ਖਰੜ : ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਹਾਲੀ ਜ਼ਿਲ੍ਹੇ ਦੇ ਨਵੇਂ ਨਿਯੁਕਤ ਕੋਰ ਕਮੇਟੀ ਮੈਂਬਰ ਪਰਮਿੰਦਰ ਸਿੰਘ ਭਾਟੀਆ ਅਤੇ ਕੋਰ ਕਮੇਟੀ ਮੈਂਬਰ ਐਡਵੋਕੇਟ ਸੁਖਵੀਰ ਕੌਰ ਗਿੱਲ ਨੇ ਅੱਜ ਮੁਹਾਲੀ ਦੇ ਪਿੰਡ ਨਵਾਂ ਸ਼ਹਿਰ ਬਡਾਲਾ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਦੌਰਾ ਕਰਕੇ ਸਕੂਲ ਵਿੱਚ ਉਪਲਬਧ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਪੜ੍ਹਾਈ ਦੇ ਕਮਰਿਆਂ, ਪੀਣ ਵਾਲੇ ਪਾਣੀ, ਟਾਇਲਟਾਂ, ਖੇਡ ਮੈਦਾਨ ਅਤੇ ਹੋਰ ਪ੍ਰਬੰਧਾਂ ਦਾ ਨਿਰੀਖਣ ਕੀਤਾ ਅਤੇ ਕੁਝ ਕਮੀਆਂ ਸਬੰਧੀ ਆਪਣੇ ਸੁਝਾਅ ਵੀ ਦਿੱਤੇ ਤੇ ਕਿਹਾ ਕਿ ਕਮਿਸ਼ਨ ਵੱਲੋਂ ਸਮੁੱਚੇ ਪੰਜਾਬ ਵਿੱਚ ਸਕੂਲਾਂ, ਹਸਪਤਾਲਾਂ, ਨਗਰ ਕੌਂਸਲਾਂ ਅਤੇ ਹੋਰ ਸਰਕਾਰੀ ਦਫ਼ਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਗਿਆਰਵੀਂ ਅਤੇ ਬਾਰਹਵੀਂ ਜਮਾਤ ਦੇ ਕਰੀਬ 160 ਵਿਦਿਆਰਥੀਆਂ ਨੂੰ ਮੁਫ਼ਤ ਸਕੂਲੀ ਬੈਗ ਵੰਡੇ ਗਏ। ਪਰਮਿੰਦਰ ਸਿੰਘ ਭਾਟੀਆ ਨੇ ਭਾਰਤ ਦੇ ਸੰਵਿਧਾਨ ਵਿੱਚ ਦਿੱਤੇ ਗਏ ਮੌਲਿਕ ਅਧਿਕਾਰਾਂ ਅਤੇ ਨਾਗਰਿਕ ਫ਼ਰਜ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਨਿਡਰ ਹੋ ਕੇ ਆਪਣੀ ਗੱਲ ਰੱਖਣ, ਕਿਸੇ ਵੀ ਤਰ੍ਹਾਂ ਦੀ ਸਮੱਸਿਆ, ਮਾਨਸਿਕ ਦਬਾਅ ਜਾਂ ਸ਼ੋਸ਼ਣ ਦੀ ਸਥਿਤੀ ਵਿੱਚ ਆਪਣੇ ਮਾਪਿਆਂ ਅਤੇ ਅਧਿਆਪਕਾਂ ਨਾਲ ਜ਼ਰੂਰ ਗੱਲਬਾਤ ਕਰਨ ਲਈ ਪ੍ਰੇਰਿਤ ਕੀਤਾ। ਐਡਵੋਕੇਟ ਸੁਖਵੀਰ ਕੌਰ ਗਿੱਲ ਨੇ ਖ਼ਾਸ ਤੌਰ ’ਤੇ ਵਿਦਿਆਰਥਣਾਂ ਨੂੰ ਮਨੁੱਖੀ ਅਧਿਕਾਰਾਂ, ਸਿੱਖਿਆ ਦੇ ਅਧਿਕਾਰ, ਬੋਲਣ ਦੀ ਆਜ਼ਾਦੀ, 18 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਵੋਟ ਦੇ ਅਧਿਕਾਰ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਾਗਰੂਕ ਅਤੇ ਆਪਣੇ ਅਧਿਕਾਰਾਂ ਪ੍ਰਤੀ ਸਚੇਤ ਨੌਜਵਾਨ ਹੀ ਦੇਸ਼ ਨੂੰ ਹੋਰ ਮਜ਼ਬੂਤ ਅਤੇ ਵਿਕਸਤ ਬਣਾ ਸਕਦੇ ਹਨ।