘਰ ਮਿਲਣ ਨਾਲ ਸੁਰੱਖਿਅਤ ਆਸਰਾ ਮਿਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਜਿਸ ਤਰ੍ਹਾਂ ਨਾਲ ਹਰਿਆਣਾ ਅੱਗੇ ਵਧਿਆ ਹੈ ਅਤੇ ਦੇਸ਼ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ 4 ਕਰੋੜ ਪਰਿਵਾਰਾਂ ਨੂੰ ਪੱਕੇ ਮਕਾਨ ਬਣਾ ਕੇ ਸਨਮਾਨ ਨਾਲ ਉਨ੍ਹਾਂ ਦੇ ਘਰਾਂ ਦੀਆਂ ਚਾਬੀਆਂ ਸੌਂਪੀਆਂ ਗਈਆਂ ਹਨ, ਇਹ ਕੋਈ ਛੋਟਾ ਬਦਲਾਅ ਨਹੀਂ ਹੈ। ਗਰੀਬ ਵਿਅਕਤੀ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਹੀ ਸਾਡਾ ਟੀਚਾ ਹੈ। ਉਨ੍ਹਾਂ ਕਿਹਾ ਕਿ ਸਦਨ ਵਿੱਚ ਖੜ੍ਹੇ ਹੋ ਕੇ ਮੈਂ ਵੀ ਬਹੁਤ ਕੁਝ ਬੋਲ ਸਕਦਾ ਹਾਂ, ਪਰ ਹਕੀਕਤ ਇਹ ਹੈ ਕਿ ਜ਼ਮੀਨੀ ਪੱਧਰ 'ਤੇ ਬਹੁਤ ਬਦਲਾਅ ਆਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਵਿੱਚ ਉੱਜਵਲਾ ਯੋਜਨਾ ਤਹਿਤ ਲਗਭਗ 11 ਕਰੋੜ ਗਰੀਬ ਮਾਵਾਂ ਨੂੰ ਚੁੱਲ੍ਹੇ ਦੇ ਧੂੰਏਂ ਤੋਂ ਮੁਕਤੀ ਦੇ ਕੇ ਉਨ੍ਹਾਂ ਦੀ ਸਿਹਤ ਅਤੇ ਸਨਮਾਨ ਦੀ ਰੱਖਿਆ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਜਦੋਂ ਲਾਲ ਕਿਲ੍ਹੇ ਤੋਂ ਸਵੱਛ ਭਾਰਤ ਦਾ ਐਲਾਨ ਕੀਤਾ ਤਾਂ ਲੋਕਾਂ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ਪਰ ਅੱਜ ਸਵੱਛ ਭਾਰਤ ਮਿਸ਼ਨ ਵਿੱਚ 12 ਕਰੋੜ ਤੋਂ ਵੱਧ ਪਖਾਨਿਆਂ ਦੇ ਨਿਰਮਾਣ ਨੇ ਸਾਡੀਆਂ ਮਾਵਾਂ-ਭੈਣਾਂ ਨੂੰ ਸੁਰੱਖਿਆ ਅਤੇ ਮਾਣ-ਮਰਿਆਦਾ ਪ੍ਰਦਾਨ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਮਾਵਾਂ-ਭੈਣਾਂ ਨੂੰ ਦੋ-ਦੋ ਕਿਲੋਮੀਟਰ ਤੱਕ ਪੈਦਲ ਚੱਲ ਕੇ ਜਾਣਾ ਪੈਂਦਾ ਸੀ ਸਾਫ਼ ਪਾਣੀ ਲੈਣ ਲਈ ਪਰ ਅੱਜ ਜਲ ਜੀਵਨ ਮਿਸ਼ਨ ਨੇ ਹਰੇਕ ਪਿੰਡ ਦੇ ਹਰੇਕ ਘਰ ਵਿੱਚ ਨਲ ਰਾਹੀਂ ਸਾਫ਼ ਪਾਣੀ ਪਹੁੰਚਾ ਕੇ ਜੀਵਨ ਨੂੰ ਸਰਲ ਬਣਾਇਆ ਹੈ। ਇਸ ਨਾਲ ਅਸਲ ਵਿੱਚ ਕਰੋੜਾਂ ਲੋਕਾਂ ਦੇ ਜੀਵਨ ਵਿੱਚ ਸਨਮਾਨ, ਸੁਰੱਖਿਆ ਅਤੇ ਆਤਮ-ਵਿਸ਼ਵਾਸ ਦਾ ਇੱਕ ਨਵਾਂ ਸੰਚਾਰ ਹੋਇਆ ਹੈ।

