ਮੁੱਖ ਮੰਤਰੀ ਨੇ ਕਿਹਾ, ਸਫ਼ਾਈ ਅਤੇ ਸੀਐਂਡਡੀ ਵੇਸਟ ਪ੍ਰਬੰਧਨ ਲਈ ਮਾਈਕ੍ਰੋ ਮੈਨੇਜਮੈਂਟ ਪੱਧਰ 'ਤੇ ਕਰਨ ਕੰਮ
ਸੀਐਂਡਡੀ ਵੇਸਟ ਦੇ ਆਰਜ਼ੀ ਭੰਡਾਰਨ ਲਈ ਜ਼ਿਲ੍ਹੇ ਵਿੱਚ 10 ਥਾਵਾਂ 'ਤੇ ਇੱਕ-ਇੱਕ ਹੈਕਟੇਅਰ ਜ਼ਮੀਨ ਕੀਤੀ ਜਾਵੇਗੀ ਚਿੰਨ੍ਹਿਤ
ਸ਼ਹਿਰ ਵਿੱਚ ਕਿਤੇ ਵੀ ਧੂੜ ਨਾ ਉੱਡਣ ਦਿੱਤੀ ਜਾਵੇ, ਗ੍ਰੀਨ ਬੈਲਟ ਅਤੇ ਫੁੱਟਪਾਥਾਂ ਦਾ ਕੀਤਾ ਜਾਵੇ ਬਿਹਤਰ ਰੱਖ-ਰਖਾਅ - ਮੁੱਖ ਮੰਤਰੀ
ਮੁੱਖ ਮੰਤਰੀ ਨੇ ਦਿੱਤੇ ਨਿਰਦੇਸ਼, ਪੀਣ ਵਾਲੇ ਪਾਣੀ, ਸੜਕਾਂ ਅਤੇ ਸੀਵਰੇਜ ਦੇ ਮਿਸਿੰਗ ਲਿੰਕ ਪ੍ਰੋਜੈਕਟਾਂ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕਰਨ ਅਧਿਕਾਰੀ
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਮੰਗਲਵਾਰ ਨੂੰ ਗੁਰੂਗ੍ਰਾਮ ਵਿੱਚ ਗੁਰੂਗ੍ਰਾਮ ਮਹਾਨਗਰ ਵਿਕਾਸ ਅਥਾਰਟੀ (ਜੀਐੱਮਡੀਏ) ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕਰਦਿਆਂ ਸ਼ਹਿਰ ਦੀ ਸਫ਼ਾਈ ਵਿਵਸਥਾ, ਸੀਐਂਡਡੀ ਵੇਸਟ (ਨਿਰਮਾਣ ਅਤੇ ਢਾਹੁਣ ਤੋਂ ਨਿਕਲਣ ਵਾਲਾ ਕੂੜਾ) ਦੇ ਪ੍ਰਬੰਧਨ, ਜਲ ਭਰਾਅ ਦੀ ਰੋਕਥਾਮ, ਸੜਕਾਂ, ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਮਿਸਿੰਗ ਲਿੰਕ ਪ੍ਰੋਜੈਕਟਾਂ ਸਮੇਤ ਵੱਖ-ਵੱਖ ਵਿਕਾਸ ਕਾਰਜਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗੁਰੂਗ੍ਰਾਮ ਦੀਆਂ ਵਿਵਸਥਾਵਾਂ ਵਿੱਚ ਜ਼ਮੀਨੀ ਪੱਧਰ 'ਤੇ ਸਪੱਸ਼ਟ ਬਦਲਾਅ ਦਿਖਾਈ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਵਿਕਾਸ ਕਾਰਜਾਂ ਲਈ ਬਜਟ ਦੀ ਕੋਈ ਕਮੀ ਨਹੀਂ ਹੈ। ਅਧਿਕਾਰੀ ਪੂਰੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਵਚਨਬੱਧਤਾ ਨਾਲ ਸਰਕਾਰ ਦੀਆਂ ਯੋਜਨਾਵਾਂ ਅਤੇ ਵਿਕਾਸ ਕਾਰਜਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ। ਉਨ੍ਹਾਂ ਨੂੰ ਸਿਰਫ਼ ਕਾਰਜਾਂ ਦੀ ਪ੍ਰਗਤੀ ਰਿਪੋਰਟ ਹੀ ਨਹੀਂ, ਸਗੋਂ ਉਨ੍ਹਾਂ ਦੇ ਅਸਲ ਨਤੀਜੇ ਵੀ ਦਿਖਾਈ ਦੇਣੇ ਚਾਹੀਦੇ ਹਨ।