ਸੰਵਿਧਾਨਕ ਭਾਵਨਾਵਾਂ ਮੁਤਾਬਕ ਸੂਬੇ ਦੇ ਹਰੇਕ ਖੇਤਰ ਵਿੱਚ ਸੰਪਰਕ ਸਹੂਲਤਾਂ ਨੂੰ ਮਜ਼ਬੂਤ ਕਰ ਰਹੀ ਸਰਕਾਰ - ਮੁੱਖ ਮੰਤਰੀ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਅੱਜ ਦੇਸ਼ ਭਰ ਵਿੱਚ ਅਸੀਂ ਕਿਤੇ ਵੀ ਜਾਈਏ, ਉੱਥੇ ਕੋਈ ਨਾ ਕੋਈ ਵੱਡਾ ਬੁਨਿਆਦੀ ਢਾਂਚਾ ਪ੍ਰੋਜੈਕਟ ਦਾ ਕੰਮ ਤਰੱਕੀ 'ਤੇ ਹੈ। ਚਾਹੇ ਉਹ ਮੈਟਰੋ ਹੋਵੇ ਜਾਂ ਫਰੇਟ ਕੋਰੀਡੋਰ ਹੋਵੇ, ਐਕਸਪ੍ਰੈੱਸਵੇਅ ਹੋਣ, ਵੱਡੇ ਪੁਲ ਹੋਣ ਜਾਂ ਬੰਦਰਗਾਹਾਂ ਦਾ ਵਿਕਾਸ ਹੋਵੇ। ਦੇਸ਼ ਦੇ ਹਰੇਕ ਹਿੱਸੇ ਵਿੱਚ ਇਨਫ਼ਰਾਸਟ੍ਰਕਚਰ ਵਿਕਾਸ ਦਾ ਕੰਮ ਹੋ ਰਿਹਾ ਹੈ। ਹਰਿਆਣਾ ਦਾ ਹਰ ਜ਼ਿਲ੍ਹਾ ਰਾਸ਼ਟਰੀ ਰਾਜਮਾਰਗ ਨਾਲ ਜੁੜਿਆ, ਪਿਛਲੇ 12 ਸਾਲਾਂ ਵਿੱਚ 22 ਨਵੇਂ ਰਾਸ਼ਟਰੀ ਰਾਜਮਾਰਗ ਐਲਾਨੇ, 11 ਹਜ਼ਾਰ ਕਿਲੋਮੀਟਰ ਲੰਬੀਆਂ ਨਵੀਆਂ ਸੜਕਾਂ ਬਣਾਈਆਂ ਗਈਆਂ - ਮੁੱਖ ਮੰਤਰੀ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਹਰਿਆਣਾ ਦਾ ਹਰ ਜ਼ਿਲ੍ਹਾ ਕਿਸੇ ਨਾ ਕਿਸੇ ਰਾਸ਼ਟਰੀ ਰਾਜਮਾਰਗ ਨਾਲ ਜੁੜਿਆ ਹੋਇਆ ਹੈ। ਪਿਛਲੇ 12 ਸਾਲਾਂ ਵਿੱਚ ਸੂਬੇ ਵਿੱਚ 22 ਨਵੇਂ ਰਾਸ਼ਟਰੀ ਰਾਜਮਾਰਗ ਐਲਾਨੇ ਗਏ ਹਨ, ਜਿਨ੍ਹਾਂ ਵਿੱਚੋਂ 12 ਦਾ ਨਿਰਮਾਣ ਕਾਰਜ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ, ਇਸੇ ਸਮੇਂ ਦੌਰਾਨ 11 ਹਜ਼ਾਰ ਕਿਲੋਮੀਟਰ ਲੰਬੀਆਂ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਬੀਤੀ 17 ਜੁਲਾਈ ਨੂੰ ਜੀਂਦ-ਸੋਨੀਪਤ ਰੇਲ ਮਾਰਗ 'ਤੇ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਹਰਿਆਣਾ ਨੂੰ ਸਵੱਛ ਆਵਾਜਾਈ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਸੌਗਾਤ ਦਿੱਤੀ।

ਬਿਨਾਂ ਪਰਚੀ-ਬਿਨਾਂ ਖਰਚੀ ਦੇ ਸਰਕਾਰੀ ਨੌਕਰੀਆਂ ਦੇ ਕੇ ਸੰਵਿਧਾਨ ਦੀ ਮੂਲ ਭਾਵਨਾ ਨੂੰ ਕੀਤਾ ਸਾਕਾਰ - ਮੁੱਖ ਮੰਤਰੀ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਲਈ ਸੰਵਿਧਾਨ ਵੱਲੋਂ ਦਿੱਤਾ ਗਿਆ ਸਭ ਤੋਂ ਮਹੱਤਵਪੂਰਨ ਅਧਿਕਾਰ ਆਰਟੀਕਲ 16 ਹੈ, ਜੋ ਕਹਿੰਦਾ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਵਿਤਕਰਾ ਨਾ ਹੋਵੇ। ਉਨ੍ਹਾਂ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬਿਨਾਂ ਪਰਚੀ-ਬਿਨਾਂ ਖਰਚੀ ਦੇ ਸਰਕਾਰੀ ਨੌਕਰੀਆਂ ਦੇ ਕੇ ਸੰਵਿਧਾਨ ਦੀ ਇਸ ਮੂਲ ਭਾਵਨਾ ਨੂੰ ਸਾਕਾਰ ਕੀਤਾ ਹੈ। ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਵੀ 4 ਫਰਵਰੀ, 2025 ਨੂੰ ਲੋਕ ਸਭਾ ਵਿੱਚ ਇਸ ਦੀ ਸ਼ਲਾਘਾ ਕੀਤੀ ਹੈ।

ਹਰਿਆਣਾ ਦੇ ਲੋਕਾਂ ਨੇ ਮਿਹਨਤ ਨੂੰ ਆਪਣੀ ਸ਼ਕਤੀ, ਸੰਕਲਪ ਨੂੰ ਆਪਣਾ ਮਾਰਗ ਅਤੇ ਰਾਸ਼ਟਰ ਸੇਵਾ ਨੂੰ ਆਪਣਾ ਧਰਮ ਬਣਾਇਆ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਹਰਿਆਣਾ ਦੀ ਸਥਾਪਨਾ 1 ਨਵੰਬਰ, 1966 ਨੂੰ ਹੋਈ ਸੀ। ਉਸ ਸਮੇਂ ਸਾਡੇ ਸਾਹਮਣੇ ਕਈ ਚੁਣੌਤੀਆਂ ਸਨ। ਉਨ੍ਹਾਂ ਕਿਹਾ ਕਿ ਉਸ ਸਮੇਂ ਸਾਡੇ ਕੋਲ ਸਾਧਨ ਸੀਮਤ ਸਨ ਅਤੇ ਭਵਿੱਖ ਦਾ ਰਸਤਾ ਵੀ ਆਸਾਨ ਨਹੀਂ ਸੀ। ਪਰ ਸਾਡੇ ਸੂਬੇ ਦੇ ਲੋਕਾਂ ਨੇ ਮੁਸ਼ਕਲਾਂ ਨੂੰ ਆਪਣੀ ਕਿਸਮਤ ਨਹੀਂ ਬਣਨ ਦਿੱਤਾ। ਉਨ੍ਹਾਂ ਨੇ ਮਿਹਨਤ ਨੂੰ ਆਪਣੀ ਸ਼ਕਤੀ, ਸੰਕਲਪ ਨੂੰ ਆਪਣਾ ਮਾਰਗ ਅਤੇ ਰਾਸ਼ਟਰ ਸੇਵਾ ਨੂੰ ਆਪਣਾ ਧਰਮ ਬਣਾਇਆ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 60 ਸਾਲਾਂ ਵਿੱਚ ਹਰਿਆਣਾ ਨੇ ਇਹ ਸਿੱਧ ਕੀਤਾ ਹੈ ਕਿ ਜੇਕਰ ਜਨਤਾ ਦੇ ਅੰਦਰ ਆਤਮ-ਵਿਸ਼ਵਾਸ ਹੋਵੇ, ਲੀਡਰਸ਼ਿਪ ਵਿੱਚ ਵਿਕਾਸ ਦੀ ਇੱਛਾ-ਸ਼ਕਤੀ ਹੋਵੇ ਅਤੇ ਲੋਕਤੰਤਰੀ ਸੰਸਥਾਵਾਂ ਮਜ਼ਬੂਤ ਹੋਣ, ਤਾਂ ਸੀਮਤ ਸਾਧਨਾਂ ਨਾਲ ਵੀ ਅਸਾਧਾਰਨ ਪ੍ਰਾਪਤੀਆਂ ਹਾਸਲ ਕੀਤੀਆਂ ਜਾ ਸਕਦੀਆਂ ਹਨ।

ਹੀਰਕ ਜਯੰਤੀ ਵਧੇਰੇ ਨਿਆਂਪੂਰਨ, ਸਮਾਵੇਸ਼ੀ ਅਤੇ ਖੁਸ਼ਹਾਲ ਸੂਬਾ ਬਣਾਉਣ ਦੇ ਸੰਕਲਪ ਦਾ ਮੌਕਾ - ਮੁੱਖ ਮੰਤਰੀ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੰਵਿਧਾਨ ਦਿਵਸ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਲੋਕਤੰਤਰ ਉਦੋਂ ਸਾਰਥਕ ਹੁੰਦਾ ਹੈ, ਜਦੋਂ ਸ਼ਾਸਨ ਆਖਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਤੱਕ ਪਹੁੰਚੇ, ਜਦੋਂ ਗਰੀਬ ਨੂੰ ਮੌਕਾ ਮਿਲੇ, ਕਿਸਾਨ ਨੂੰ ਸਨਮਾਨ ਮਿਲੇ, ਨੌਜਵਾਨ ਨੂੰ ਆਪਣੀ ਸਮਰੱਥਾ ਦਿਖਾਉਣ ਦਾ ਮੰਚ ਮਿਲੇ, ਔਰਤ ਸੁਰੱਖਿਅਤ ਅਤੇ ਆਤਮ-ਨਿਰਭਰ ਬਣੇ ਅਤੇ ਹਰ ਨਾਗਰਿਕ ਨੂੰ ਨਿਆਂ ਅਤੇ ਵਿਕਾਸ ਦਾ ਲਾਭ ਮਿਲੇ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਹੀਰਕ ਜਯੰਤੀ ਦਾ ਸੱਚਾ ਅਰਥ ਵੀ ਇਹੀ ਹੈ ਕਿ ਅਸੀਂ ਆਪਣੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਈਏ, ਆਪਣੀਆਂ ਕਮੀਆਂ ਨੂੰ ਪਛਾਣੀਏ ਅਤੇ ਆਉਣ ਵਾਲੇ ਸਾਲਾਂ ਲਈ ਵਧੇਰੇ ਨਿਆਂਪੂਰਨ, ਸਮਾਵੇਸ਼ੀ ਅਤੇ ਖੁਸ਼ਹਾਲ ਸੂਬਾ ਬਣਾਉਣ ਦਾ ਸੰਕਲਪ ਵੀ ਲਈਏ।

ਸਾਰੀਆਂ 24 ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ ਹਰਿਆਣਾ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਅੱਜ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਹੈ, ਜੋ ਸਾਰੀਆਂ 24 ਫ਼ਸਲਾਂ ਦੀ ਖਰੀਦ ਘੱਟੋ-ਘੱਟ ਸਮਰਥਨ ਮੁੱਲ 'ਤੇ ਕਰਦਾ ਹੈ। ਸਾਡੀ ਇਹ ਵਿਵਸਥਾ ਕਿਸਾਨ ਦੀ ਮਿਹਨਤ ਅਤੇ ਉਸ ਦੀ ਉਪਜ ਦੇ ਸਨਮਾਨ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਅਸੀਂ ਖੇਤੀ ਨੂੰ ਕਣਕ ਅਤੇ ਝੋਨੇ ਤੱਕ ਸੀਮਤ ਰੱਖਣ ਦੀ ਬਜਾਏ ਅੱਜ ਬਾਗਬਾਨੀ, ਕੁਦਰਤੀ ਖੇਤੀ, ਖੇਤੀ ਵਿਭਿੰਨਤਾ ਅਤੇ ਆਧੁਨਿਕ ਤਕਨੀਕ ਵੱਲ ਤੇਜ਼ੀ ਨਾਲ ਅੱਗੇ ਵਧਾ ਰਹੇ ਹਾਂ। ਅੱਜ ਖੇਤੀਬਾੜੀ ਖੇਤਰ ਵਿੱਚ ਆਧੁਨਿਕ ਤਕਨੀਕ ਜਿਵੇਂ ਡਰੋਨ, ਏ.ਆਈ. ਅਤੇ ਡਿਜੀਟਲ ਸਾਧਨਾਂ ਦੀ ਵਰਤੋਂ ਕਰਕੇ ਕਿਸਾਨ ਦੀ ਲਾਗਤ ਘਟਾਉਣ ਅਤੇ ਆਮਦਨ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ।