ਮੀਟਿੰਗ ਵਿੱਚ ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ, ਪਟੌਦੀ ਦੀ ਵਿਧਾਇਕਾ ਬਿਮਲਾ ਚੌਧਰੀ, ਸੋਹਨਾ ਦੇ ਵਿਧਾਇਕ ਤੇਜਪਾਲ ਤੰਵਰ ਅਤੇ ਗੁਰੂਗ੍ਰਾਮ ਦੇ ਵਿਧਾਇਕ ਮੁਕੇਸ਼ ਸ਼ਰਮਾ, ਹਰਿਆਣਾ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਧਾਨ ਸਲਾਹਕਾਰ ਡੀ.ਐੱਸ. ਢੇਸੀ, ਮੁੱਖ ਮੰਤਰੀ ਦੇ ਉਪ ਪ੍ਰਧਾਨ ਸਕੱਤਰ ਡਾ. ਯਸ਼ਪਾਲ ਯਾਦਵ ਅਤੇ ਸ਼ਹਿਰੀ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਧਾਨ ਸਕੱਤਰ ਅਸ਼ੋਕ ਕੁਮਾਰ ਮੀਣਾ ਵੀ ਮੌਜੂਦ ਰਹੇ।
ਸਫ਼ਾਈ ਅਤੇ ਸੀਐਂਡਡੀ ਵੇਸਟ ਪ੍ਰਬੰਧਨ ਲਈ ਮਾਈਕ੍ਰੋ ਮੈਨੇਜਮੈਂਟ ਪੱਧਰ 'ਤੇ ਕਰਨ ਕੰਮ
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਸੀਐਂਡਡੀ ਵੇਸਟ ਦੇ ਸਹੀ ਨਿਪਟਾਰੇ ਲਈ ਅਧਿਕਾਰੀ ਮਾਈਕ੍ਰੋ ਮੈਨੇਜਮੈਂਟ ਪੱਧਰ 'ਤੇ ਕੰਮ ਕਰਨ। ਨਿਰਮਾਣ ਅਤੇ ਢਾਹੁਣ ਦੇ ਕੰਮਾਂ ਤੋਂ ਨਿਕਲਣ ਵਾਲੇ ਕੂੜੇ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਸ ਪੂਰੀ ਪ੍ਰਕਿਰਿਆ ਵਿੱਚ ਸਬੰਧਤ ਕੰਪਨੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੂੜੇ ਦਾ ਨਿਪਟਾਰਾ ਨਿਰਧਾਰਤ ਮਾਪਦੰਡਾਂ ਅਨੁਸਾਰ ਹੋਵੇ।
ਸੀਐਂਡਡੀ ਵੇਸਟ ਦੇ ਆਰਜ਼ੀ ਭੰਡਾਰਨ ਲਈ ਜ਼ਿਲ੍ਹੇ ਵਿੱਚ 10 ਥਾਵਾਂ 'ਤੇ ਇੱਕ-ਇੱਕ ਹੈਕਟੇਅਰ ਜ਼ਮੀਨ ਕੀਤੀ ਜਾਵੇਗੀ ਚਿੰਨ੍ਹਿਤ
ਮੀਟਿੰਗ ਵਿੱਚ ਜੀਐੱਮਡੀਏ ਦੇ ਸੀਈਓ ਡੀ.ਕੇ. ਬੇਹੇਰਾ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਸੀਐਂਡਡੀ ਵੇਸਟ ਦੇ ਸੁਚੱਜੇ ਪ੍ਰਬੰਧਨ ਸਬੰਧੀ ਨਾਗਰਿਕਾਂ ਨਾਲ ਮੀਟਿੰਗ ਕੀਤੀ ਗਈ ਸੀ। ਮੀਟਿੰਗ ਵਿੱਚ ਨਾਗਰਿਕਾਂ ਤੋਂ ਪ੍ਰਾਪਤ ਸੁਝਾਵਾਂ ਦੇ ਆਧਾਰ 'ਤੇ ਜ਼ਿਲ੍ਹੇ ਵਿੱਚ 10 ਵੱਖ-ਵੱਖ ਥਾਵਾਂ 'ਤੇ ਇੱਕ-ਇੱਕ ਹੈਕਟੇਅਰ ਜ਼ਮੀਨ ਚਿੰਨ੍ਹਿਤ ਕਰਨ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਥਾਵਾਂ 'ਤੇ ਨਿਰਮਾਣ ਅਤੇ ਢਾਹੁਣ ਦੇ ਕੰਮਾਂ ਤੋਂ ਨਿਕਲਣ ਵਾਲੇ ਕੂੜੇ ਨੂੰ ਆਰਜ਼ੀ ਤੌਰ 'ਤੇ ਇਕੱਠਾ ਕੀਤਾ ਜਾਵੇਗਾ। ਇਸ ਲਈ ਨਿਰਧਾਰਤ ਜ਼ਮੀਨ ਨੂੰ ਚਾਰੇ ਪਾਸਿਓਂ ਕਵਰ (ਚਾਰਦੀਵਾਰੀ ਜਾਂ ਵਾੜਬੰਦੀ) ਕੀਤਾ ਜਾਵੇਗਾ, ਤਾਂ ਜੋ ਕੂੜਾ ਬੇਕਾਬੂ ਢੰਗ ਨਾਲ ਨਾ ਫੈਲੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਗੰਦਗੀ ਅਤੇ ਪ੍ਰਦੂਸ਼ਣ ਦੀ ਸਮੱਸਿਆ ਪੈਦਾ ਨਾ ਹੋਵੇ। ਇਸ ਵਿਵਸਥਾ ਨਾਲ ਸੀਐਂਡਡੀ ਵੇਸਟ ਦੇ ਇਕੱਠੇ ਕਰਨ ਅਤੇ ਅੱਗੇ ਉਸ ਦੇ ਵਿਗਿਆਨਕ ਨਿਪਟਾਰੇ ਦੀ ਪ੍ਰਕਿਰਿਆ ਨੂੰ ਸੁਚੱਜਾ ਬਣਾਇਆ ਜਾ ਸਕੇਗਾ। ਮੁੱਖ ਮੰਤਰੀ ਨੇ ਸੀਐਂਡਡੀ ਵੇਸਟ ਦੇ ਲੰਬੇ ਸਮੇਂ ਲਈ ਅਤੇ ਸੁਚੱਜੇ ਨਿਪਟਾਰੇ ਵਾਸਤੇ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਨੇੜੇ ਜ਼ਿਲ੍ਹੇ ਵਿੱਚ ਲਗਭਗ 500 ਏਕੜ ਜ਼ਮੀਨ ਚਿੰਨ੍ਹਿਤ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਭਵਿੱਖ ਵਿੱਚ ਗੁਰੂਗ੍ਰਾਮ, ਮਾਨੇਸਰ ਅਤੇ ਫਰੀਦਾਬਾਦ ਦੇ ਸੀਐਂਡਡੀ ਵੇਸਟ ਦਾ ਇੱਥੇ ਨਿਪਟਾਰਾ ਕੀਤਾ ਜਾ ਸਕੇ।
ਦਿੱਲੀ ਤੋਂ ਗੈਰ-ਕਾਨੂੰਨੀ ਢੰਗ ਨਾਲ ਸੀਐਂਡਡੀ ਵੇਸਟ ਲਿਆਉਣ ਵਾਲਿਆਂ 'ਤੇ ਲੱਗੇਗਾ ਭਾਰੀ ਜੁਰਮਾਨਾ