12 ਸਾਲਾਂ ਵਿੱਚ 17,676 ਖਿਡਾਰੀਆਂ ਨੂੰ 931 ਕਰੋੜ ਰੁਪਏ ਦੀ ਨਕਦ ਇਨਾਮ ਰਾਸ਼ੀ, 260 ਤਗ਼ਮਾ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ - ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿੱਚ 17 ਹਜ਼ਾਰ 676 ਖਿਡਾਰੀਆਂ ਨੂੰ 931 ਕਰੋੜ ਰੁਪਏ ਦੀ ਨਕਦ ਇਨਾਮ ਰਾਸ਼ੀ, 260 ਤਗ਼ਮਾ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ* ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੇ ਹਰਿਆਣਾ ਦਾ ਨਾਮ ਖੇਡਾਂ ਵਿੱਚ ਦੁਨੀਆ ਭਰ ਵਿੱਚ ਰੌਸ਼ਨ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਖੇਡਾਂ ਸਿਰਫ਼ ਤਗ਼ਮੇ ਜਿੱਤਣ ਦਾ ਮਾਧਿਅਮ ਨਹੀਂ ਹਨ, ਸਗੋਂ ਇਹ ਅਨੁਸ਼ਾਸਨ, ਹਿੰਮਤ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਦਾ ਨਿਰਮਾਣ ਕਰਦੀਆਂ ਹਨ। ਇਸੇ ਉਦੇਸ਼ ਨਾਲ ਅਸੀਂ ਸੂਬੇ ਵਿੱਚ ਨਵੀਂ ਖੇਡ ਅਤੇ ਰੁਜ਼ਗਾਰ ਨੀਤੀ ਬਣਾਈ ਹੈ। ਇਸ ਦੇ ਤਹਿਤ ਪਿਛਲੇ 12 ਸਾਲਾਂ ਵਿੱਚ ਸੂਬੇ ਦੇ 17 ਹਜ਼ਾਰ 676 ਖਿਡਾਰੀਆਂ ਨੂੰ 931 ਕਰੋੜ ਰੁਪਏ ਦੀ ਨਕਦ ਇਨਾਮ ਰਾਸ਼ੀ ਦਿੱਤੀ ਗਈ ਹੈ। ਸੂਬੇ ਦੇ 260 ਤਗ਼ਮਾ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।

ਪਿਛਲੇ 12 ਸਾਲਾਂ ਵਿੱਚ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ, 1 ਲੱਖ 56 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਹੁਨਰ ਸਿਖਲਾਈ

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸੇ ਤਰ੍ਹਾਂ, ਸਿੱਖਿਆ ਅਤੇ ਹੁਨਰ ਵਿਕਾਸ ਸਾਡੇ ਨੌਜਵਾਨਾਂ ਨੂੰ ਬਦਲਦੀ ਅਰਥਵਿਵਸਥਾ ਲਈ ਤਿਆਰ ਕਰਦੇ ਹਨ। ਸੂਬੇ ਵਿੱਚ ਨੌਜਵਾਨਾਂ ਨੂੰ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਸਰਕਾਰੀ ਰੁਜ਼ਗਾਰ ਦੇਣ, ਹੁਨਰ ਸਿਖਲਾਈ ਨਾਲ ਜੋੜਨ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਉਪਲਬਧ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪਿਛਲੇ 12 ਸਾਲਾਂ ਵਿੱਚ ਸੂਬੇ ਵਿੱਚ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ, ਇੱਕ ਲੱਖ 56 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਹੁਨਰ ਸਿਖਲਾਈ ਵੀ ਦਿੱਤੀ ਗਈ ਹੈ। ਸਾਡਾ ਟੀਚਾ ਹੈ ਕਿ ਹਰ ਨੌਜਵਾਨ ਆਪਣੀ ਪ੍ਰਤਿਭਾ ਅਨੁਸਾਰ ਅੱਗੇ ਵਧ ਸਕੇ ਅਤੇ ਉਸ ਨੂੰ ਆਪਣੇ ਸੁਪਨਿਆਂ ਲਈ ਸੂਬੇ ਤੋਂ ਬਾਹਰ ਜਾਣ ਦੀ ਮਜਬੂਰੀ ਨਾ ਹੋਵੇ।