ਮੀਟਿੰਗ ਵਿੱਚ ਦਿੱਲੀ ਤੋਂ ਗੁਰੂਗ੍ਰਾਮ ਵਿੱਚ ਗੈਰ-ਕਾਨੂੰਨੀ ਢੰਗ ਨਾਲ ਸੀਐਂਡਡੀ ਵੇਸਟ ਲਿਆਉਣ ਵਾਲੇ ਵਾਹਨਾਂ ਦਾ ਮੁੱਦਾ ਵੀ ਪ੍ਰਮੁੱਖਤਾ ਨਾਲ ਉਠਾਇਆ ਗਿਆ। ਇਸ ਸਬੰਧ ਵਿੱਚ ਸੀਪੀ ਸ਼ਿਵਾਸ ਕਵੀਰਾਜ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ ਅਜਿਹੀਆਂ 12 ਗੱਡੀਆਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਸਬੰਧਤ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਕਾਰਵਾਈ ਕੀਤੀ ਗਈ ਹੈ। ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਇਸ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਵਾਲਿਆਂ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਗਾਈ ਜਾਵੇ। ਸਬੰਧਤ ਮਾਰਗਾਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਦੋਸ਼ੀਆਂ 'ਤੇ ਭਾਰੀ ਜੁਰਮਾਨਾ ਲਗਾਇਆ ਜਾਵੇ। ਉਨ੍ਹਾਂ ਕਿਹਾ ਕਿ ਗੁਰੂਗ੍ਰਾਮ ਦੀ ਸਫ਼ਾਈ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬਾਹਰੋਂ ਕੂੜਾ ਲਿਆ ਕੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸ਼ਹਿਰ ਵਿੱਚ ਕਿਤੇ ਵੀ ਧੂੜ ਨਾ ਉੱਡਣ ਦਿੱਤੀ ਜਾਵੇ, ਗ੍ਰੀਨ ਬੈਲਟ ਅਤੇ ਫੁੱਟਪਾਥਾਂ ਦਾ ਕੀਤਾ ਜਾਵੇ ਬਿਹਤਰ ਰੱਖ-ਰਖਾਅ
ਮੁੱਖ ਮੰਤਰੀ ਨੇ ਸ਼ਹਿਰ ਦੀ ਸਫ਼ਾਈ ਅਤੇ ਸੁੰਦਰੀਕਰਨ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਗੁਰੂਗ੍ਰਾਮ ਵਿੱਚ ਕਿਤੇ ਵੀ ਧੂੜ ਉੱਡਦੀ ਹੋਈ ਦਿਖਾਈ ਨਹੀਂ ਦੇਣੀ ਚਾਹੀਦੀ। ਸੜਕਾਂ ਦੇ ਕਿਨਾਰਿਆਂ 'ਤੇ ਸਥਿਤ ਗ੍ਰੀਨ ਬੈਲਟ ਵਿੱਚ ਘਾਹ ਲਗਾਈ ਜਾਵੇ ਅਤੇ ਉਨ੍ਹਾਂ ਦਾ ਨਿਯਮਿਤ ਰੱਖ-ਰਖਾਅ ਯਕੀਨੀ ਬਣਾਇਆ ਜਾਵੇ। ਫੁੱਟਪਾਥਾਂ 'ਤੇ ਟਾਈਲਾਂ ਦੀ ਥਾਂ ਸੁਚੱਜੀਆਂ ਅਤੇ ਟਿਕਾਊ ਪਲੇਟਾਂ ਲਗਾਉਣ ਦੇ ਨਾਲ-ਨਾਲ ਪ੍ਰਮੁੱਖ ਸੜਕਾਂ ਦੇ ਕਿਨਾਰਿਆਂ 'ਤੇ ਬਿਹਤਰ ਫੁੱਟਪਾਥ ਵਿਕਸਿਤ ਕਰਨ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਅਤੇ ਜਨਤਕ ਥਾਵਾਂ ਦਾ ਸਰੂਪ ਸੁਚੱਜਾ ਅਤੇ ਆਕਰਸ਼ਕ ਹੋਣਾ ਚਾਹੀਦਾ ਹੈ। ਇਸ ਲਈ ਸਬੰਧਤ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ।
ਮੁੱਖ ਮੰਤਰੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਸ਼ਹਿਰ ਦੀ ਮੌਜੂਦਾ ਸਫ਼ਾਈ ਵਿਵਸਥਾ ਦੀ ਜਾਣਕਾਰੀ ਲੈਂਦਿਆਂ ਕਿਹਾ ਕਿ ਸਫ਼ਾਈ ਕਾਰਜਾਂ ਲਈ ਜਿਨ੍ਹਾਂ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਉਨ੍ਹਾਂ ਦੀ ਹਾਜ਼ਰੀ ਅਤੇ ਕੰਮ ਦੀ ਨਿਯਮਿਤ ਨਿਗਰਾਨੀ ਕੀਤੀ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਨਿਰਧਾਰਤ ਗਿਣਤੀ ਵਿੱਚ ਸਫ਼ਾਈ ਕਰਮਚਾਰੀ ਜ਼ਮੀਨੀ ਪੱਧਰ 'ਤੇ ਮੌਜੂਦ ਰਹਿ ਕੇ ਆਪਣੀ ਜ਼ਿੰਮੇਵਾਰੀ ਨਿਭਾਉਣ। ਸ਼ਹਿਰ ਦੀ ਹਰੇਕ ਪ੍ਰਮੁੱਖ ਸੜਕ ਲਈ ਇੱਕ ਅਧਿਕਾਰੀ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇ, ਤਾਂ ਜੋ ਸਫ਼ਾਈ ਵਿਵਸਥਾ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਹੋਣ 'ਤੇ ਜਵਾਬਦੇਹੀ ਤੈਅ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸਫ਼ਾਈ ਸਿਰਫ਼ ਮੁਹਿੰਮ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਇਹ ਸ਼ਹਿਰ ਦੀ ਨਿਯਮਿਤ ਵਿਵਸਥਾ ਦਾ ਹਿੱਸਾ ਬਣਨੀ ਚਾਹੀਦੀ ਹੈ।
ਪੀਣ ਵਾਲੇ ਪਾਣੀ, ਸੜਕਾਂ ਅਤੇ ਸੀਵਰੇਜ ਦੇ ਮਿਸਿੰਗ ਲਿੰਕ ਪ੍ਰੋਜੈਕਟਾਂ ਨੂੰ ਤਰਜੀਹ ਦੇ ਆਧਾਰ 'ਤੇ ਪੂਰਾ ਕਰਨ ਅਧਿਕਾਰੀ
ਮੁੱਖ ਮੰਤਰੀ ਨੇ ਜੀਐੱਮਡੀਏ ਦੇ ਸੜਕਾਂ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਸੀਵਰੇਜ ਨੈੱਟਵਰਕ ਨਾਲ ਸਬੰਧਤ ਮਿਸਿੰਗ ਲਿੰਕ ਪ੍ਰੋਜੈਕਟਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਨ੍ਹਾਂ ਪ੍ਰੋਜੈਕਟਾਂ ਨੂੰ ਤਰਜੀਹ ਦੇ ਆਧਾਰ 'ਤੇ ਤੇਜ਼ੀ ਨਾਲ ਪੂਰਾ ਕੀਤਾ ਜਾਵੇ। ਪੀਣ ਵਾਲੇ ਪਾਣੀ ਦੀ ਸਪਲਾਈ ਦੇ ਮੁੱਖ ਨੈੱਟਵਰਕ ਨਾਲ ਰਹਿ ਗਏ ਲਿੰਕਾਂ ਨੂੰ ਜੋੜ ਕੇ ਸ਼ਹਿਰ ਵਿੱਚ ਨਿਰਵਿਘਨ ਜਲ ਸਪਲਾਈ ਯਕੀਨੀ ਬਣਾਈ ਜਾਵੇ। ਇਸੇ ਤਰ੍ਹਾਂ ਸੜਕ ਨੈੱਟਵਰਕ ਵਿੱਚ ਜਿੱਥੇ ਵੀ ਸੰਪਰਕ ਦੀ ਘਾਟ ਹੈ, ਉੱਥੇ ਮਿਸਿੰਗ ਲਿੰਕ ਵਿਕਸਿਤ ਕਰਕੇ ਆਵਾਜਾਈ ਨੂੰ ਸੁਖਾਲਾ ਬਣਾਇਆ ਜਾਵੇ। ਉਨ੍ਹਾਂ ਸੀਵਰੇਜ ਨੈੱਟਵਰਕ ਦੇ ਅਧੂਰੇ ਲਿੰਕਾਂ ਨੂੰ ਵੀ ਜਲਦੀ ਜੋੜਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਸੀਵਰੇਜ ਅਤੇ ਜਲ ਨਿਕਾਸੀ ਦੀ ਵਿਵਸਥਾ ਸੁਚਾਰੂ ਬਣੀ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪ੍ਰੋਜੈਕਟਾਂ ਵਿੱਚ ਜ਼ਮੀਨ ਦੀ ਉਪਲਬਧਤਾ ਰੁਕਾਵਟ ਬਣ ਰਹੀ ਹੈ, ਉੱਥੇ ਅਧਿਕਾਰੀ ਲੈਂਡ ਐਕਸਚੇਂਜ ਸਮੇਤ ਹੋਰ ਵਿਹਾਰਕ ਵਿਕਲਪਾਂ 'ਤੇ ਕੰਮ ਕਰਦਿਆਂ ਹੱਲ ਕੱਢਣ। ਸ਼ਹਿਰ ਦੀ ਵਧਦੀ ਆਬਾਦੀ ਅਤੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਬੁਨਿਆਦੀ ਸਹੂਲਤਾਂ ਦਾ ਮਜ਼ਬੂਤ ਅਤੇ ਸੁਚੱਜਾ ਢਾਂਚਾ ਤਿਆਰ ਕੀਤਾ ਜਾਵੇ।
ਪ੍ਰਮੁੱਖ ਚੌਕਾਂ ਅਤੇ ਚੌਰਾਹਿਆਂ ਦੇ ਸੁੰਦਰੀਕਰਨ ਦੀ ਜ਼ਿੰਮੇਵਾਰੀ ਖ਼ੁਦ ਲੈਣ ਸੰਯੁਕਤ ਕਮਿਸ਼ਨਰ
ਮੀਟਿੰਗ ਵਿੱਚ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਸੁਝਾਅ ਦਿੱਤਾ ਕਿ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਆਪਣੇ-ਆਪਣੇ ਖੇਤਰਾਂ ਦੇ ਪ੍ਰਮੁੱਖ ਚੌਕਾਂ ਅਤੇ ਚੌਰਾਹਿਆਂ ਦੇ ਸੁੰਦਰੀਕਰਨ ਦੀ ਜ਼ਿੰਮੇਵਾਰੀ ਖ਼ੁਦ ਲੈਣ। ਚੌਕਾਂ ਅਤੇ ਚੌਰਾਹਿਆਂ 'ਤੇ ਸਾਫ਼-ਸਫ਼ਾਈ, ਹਰਿਆਲੀ, ਉਚਿਤ ਲਾਈਟਿੰਗ ਅਤੇ ਸੁਚੱਜਾ ਰੱਖ-ਰਖਾਅ ਯਕੀਨੀ ਬਣਾਇਆ ਜਾਵੇ। ਇਸ ਨਾਲ ਸ਼ਹਿਰ ਦੀ ਸੁੰਦਰਤਾ ਵਧਣ ਦੇ ਨਾਲ-ਨਾਲ ਨਾਗਰਿਕਾਂ ਨੂੰ ਵੀ ਬਿਹਤਰ ਜਨਤਕ ਸਹੂਲਤਾਂ ਮਿਲਣਗੀਆਂ।
ਬੇਸਹਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਭੇਜਣ ਦੀ ਕਾਰਵਾਈ ਜਾਰੀ ਰੱਖਣ
ਮੀਟਿੰਗ ਵਿੱਚ ਸ਼ਹਿਰ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ 'ਤੇ ਵੀ ਚਰਚਾ ਹੋਈ। ਗੁਰੂਗ੍ਰਾਮ ਨਗਰ ਨਿਗਮ ਦੇ ਕਮਿਸ਼ਨਰ ਡਾ. ਪੰਕਜ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਹੁਣ ਤੱਕ ਲਗਭਗ 250 ਤੋਂ ਵੱਧ ਬੇਸਹਾਰਾ ਗਊਵੰਸ਼ ਨੂੰ ਫੜ ਕੇ ਗਊਸ਼ਾਲਾਵਾਂ ਵਿੱਚ ਭੇਜਿਆ ਜਾ ਚੁੱਕਾ ਹੈ। ਇਸ ਦੌਰਾਨ ਕੁਝ ਥਾਵਾਂ 'ਤੇ ਪਸ਼ੂਆਂ ਨੂੰ ਫੜਨ ਵਾਲੀਆਂ ਟੀਮਾਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਦਾ ਮਾਮਲਾ ਵੀ ਸਾਹਮਣੇ ਆਇਆ। ਮੁੱਖ ਮੰਤਰੀ ਨੇ ਅਜਿਹੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈਂਦਿਆਂ ਨਿਰਦੇਸ਼ ਦਿੱਤੇ ਕਿ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਅਤੇ ਕਰਮਚਾਰੀਆਂ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਪਸ਼ੂਆਂ ਦੀ ਸੁਰੱਖਿਆ ਅਤੇ ਸ਼ਹਿਰ ਦੀ ਵਿਵਸਥਾ ਬਣਾਈ ਰੱਖਣ ਲਈ ਨਿਰਧਾਰਤ ਨਿਯਮਾਂ ਅਨੁਸਾਰ ਕਾਰਵਾਈ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ।
ਮੀਟਿੰਗ ਵਿੱਚ ਫਰੀਦਾਬਾਦ ਨਗਰ ਨਿਗਮ ਦੇ ਕਮਿਸ਼ਨਰ ਯਸ਼ੇਂਦਰ ਸਿੰਘ, ਡੀਸੀ ਉੱਤਮ ਸਿੰਘ, ਜੀਐਮਡੀਏ ਦੇ ਵਧੀਕ ਸੀਈਓ ਮੁਹੰਮਦ ਇਮਰਾਨ ਰਜ਼ਾ, ਗੁਰੂਗ੍ਰਾਮ ਨਗਰ ਨਿਗਮ ਦੇ ਵਧੀਕ ਕਮਿਸ਼ਨਰ ਯਸ਼ ਜਲੂਕਾ ਅਤੇ ਰਵਿੰਦਰ ਯਾਦਵ ਸਮੇਤ ਜੀਐਮਡੀਏ ਅਤੇ ਨਗਰ ਨਿਗਮ ਗੁਰੂਗ੍ਰਾਮ ਦੇ ਵੱਖ-ਵੱਖ ਅਧਿਕਾਰੀ ਮੌਜੂਦ ਰਹੇ।