ਪੰਚਾਇਤਾਂ ਵਿੱਚ ਔਰਤਾਂ ਨੂੰ 50 ਫੀਸਦੀ ਪ੍ਰਤੀਨਿਧਤਾ ਦੇ ਕੇ ਵਿਕਾਸ ਵਿੱਚ ਬਣਾਇਆ ਬਰਾਬਰ ਦਾ ਭਾਈਵਾਲ

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਔਰਤਾਂ ਦੀ ਸੁਰੱਖਿਆ, ਸਿੱਖਿਆ, ਸਨਮਾਨ ਅਤੇ ਆਰਥਿਕ ਆਤਮ-ਨਿਰਭਰਤਾ ਕਿਸੇ ਵੀ ਸਮਾਜ ਦੀ ਤਰੱਕੀ ਦੀ ਕਸੌਟੀ ਹਨ। ਸਵੈ-ਸਹਾਇਤਾ ਸਮੂਹਾਂ ਅਤੇ ਵੱਖ-ਵੱਖ ਭਲਾਈ ਪਹਿਲਕਦਮੀਆਂ ਰਾਹੀਂ ਔਰਤਾਂ ਨੂੰ ਮੌਕਿਆਂ ਅਤੇ ਸਾਧਨਾਂ ਨਾਲ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਸੰਕਲਪ ਪੱਤਰ ਵਿੱਚ ਵੀ ਕਿਹਾ ਸੀ ਕਿ ਔਰਤਾਂ ਨੂੰ ਕਿਵੇਂ ਸਸ਼ਕਤ ਕੀਤਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਕਿਹਾ ਸੀ ਕਿ ਔਰਤਾਂ ਦੇ ਸਸ਼ਕਤੀਕਰਨ ਲਈ 2100 ਰੁਪਏ ਦੇਣਗੇ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਸਰਕਾਰ ਔਰਤਾਂ ਨੂੰ 2100 ਰੁਪਏ ਦੇਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਔਰਤਾਂ ਨੂੰ ਪੰਚਾਇਤਾਂ ਵਿੱਚ 50 ਫੀਸਦੀ ਪ੍ਰਤੀਨਿਧਤਾ ਦੇ ਕੇ ਉਨ੍ਹਾਂ ਨੂੰ ਵਿਕਾਸ ਵਿੱਚ ਬਰਾਬਰ ਦਾ ਭਾਈਵਾਲ ਬਣਾਇਆ ਹੈ। ਲਾਡੋ ਲਕਸ਼ਮੀ ਯੋਜਨਾ ਤਹਿਤ ਸੂਬੇ ਦੀਆਂ ਭੈਣਾਂ-ਧੀਆਂ ਨੂੰ ਹਰ ਮਹੀਨੇ 2100 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ।

ਸੰਵਿਧਾਨ ਦੀ 77ਵੀਂ ਵਰ੍ਹੇਗੰਢ 'ਤੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਆਪਣੇ ਵਿਹਾਰ ਵਿੱਚ ਉਤਾਰਨ ਦਾ ਲਓ ਸੰਕਲਪ

ਮੁੱਖ ਮੰਤਰੀ ਨੇ ਸੰਵਿਧਾਨ ਦੀ ਇਸ 77ਵੀਂ ਵਰ੍ਹੇਗੰਢ 'ਤੇ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਆਪਣੇ ਵਿਹਾਰ ਵਿੱਚ ਉਤਾਰਨ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸੰਵਿਧਾਨ ਨਿਰਮਾਤਾਵਾਂ ਪ੍ਰਤੀ ਸਾਡੀ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਅਸੀਂ ਉਨ੍ਹਾਂ ਵੱਲੋਂ ਬਣਾਏ ਲੋਕਤੰਤਰੀ ਮਾਰਗ 'ਤੇ ਵਿਸ਼ਵਾਸ ਰੱਖੀਏ, ਉਸ ਦੀ ਮਰਿਆਦਾ ਦੀ ਪਾਲਣਾ ਕਰੀਏ ਅਤੇ ਇੱਕ ਅਜਿਹੇ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਈਏ, ਜਿੱਥੇ ਨਿਆਂ ਸਭ ਨੂੰ ਮਿਲੇ, ਮੌਕੇ ਸਭ ਲਈ ਹੋਣ ਅਤੇ ਹਰ ਨਾਗਰਿਕ ਦਾ ਮਾਣ-ਸਨਮਾਨ ਸੁਰੱਖਿਅਤ ਰਹੇ।

Have something to say? Post your comment

More in Haryana

ਸੰਵਿਧਾਨ ਦੀ ਮੂਲ ਭਾਵਨਾ ‘ਹਮ ਭਾਰਤ ਦੇ ਲੋਕ’ ਵਿੱਚ ਨਿਹਿਤ ਹੈ, ਲੋਕਤੰਤਰ ਵਿੱਚ ਸਰਵਉੱਚ ਸ਼ਕਤੀ ਜਨਤਾ ਦੇ ਹੱਥਾਂ ਵਿੱਚ ਹੈ : ਅਨਿਲ ਵਿਜ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਪ੍ਰੇਰਨਾ ਸਰੋਤ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਦਿਵਯ ਨਗਰ ਯੋਜਨਾ ਤਹਿਤ ਪਾਣੀਪਤ ਵਿੱਚ ਆਧੁਨਿਕ ਸਟਰੀਟ ਲਾਈਟਿੰਗ ਸਿਸਟਮ ਅਤੇ ਸੀਸੀਐਮਐਸ ਲਾਗੂ ਕਰਨ ਲਈ 4097.75 ਲੱਖ ਰੁਪਏ ਦੀ ਮਿਲੀ ਪ੍ਰਸ਼ਾਸਕੀ ਮਨਜ਼ੂਰੀ : ਮਹੀਪਾਲ ਢਾਂਡਾ

ਗੁਰੂਗ੍ਰਾਮ ਦੀ ਤਸਵੀਰ ਬਦਲਣ ਲਈ ਅਧਿਕਾਰੀ ਮਿਸ਼ਨ ਮੋਡ ਵਿੱਚ ਕੰਮ ਕਰਨ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਵਣ ਵਿਭਾਗ ਦੀਆਂ 831 ਅਸਾਮੀਆਂ ਲਈ ਪੀਐਸਟੀ 23 ਨਵੰਬਰ ਤੋਂ, 16,424 ਉਮੀਦਵਾਰ ਹੋਣਗੇ ਸ਼ਾਮਲ

ਮੱਛੀ ਪਾਲਣ ਲਈ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਦਿੱਤੇ ਜਾ ਰਹੇ ਹਨ ਕਈ ਲਾਭ

ਕੈਬਨਿਟ ਮੰਤਰੀ ਵਿਪੁਲ ਗੋਇਲ ਨੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ

ਮਹਾਰਿਸ਼ੀ ਕਸ਼ਯਪ ਦੇ ਆਦਰਸ਼ਾਂ ਅਤੇ ਵਿਚਾਰਾਂ ਤੋਂ ਸਮਾਜ ਨੂੰ ਏਕਤਾ, ਸਦਭਾਵਨਾ ਅਤੇ ਸੇਵਾ ਦੀ ਪ੍ਰੇਰਣਾ ਮਿਲਦੀ ਹੈ : ਰਾਓ ਨਰਬੀਰ ਸਿੰਘ

ਕਾਲਾਂਵਾਲੀ ਦੇ ਵਿਕਾਸ ਨੂੰ ਮਿਲੇਗੀ ਨਵੀਂ ਰਫ਼ਤਾਰ, ਮੁੱਖ ਮੰਤਰੀ ਨੇ ਇੱਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ

ਵਿਕਾਸ ਕਾਰਜਾਂ ਵਿੱਚ ਲਾਪਰਵਾਹੀ ’ਤੇ ਮੁੱਖ ਮੰਤਰੀ ਸਖ਼ਤ, ਕਾਰਜਕਾਰੀ ਇੰਜੀਨੀਅਰ, ਐਮ.ਈ. ਅਤੇ ਜੇ.ਈ. ਨੂੰ ਮੁਅੱਤਲ ਕਰਨ ਦੇ ਨਿਰਦੇਸ਼